May 24, 2024

20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ , ਵਿਜੀਲੈਂਸ ਬਿਊਰੋ ਵਲੋਂ ਰੰਗੇ ਹੱਥੀ ਗ੍ਰਿਫਤਾਰ

0

ਹੁਸ਼ਿਆਰਪੁਰ, 12 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:


ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਲੋਂ ਸਥਾਨਕ ਐਂਟੀ ਹਿਊਮਨ ਟਰੈਫਕਿੰਗ ਯੂਨਿਟ ਦੇ ਏ.ਐਸ.ਆਈ ਪਵਨ ਕੁਮਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।


ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿਲੋਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਕਰਤਾ ਮਨਿੰਦਰ ਕੁਮਾਰ ਸ਼ਰਮਾ ਵਾਸੀ ਬਾਹਟੀਵਾਲ ਥਾਣਾ ਗੜ੍ਹਦੀਵਾਲ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅੱਜ ਡੀ.ਐਸ.ਪੀ. ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਨਿਰੰਜਣ ਸਿੰਘ ਦੀ ਨਿਗਰਾਨੀ ਹੇਠ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਦਾ ਜੋਤਿਸ਼ ਦਾ ਕੰਮ ਹੈ ਅਤੇ ਰਜਿੰਦਰ ਸਿੰਘ ਵਾਸੀ ਨੰਦਾਚੋਰ, ਗੁਰਚਰਨ ਸਿੰਘ ਵਾਸੀ ਮਾਹਕੋਟ ਜ਼ਿਲ੍ਹਾ ਮੋਗਾ ਉਸਦੇ ਦੋਸਤ ਹਨ। ਰਜਿੰਦਰ ਸਿੰਘ ਕੋਲ 2012 ਮਾਡਲ ਇਕ ਵਰਨਾ ਕਾਰ ਸੀ ਜਿਸਦਾ ਸੌਦਾ ਉਸਨੇ 7 ਲੱਖ ਰੁਪਏ ਵਿੱਚ ਗੁਰਚਰਨ ਸਿੰਘ ਨਾਲ ਕੀਤਾ ਅਤੇ 2 ਲੱਖ ਰੁਪਏ ਟੋਕਨ ਮਨੀ ਵਜੋਂ ਰਜਿੰਦਰ ਸਿੰਘ ਦੇ ਖਾਤੇ ਵਿੱਚ ਆਰ.ਟੀ.ਜੀ.ਐਸ. ਰਾਹੀਂ ਟਰਾਂਸਫਰ ਕਰਨੀ ਸੀ ਪਰ ਕਿਸੇ ਕਾਰਨ ਇਹ ਪੈਸੇ ਟਰਾਂਸਫਰ ਨਹੀਂ ਹੋਏ।

ਰਜਿੰਦਰ ਸਿੰਘ ਨੇ ਗੁਰਚਰਨ ਸਿੰਘ ਨੂੰ ਕਿਹਾ ਕਿ ਇਹ ਪੈਸੇ ਸ਼ਿਕਾਇਤ ਕਰਤਾ ਮਨਿੰਦਰ ਕੁਮਾਰ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣ ਜੋ ਕਿ ਉਸਨੇ ਭੇਜ ਦਿੱਤੇ ਅਤੇ ਸ਼ਿਕਾਇਤ ਕਰਤਾ ਨੇ ਅੱਗੇ ਇਹ ਰਕਮ ਰਜਿੰਦਰ ਸਿੰਘ ਦੇ ਬੈਂਕ ਖਾਤੇ ਵਿੱਚ ਉਸੇ ਦਿਨ ਟਰਾਂਸਫਰ ਕਰ ਦਿੱਤੀ। ਇਸ ਉਪਰੰਤ ਰਜਿੰਦਰ ਸਿੰਘ ਨੇ ਨਾ ਤਾਂ ਗੱਡੀ ਵੇਚੀ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ’ਤੇ ਗੁਰਚਰਨ ਸਿੰਘ ਨੇ ਸ਼ਿਕਾਇਤ ਕਰਤਾ ਦੇ ਖਿਲਾਫ ਮਨੁੱਖੀ ਤਸਕਰੀ ਸਬੰਧੀ ਇਕ ਦਰਖਾਸਤ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਦਿੱਤੀ ਜੋ ਪੜਤਾਲ ਲਈ ਆਰਥਿਕ ਅਪਰਾਧ ਸ਼ਾਖਾ-2 ਨੂੰ ਭੇਜੀ ਗਈ।


ਰਜਿੰਦਰ ਸਿੰਘ ਅਤੇ ਗੁਰਚਰਨ ਸਿੰਘ ਦਾ 2 ਲੱਖ ਰੁਪਏ ਲੈਣ ਦੇਣ ਸਬੰਧੀ ਪਿੰਡ ਦੇ ਮੋਹਤਬਰਾਂ/ਪੰਚਾਇਤ ਦੀ ਹਾਜ਼ਰੀ ਵਿੱਚ ਰਾਜੀਨਾਮਾ ਹੋ ਗਿਆ ਜਿਸ ਦੀ ਕਾਪੀ ਆਰਥਿਕ ਅਪਰਾਧ ਸ਼ਾਖਾ ਦੇ ਏ.ਐਸ.ਆਈ ਬਲਵਿੰਦਰ ਸਿੰਘ ਦੇ ਕਹਿਣ ’ਤੇ ਸਟੈਨੋ ਨੂੰ ਸੌਂਪ ਦਿੱਤੀ ਗਈ। ਇਸ ਉਪਰੰਤ ਕਰੀਬ ਇਕ ਹਫ਼ਤਾ ਪਹਿਲਾਂ ਐਂਟੀ ਹਿਊਮਨ ਟਰੈਫਕਿੰਗ ਯੂਨਿਟ ਹੁਸ਼ਿਆਰਪੁਰ ਤੋਂ ਏ.ਐਸ.ਆਈ ਪਵਨ ਕੁਮਾਰ ਦਾ ਸ਼ਿਕਾਇਤ ਕਰਤਾ ਨੂੰ ਫੋਨ ਆਇਆ ਅਤੇ ਪਵਨ ਕੁਮਾਰ ਨੇ ਉਸਨੂੰ ਕਿਹਾ ਕਿ ਉਸ ਖਿਲਾਫ ਸ਼ਿਕਾਇਤ ਪੈਂਡਿੰਗ ਹੈ ਜਿਸ ’ਤੇ ਉਸਨੇ ਦੱਸਿਆ ਕਿ ਇਸ ਸਬੰਧੀ ਰਾਜੀਨਾਮੇ ਦੀ ਕਾਪੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਇੰਸਪੈਕਟਰ ਮਨੋਜ ਕੁਮਾਰ ਨੇ ਸ਼ਿਕਾਇਤ ਕਰਤਾ ਨੂੰ ਆ ਕੇ ਮਿਲਣ ਲਈ ਕਿਹਾ ਜਿਸ ’ਤੇ ਉਹ ਅਗਲੇ ਦਿਨ ਉਥੇ ਗਏ ਤਾਂ ਏ.ਐਸ.ਆਈ ਪਵਨ ਕੁਮਾਰ ਨੇ ਮਾਮਲਾ ਨਿਪਟਾਉਣ ਦੇ ਏਵਜ ਵਿੱਚ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਉਹ 20 ਹਜ਼ਾਰ ਰੁਪਏ ’ਤੇ ਰਾਜੀ ਹੋ ਗਿਆ।


ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਮਿਲਣ ਉਪਰੰਤ ਇੰਸਪੈਕਟਰ ਮਨਮੋਹਨ ਸਿੰਘ, ਸਬ ਇੰਸਪੈਕਟਰ ਅਜੇ ਪਾਲ ਸਿੰਘ, ਏ.ਐਸ.ਆਈਜ਼ ਜਗਰੂਪ ਸਿੰਘ, ਗੁਰਜੀਤ ਸਿੰਘ, ਰਣਜੀਤ ਸਿੰਘ, ਜਮਾਲਦੀਨ, ਅਜੀਤ ਸਿੰਘ ਆਦਿ ਦੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪਵਨ ਕੁਮਾਰ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ ਉਸ ਪਾਸੋਂ ਰਿਸ਼ਵਤ ਦੀ ਰਕਮ ਮੌਕੇ ’ਤੇ ਬਰਾਮਦ ਕੀਤੀ।
ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਰਿਸ਼ਵਤ ਰੋਕੂ ਐਕਟ ਦੀ ਧਾਰਾ 7 ਤਹਿਤ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਿੱਚ ਮਾਮਲਾ ਦਰਜ ਕੀਤਾ ਗਿਆ।

Leave a Reply

Your email address will not be published. Required fields are marked *