May 18, 2024

ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵਲੋਂ ਪੀੜਤ ਪਰਿਵਾਰ ਨੂੰ ਇਕ ਮਹੀਨੇ ’ਚ ਪਲਾਟ ਦੇਣ ਦੇ ਨਿਰਦੇਸ਼

0

***ਚੇਅਰਮੈਨ ਰਜਿੰਦਰ ਸਿੰਘ ਵਲੋਂ ਕੌਮੀ ਬਾਲ ਅਧਿਕਾਰੀ ਸੁਰੱਖਿਆ ਕਮਿਸ਼ਨ ਦੇ ਮੈਂਬਰਾਂ ਦੀ ਪਰਿਵਾਰ ਨਾਲ ਮੁਲਾਕਾਤ
***ਕਮਿਸ਼ਨ ਵਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਤੇ ਨਿਆਂ ਦਾ ਭਰੋਸਾ
***ਤੁਰੰਤ ਕਾਰਵਾਈ ਲਈ ਹੁਸ਼ਿਆਰਪੁਰ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਪਿੱਠ ਥਾਪੜੀ


ਟਾਂਡਾ (ਹੁਸ਼ਿਆਰਪੁਰ), 26 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:


ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਆਈ.ਪੀ.ਐਸ. ਅਧਿਕਾਰੀ ਰਜਿੰਦਰ ਸਿੰਘ ਨੇ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਯਸ਼ਵੰਤ ਜੈਨ ਸਮੇਤ ਪਿੰਡ ਜਲਾਲਪੁਰ ਪਹੁੰਚ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।


ਇਸ ਹੌਲਨਾਕ ਘਟਨਾ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਪ੍ਰਗਟ ਕਰਨ ਉਪਰੰਤ ਕਮਿਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ, ਕਮਿਸ਼ਨ ਦੇ ਵਾਈਸ ਚੇਅਰਮੈਨ ਸੇਬੀ ਥੋਮਸ ਅਤੇ ਕੌਮੀ ਕਮਿਸ਼ਨ ਦੇ ਮੈਂਬਰ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਅਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਮੀਟਿੰਗ ਕਰਕੇ ਹੋ ਰਹੀ ਕਾਰਵਾਈ ਦਾ ਜਾਇਜ਼ਾ ਲਿਆ।


ਚੇਅਰਮੈਨ ਰਜਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਪੀੜਤ ਪਰਿਵਾਰ ਨਾਲ ਸਰਕਾਰ ਵਲੋਂ ਕੀਤੇ ਵਾਅਦੇ ਸਮੇਂ ਸਿਰ ਪੂਰੇ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸਰਕਾਰ ਵਲੋਂ ਪੀੜਤ ਪਰਿਵਾਰ ਨੂੰ ਪਿੰਡ ਵਿੱਚ ਪਲਾਟ ਦੇਣ ਦਾ ਵਾਅਦਾ ਇਕ ਮਹੀਨੇ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ ਜਿਸ ’ਤੇ ਡਿਪਟੀ ਕਮਿਸ਼ਨਰ ਨੇ ਕਮਿਸ਼ਨ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਕ ਮਹੀਨੇ ਵਿੱਚ ਪਰਿਵਾਰ ਨੂੰ ਪਲਾਟ ਮੁਹੱਈਆ ਕਰਵਾ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਮਿਸ਼ਨ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਕਿ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਪੀੜਤ ਪਰਿਵਾਰ ਦੀਆਂ 5 ਧੀਆਂ ਦੇ ਨਾਂ ’ਤੇ ਆਪਣੀ ਜੇਬ ਵਿੱਚੋਂ 50-50 ਹਜ਼ਾਰ ਰੁਪਏ ਦੀ ਐਫ.ਡੀ. ਵੀ ਦੋ-ਚਾਰ ਦਿਨਾਂ ਵਿੱਚ ਪਰਿਵਾਰ ਦੇ ਸਪੁਰਦ ਕੀਤੀ ਜਾ ਰਹੀ ਹੈ। ਚੇਅਰਮੈਨ ਰਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨਾਲ ਮੁਲਾਕਾਤ ਦੌਰਾਨ ਕਮਿਸ਼ਨ ਦੇ ਮੈਂਬਰ ਯਸ਼ਵੰਤ ਜੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਸਮੇਂ ਸਿਰ ਕੀਤੀ ਤੁਰੰਤ ਕਾਰਵਾਈ ’ਤੇ ਤਸੱਲੀ ਪ੍ਰਗਟਾਈ। ਯਸ਼ਵੰਤ ਜੈਨ ਨੇ ਪੀੜਤ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਕੌਮੀ ਅਤੇ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪਰਿਵਾਰ ਨੂੰ ਹਰ ਸੰਭਵ ਮਦਦ ਅਤੇ ਨਿਆਂ ਦੁਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।


ਜ਼ਿਲ੍ਹਾ ਪੁਲਿਸ ਮੁੱਖੀ ਨਵਜੋਤ ਸਿੰਘ ਮਾਹਲ ਨੇ ਕਮਿਸ਼ਨ ਨੂੰ ਦੱਸਿਆ ਕਿ ਪੁਲਿਸ ਵਲੋਂ ਜਲਦ ਹੀ ਮਾਮਲੇ ਸਬੰਧੀ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਅਦਾਲਤੀ ਕਾਰਵਾਈ ਪੂਰੀ ਤੇਜ਼ੀ ਨਾਲ ਅਮਲ ਵਿੱਚ ਲਿਆਂਦੀ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਆਦਿ ਵੀ ਮੌਜੂਦ ਸਨ।

ਫੋਟੋ ਕੈਪਸ਼ਨ : 1 ਅਤੇ 2 — ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਆਈ.ਪੀ.ਐਸ. ਅਧਿਕਾਰੀ ਰਜਿੰਦਰ ਸਿੰਘ, ਵਾਈਸ ਚੇਅਰਮੈਨ ਸੇਬੀ ਥੋਮਸ ਅਤੇ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਯਸ਼ਵੰਤ ਜੈਨ ਪਿੰਡ ਜਲਾਲਪੁਰ ਵਿੱਚ ਪੀੜਤ ਪਰਿਵਾਰ ਨਾਲ ਮੁਲਾਕਾਤ ਦੌਰਾਨ।
3- ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਆਈ.ਪੀ.ਐਸ. ਅਧਿਕਾਰੀ ਰਜਿੰਦਰ ਸਿੰਘ, ਵਾਈਸ ਚੇਅਰਮੈਨ ਸੇਬੀ ਥੋਮਸ ਅਤੇ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਯਸ਼ਵੰਤ ਜੈਨ ਹੁਸ਼ਿਆਰਪੁਰ ਵਿਖੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨਾਲ ਮੀਟਿੰਗ ਦੌਰਾਨ।

Leave a Reply

Your email address will not be published. Required fields are marked *