May 24, 2024

ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਮ ਆਈਸੋਲੇਸ਼ਨ ਦੀ ਪਾਲਣਾ ਕਰਨ ਅਤੇ ਕੋਵਿਡ ਦੀ ਜਾਂਚ ਕਰਨ ਸਬੰਧੀ ਜਾਰੀ ਕੀਤੇ ਹੁਕਮ

0

*ਕੰਟੇਨਮੈਂਟ ਜ਼ੋਨ/ਮਾਈਕ੍ਰੋ ਕੰਟੇਨਮੈਂਟ ਜ਼ੋਨ ਦੇ ਸਾਰੇ ਨਿਵਾਸੀਆਂ ਨੂੰ ਟੈਸਟ ਲਈ ਸਿਹਤ ਕਰਮਚਾਰੀਆਂ ਨੂੰ ਸੈਂਪਲ ਦੇਣ ਦੀ ਕੀਤੀ ਹਦਾਇਤ

ਹੁਸ਼ਿਆਰਪੁਰ / 27 ਅਗਸਤ / ਨਿਊ ਸੁਪਰ ਭਾਰਤ ਨਿਊਜ

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਹੋਮ ਆਈਸੋਲੇਸ਼ਨ ਨੂੰ ਲੈ ਕੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਠਗਠ ਵਲੋਂ ਜਿਥੇ ਕੋਵਿਡ-19 ਨੂੰ ਇਕ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ ਉਥੇ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਡੇ ਪੱਧਰ ’ਤੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗੰਭੀਰ ਮਰੀਜ਼ਾਂ ਲਈ ਜਿਥੇ ਹਸਪਤਾਲਾਂ ਵਿੱਚ ਬੈਡ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ ਉਥੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੇ ਲੱਛਣਾਂ ਤੋਂ ਰਹਿਤ ਹਲਕੇ ਲੱਛਣਾਂ ਵਾਲੇ ਮਰੀਜ ਨੂੰ ਘਰ ਵਿੱਚ ਹੀ ਚੰਗੀ ਦੇਖਭਾਲ ਲਈ ਕੁਝ ਸ਼ਰਤਾਂ ’ਤੇ ਆਧਾਰਿਤ ਸਵੈ ਘੋਸ਼ਣਾ ਪੱਤਰ ਭਰ ਕੇ ਘਰ ਵਿੱਚ ਹੀ ਇਕਾਂਤਵਾਸ ਦੀ ਮਨਜੂਰੀ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਰਾਸ਼ਟਰੀ ਪੱਧਰ ਦੇ ਨਿਰਦੇਸ਼ਾਂ ਅਤੇ ਪ੍ਰੋਟੋਕੋਲ ਨੂੰ ਸਖਤੀ ਨਾਲ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਹੋਮ ਆਈਸੋਲੇਸ਼ਨ ਵਾਲੇ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਅਤੇ ਰਹਿਣ ਵਾਲਿਆਂ ਵਲੋਂ ਇਸਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਨਾਲ ਇਸ ਮਹਾਂਮਾਰੀ ਦੇ ਫੈਲਣ ਦਾ ਖਤਰਾ ਬਣ ਸਕਦਾ ਹੈ ਜੋ ਕਿ ਲੋਕਾਂ ਦੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਤਤਕਾਲ ਪ੍ਰਭਾਵ ਨਾਲ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜੇਕਰ ਉਹ ਕਿਸੇ ਪਾਜ਼ੀਟਿਵ ਮਰੀਜ ਦੇ ਸੰਪਰਕ ਵਿੱਚ ਆਏ ਹਨ ਤਾਂ ਉਹ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ, 104 ਨੰਬਰ ਡਾਇਲ ਕਰਨ ਜਾਂ ਆਪਣੇ ਨਜ਼ਦੀਕੀ ਸਰਕਾਰੀ ਹਸਪਤਾਲ ਜਾਂ ਸਿਹਤ ਅਥਾਰਟੀ ਨਾਲ 48 ਘੰਟੇ ਅੰਦਰ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਕੋਈ ਵੀ ਕੋਵਿਡ ਪਾਜ਼ੀਟਿਵ ਮਰੀਜ ਜੋ ਕਿ ਹੋਮ ਕੁਆਰਨਟੀਨ ਹੈ ਉਹ ਆਪਣਾ ਹੋਮ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੋਂ ਪਹਿਲਾਂ (ਮੈਡੀਕਲ ਐਂਮਰਜੈਂਸੀ ਨੂੰ ਛੱਡ ਕੇ) ਘਰ ਤੋਂ ਬਾਹਰ ਨਾ ਨਿਕਲੇ। ਉਨ੍ਹਾਂ ਕਿਹਾ ਕਿ ਜਿਸ ਘਰ ਦਾ ਮੈਂਬਰ ਪਾਜ਼ੀਟਿਵ ਹੈ ਅਤੇ ਹੋਮ ਕੁਆਰਨਟੀਨ ਹੈ ਉਸ ਘਰ ਦੇ ਪਰਿਵਾਰਕ ਮੈਂਬਰ ਨਾਲ ਰਹਿਣ ਵਾਲਿਆਂ (ਘਰੇਲੂ ਸਹਾਇਤਾ ਲਈ, ਰਸੋਈ ਆਦਿ) ਲਈ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ ਹੈ ਅਤੇ ਉਹ ਆਪਣੇ ਆਪ ਨੂੰ ਉਸ ਮਰੀਜ ਤੋਂ ਵੱਖਰਾ ਰੱਖਣ। ਉਹ ਆਪਣੇ ਆਪ ਨੂੰ ਪੰਜ ਦਿਨ ਲਈ ਸੈਲਫ ਕੁਆਰਨਟੀਨ ਕਰਨ ਅਤੇ ਖੁੱਦ ਦੀ ਨਿਗਰਾਨੀ ਵੀ ਕਰਨ। ਜੇਕਰ ਉਨ੍ਹਾਂ ਦੇ ਕੋਵਿਡ-19 ਦੇ ਲੱਛਣ ਦਾ ਵਿਕਾਸ ਹੁੰਦਾ ਹੈ ਤਾਂ ਉਹ ਆਪਣੀ ਜਾਂਚ ਕਰਵਾਉਣ ਅਤੇ ਨੈਗੇਟਿਵ ਟੈਸਟ ਆਉਣ ਤੋਂ ਬਾਅਦ ਹੀ ਘਰ ਨੂੰ ਛੱਡਣ।           

ਅਪਨੀਤ ਰਿਆਤ ਨੇ ਕਿਹਾ ਕਿ ਜਿਸ ਘਰ ਵਿੱਚ ਮਰੀਜ ਹੋਮ ਆਈਸੋਲੇਸ਼ਨ ਵਿੱਚ ਹੈ ਉਥੇ ਕਿਸੇ ਵੀ ਮਹਿਮਾਨ ਨੂੰ ਘਰ ਵਿੱਚ ਆਉਣ ਦੀ ਆਗਿਆ ਨਹੀਂ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਮਹਿਮਾਨ ਵੀ ਸਾਂਝੇ ਰੂਪ ਵਿੱਚ ਅਪਰਾਧਿਕ ਕਾਰਵਾਈ ਲਈ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਧਾਰਾ 144 ਤਹਿਤ ਕਰਫਿਊ ਅਤੇ ਲੋਕਾਂ ਦੇ ਇਕੱਠ ਹੋਣ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਜੋ ਵੀ ਹੁਕਮਾਂ ਦੀ ਉਲੰਘਣਾ ਕਰਦਿਆਂ ਪਾਇਆ ਜਾਂਦਾ ਹੈ ਉਹ ਆਪਣੇ ਜ਼ਬਤ ਲਈ ਖੁੱਦ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਣਾਏ ਗਏ ਕੰਟੇਨਮੈਂਟ ਜ਼ੋਨ/ਮਾਈਕ੍ਰੋ ਕੰਟੇਨਮੈਂਟ ਜ਼ੋਨ ਦੇ ਸਾਰੇ ਨਿਵਾਸੀ (ਕਿਸੇ ਮੈਡੀਕਲ ਐਂਮਰਜੈਂਸੀ, ਜ਼ਰੂਰੀ ਸਪਲਾਈ ਅਤੇ ਸੇਵਾਵਾਂ ਦੀ ਵਿਵਸਥਾ ਤੋਂ ਇਲਾਵਾ) ਕਿਸੇ ਵੀ ਉਦੇਸ਼ ਲਈ ਨਾ ਤਾਂ ਜ਼ੋਨ ਤੋਂ ਬਾਹਰ ਜਾ ਸਕਦੇ ਹਨ ਅਤੇ ਨਾ ਹੀ ਕਿਸੇ ਨੂੰ ਇਸ ਜ਼ੋਨ ਦੇ ਅੰਦਰ ਦਾਖਲ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਜ਼ੋਨਾਂ ਵਿੱਚ 100 ਫੀਸਦੀ ਟੈਸਟਿੰਗ ਜ਼ਰੂਰੀ ਹੈ ਇਸ ਲਈ ਕੋਈ ਵੀ ਵਿਅਕਤੀ ਕੰਟੇਨਮੈਂਟ ਜ਼ੋਨ/ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਟੈਸਟਿੰਗ ਲਈ ਸੈਂਪਲ ਦੇਣ ਤੋਂ ਸਿਹਤ ਕਰਮਚਾਰੀਆਂ ਨੂੰ ਮਨਾ ਨਹੀਂ ਕਰ ਸਕਦਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਗੁਆਢੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹੋਮ ਆਈਸੋਲੇਸ਼ਨ ਦੀ ਉਲੰਘਣਾ ਕਰਨ ਵਾਲਿਆਂ ਦੀ ਸੂਚਨਾ ਕੰਟਰੋਲ ਰੂਮ ਜਾਂ ਸਬੰਧਤ ਪੁਲਿਸ ਸਟੇਸ਼ਨ ਨੂੰ ਦੇਣ। ਇਸ ਤੋਂ ਇਲਾਵਾ ਉਹ ਹੋਮ ਕੁਆਰਨਟੀਨ ਵਿਅਕਤੀਆਂ ਤੱਕ ਸਿਹਤ ਸਾਵਧਾਨੀਆਂ ਅਪਣਾਉਂਦੇ ਹੋਏ ਘਰੇਲੂ ਸਪਲਾਈ ਉਨ੍ਹਾਂ ਦੇ ਮੇਨ ਗੇਟ ਤੱਕ ਪਹੁੰਚਾਉਣ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਸਾਰੇ ਅਧਿਕਾਰਤ ਪ੍ਰਾਈਵੇਟ ਲੈਬਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਪਾਜ਼ੀਟਿਵ ਮਰੀਜ਼ਾਂ ਦਾ ਪੂਰਾ ਵੇਰਵਾ (ਸਮੇਤ ਪਤਾ, ਸੰਪਰਕ ਨੰਬਰ) ਮੇਨਟੇਨ ਕਰਨਾ ਯਕੀਨੀ ਬਣਾਉਂਣਗੇ ਅਤੇ ਰੋਜ਼ਾਨਾ ਸ਼ਾਮ 5 ਵਜੇ ਤੱਕ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਦੇ ਮੇਲ ਆਈ.ਡੀ. ਨੰਬਰ nhmhsp20gmail.com ’ਤੇ ਕੋਵਿਡ-19 ਦੇ ਪਾਜਿਟਿਵ ਮਰੀਜ਼ਾਂ ਦਾ ਵੇਰਵਾ ਭੇਜਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਅਤੇ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਆਪਦਾ ਪ੍ਰਬੰਧਨ ਐਕਟ ਦੀ ਧਾਰਾ 51 ਤੋਂ 60 ਅਤੇ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *