May 18, 2024

ਜ਼ਿਲ੍ਹੇ ’ਚ ਪ੍ਰਭਾਵਸ਼ਾਲੀ ਤੌਰ ’ਤੇ ਬਣਾਈ ਜਾ ਰਹੀ ਹੈ ਕੋਵਿਡ-19 ਦੀ ਟੈਸਟਿੰਗ ਅਤੇ ਕੰਟੈਕਟ ਟਰੇਸਿੰਗ: ਡਿਪਟੀ ਕਮਿਸ਼ਨਰ

0

*ਐਸ.ਡੀ.ਐਮਜ਼ ਨੂੰ ਕੀਤੀ ਹਦਾਇਤ, ਟੈਸਟਿੰਗ ’ਚ ਸਹਿਯੋਗ ਨਾ ਕਰਨ ਵਾਲਿਆਂ ’ਤੇ ਕੀਤੀ ਜਾਵੇ ਕਾਨੂੰਨੀ ਕਾਰਵਾਈ **ਐਸ.ਐਮ.ਓਜ਼ ਨੂੰ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ’ਚ ਆਏ ਘੱਟ ਤੋਂ ਘੱਟ 10 ਲੋਕਾਂ ਦੀ ਪਹਿਚਾਣ ਬਣਾਉਣ ਦੇ ਦਿੱਤੇ ਨਿਰਦੇਸ਼ **ਕਿਹਾ, ਸਿਹਤ ਵਿਭਾਗ ਵਲੋਂ ਜਾਰੀ ਐਸ.ਓ.ਪੀ. ਦੀ ਪਾਲਣਾ ਬਣਾਈ ਜਾਵੇ ਯਕੀਨੀ **ਡਾ. ਪਵਨ ਡਾਟਾ ਸੈਲ ਦੇ ਨੋਡਲ ਅਫ਼ਤਰ ਨਿਯੁਕਤ, ਕੋਵਿਡ-19 ਦੇ ਕੰਮ ਨੂੰ ਸੁਚਾਰੂ ਬਣਾਉਣ ਲਈ ਵੱਖ-ਵੱਖ ਕੰਮਾਂ ਲਈ ਸਿਹਤ ਅਧਿਕਾਰੀਆਂ ਨੂੰ ਦਿੱਤੀਆਂ ਵੱਖ-ਵੱਖ ਜ਼ਿੰਮੇਵਾਰੀਆਂ” **ਲੈਵਲ 1, 2 ਅਤੇ 3 ਦੇ ਹਸਪਤਾਲਾਂ ਦੀ ਜਾਣਕਾਰੀ, ਬੈਡ ਦੀ ਸੁਵਿਧਾ ਅਤੇ ਐਡਵਾਂਸ ਲਾਈਫ਼ ਸਪੋਰਟ ਐਂਬੂਲੈਂਸ ਦੀ ਜ਼ਰੂਰਤ ਲਈ ਜ਼ਿਲ੍ਹਾ ਵਾਸੀ ਕਰ ਸਕਦੇ ਹਨ 01882-252170 ਨੰਬਰ ’ਤੇ ਸੰਪਰਕ

ਹੁਸ਼ਿਆਰਪੁਰ / 30 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਜ਼ਿਲ੍ਹੇ ਵਿੱਚ ਜਿਥੇ ਟੈਸਟਿੰਗ ਨੂੰ ਵਧਾਇਆ ਗਿਆ ਹੈ ਉਥੇ ਕੰਟੈਕਟ ਟਰੇਸਿੰਗ ਨੂੰ ਵੀ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ ਅਤੇ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਅਤੇ ਸਿਹਤ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਜੇਕਰ ਟਰੇਸਿੰਗ ਨੂੰ ਲੈ ਕੇ ਕੋਈ ਸਿਹਤ ਵਿਭਾਗ ਦੀ ਟੀਮ ਨੂੰ ਸਹਿਯੋਗ ਨਹੀਂ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ ਪੰਚਾਲ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਟਰੇਸਿੰਗ ਜਾਂ ਹੋਮ ਆਈਸੋਲੇਸ਼ਨ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਤ ਐਸ.ਡੀ.ਐਮਜ਼ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਘੱਟ ਤੋਂ ਘੱਟ 10 ਲੋਕਾਂ ਦੀ ਪਹਿਚਾਣ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਡਾਟਾ ਤਿਆਰ ਕੀਤਾ ਜਾਵੇ ਤਾਂ ਜੋ ਇਨ੍ਹਾਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਕਰਨਾ ਬਹੁਤ ਮਹੱਤਵਪੂਰਨ ਕੰਮ ਹੈ। ਉਨ੍ਹਾਂ ਕਿਹਾ ਕਿ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਤੁਰੰਤ ਸੈਂਪਲ ਲੈਣਾ ਅਤੇ ਉਨ੍ਹਾਂ ਨੂੰ ਇਕਾਂਤਵਾਸ ਕਰਨਾ ਕੋਰੋਨਾ ਵਾਇਰਸ ਦੀ ਰੋਕਥਾਮ ਵਿੱਚ ਸਹਾਈ ਸਿਧ ਹੋਵੇਗਾ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣਗੇ ਕਿ ਹੋਮ ਕੁਆਰਨਟੀਮ ਮਰੀਜ ਕੋਲ ਇਕ ਥਰਮਾਮੀਟਰ, ਇਕ ਪਲਸ ਆਕਸੀਮੀਟਰ, ਵਿਟਾਮਿਨ-ਸੀ ਅਤੇ ਜਿੰਕ ਦੀਆਂ ਗੋਲੀਆਂ ਜ਼ਰੂਰ ਹੋਣ। ਡਿਪਟੀ ਕਮਿਸ਼ਨ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਕਾਂਤਵਾਸ ਮਰੀਜ਼ਾਂ ਦੀ ਸਿਹਤ ਦਾ ਲਗਾਤਾਰ ਫਾਲੋਅੱਪ ਵੀ ਲਿਆ ਜਾਵੇ। ਉਨ੍ਹਾਂ ਕੰਟੈਕਟ ਟਰੇਸਿੰਗ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਜਾਰੀ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ (ਐਸ.ਓ.ਪੀ) ਅਨੁਸਾਰ ਕਾਰਵਾਈ ਕਰਨ ਲਈ ਵੀ ਕਿਹਾ।

ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਸਬੰਧੀ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨੂੰ ਨੋਡਲ ਅਧਿਕਾਰੀਆਂ ਦੇ ਰੂਪ ਵਿੱਚ ਜ਼ਿੰਮੇਵਾਰੀ ਸੌਂਪੀ ਹੈ, ਜਿਸਦੇ ਓਵਲ ਆਲ ਇੰਚਾਰਜ ਸਿਵਲ ਸਰਜਨ ਹੋਣਗੇ। ਉਨ੍ਹਾਂ ਦੱਸਿਆ ਕਿ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਡਾਟਾ ਸੈਲ ਦੇ ਨੋਡਲ ਅਫ਼ਸਰ ਹੋਣਗੇ ਅਤੇ ਡਾ. ਹਰਿੰਦਰ ਸਿੰਘ ਕਜਲਾ ਇਸ ਸੈਲ ਦੇ ਸਹਾਇਕ ਨੋਡਲ ਅਫ਼ਸਰ ਹੋਣਗੇ। ਇਸ ਤੋਂ ਇਲਾਵਾ ਡਾ. ਲਕਸ਼ਮੀ ਕਾਂਤ ਹੋਮ ਆਈਸੋਲੇਸ਼ਨ ਅਤੇ  ਇਤਿਹਾਸ ਪੋਰਟਲ ਦੇ , ਡਾ. ਸੈਲੇਸ਼ ਕੁਮਾਰ ਕੰਟੈਕਟ ਟਰੇਸਿੰਗ ਦੇ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ ਕੋਵਿਡ ਕੇਅਰ ਸੈਂਟਰ ਅਤੇ ਆਈਸੋਲੇਸ਼ਨ ਸੈਂਟਰ ਅਤੇ ਆਈ.ਟੀ ਸੈਲ ਦੇ ਨੋਡਲ ਅਫ਼ਸਰ ਹੋਣਗੇ। ਇਸ ਕੰਮ ਵਿੱਚ ਪੂਨਮ ਅਤੇ ਜੀਵਨ ਜੋਤੀ ਉਨ੍ਹਾਂ ਨੂੰ  ਸਹਿਯੋਗ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਦੀਪ ਸਿੰਘ ਕਪੂਰ ਸੈਂਪਲਿੰਗ ਟੈਸਟਿੰਗ ਸ਼ਿਕਾਇਤ ਨੰਬਰ 104 ਅਤੇ 112 ਦੇ, ਡਾ. ਰਾਜਿੰਦਰ ਰਾਜ ਕੋਵਿਡ-19 ਤੋਂ ਹੋਣ ਵਾਲੀ ਮੌਤ ਉਸਦੀ ਸਮੀਖਿਆ, ਟਰਾਂਸਪੋਰਟੇਸ਼ਨ, ਸੰਸਕਾਰ, ਡਾਟਾ ਕਲੈਕਸ਼ਨ ਅਤੇ ਡਾ. ਗੁਰਦੀਪ ਕੌਰ ਫਲੂ ਕਾਰਨਰ (ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ) ਦੇ ਨੋਡਲ ਅਫ਼ਸਰ ਹੋਣਗੇ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਦੀ ਸੁਵਿਧਾ ਲਈ ਇਕ ਹੈਲਪਲਾਈਨ ਨੰਬਰ 01882-252170 ਜਨਤਕ ਕੀਤਾ ਜੋ ਕਿ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਦਾ ਹੈ। ਉਨ੍ਹਾਂ ਕਿਹਾ ਕਿ ਇਸ ਨੰਬਰ ’ਤੇ ਜ਼ਿਲ੍ਹਾ ਵਾਸੀ ਲੈਵਲ, 1,2 ਅਤੇ 3 ਦੇ ਹਸਪਤਾਲਾਂ ਦੀ ਜਾਣਕਾਰੀ ਅਤੇ ਇਨ੍ਹਾਂ ਹਸਪਤਾਲਾਂ ਵਿੱਚ ਬੈਡ ਦੀ ਸੁਵਿਧਾ ਬਾਰੇ ਵਿੱਚ ਪਤਾ ਕਰ ਸਕਦੇ ਹਨ। ਇਸ ਤੋਂ ਇਲਾਵਾ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਦੀ ਜ਼ਰੂਰਤ ਪੈਣ ’ਤੇ ਵੀ ਉਹ ਇਸ ਨੰਬਰ ’ਤੇ ਡਾਇਲ ਕਰਕੇ ਐਂਬੂਲੈਂਸ ਲਈ ਬੇਨਤੀ ਕਰ ਸਕਦੇ ਹਨ। ਇਸ ਦੌਰਾਨ ਐਸ.ਡੀ.ਐਮ ਹੁਸ਼ਿਆਰਪੁਰ ਅਮਿਤ ਮਹਾਜਨ, ਐਸ.ਡੀ.ਐਮ ਗੜ੍ਹਸ਼ੰਕਰ ਹਰਬੰਸ ਸਿੰਘ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ ਦਸੂਹਾ ਰਣਦੀਪ ਸਿੰਘ ਹੀਰ, ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ, ਸਿਵਲ ਸਰਜਨ ਡਾ. ਜਸਵੀਰ ਸਿੰਘ ਤੋਂ ਇਲਾਵਾ ਸਮੂਹ ਸਿਹਤ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *