May 18, 2024

ਬੈਂਕਾਂ, ਡਾਕਖਾਨੇ, ਸਰਕਾਰੀ ਹਸਪਤਾਲ ਤੇ ਦਫ਼ਤਰ ਸੀਨੀਅਰ ਸਿਟੀਜਨਾਂ ਨੂੰ ਤਰਜ਼ੀਹ ਦੇਣ : ਅਪਨੀਤ ਰਿਆਤ

0


***ਡਿਪਟੀ ਕਮਿਸ਼ਨਰ ਨੇ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮੌਕੇ ਕੀਤੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਦੂਜੀ ਤਿਮਾਹੀ ਮੀਟਿੰਗ
***ਕਿਹਾ ਨਿੱਗਰ ਸਮਾਜ ਦੀ ਸਿਰਜਣਾਂ ਲਈ ਸੀਨੀਅਰ ਸਿਟੀਜਨਾਂ ਦਾ ਵਿਸ਼ੇਸ਼ ਯੋਗਦਾਨ
***ਬਿਰਧ ਆਸ਼ਰਮਾਂ ਨੂੰ ਮਿਸ਼ਨ ਫਤਿਹ ਕੋਵਿਡ ਕੇਅਰ ਕਿੱਟਾਂ ਭੇਟ


ਹੁਸ਼ਿਆਰਪੁਰ, 01 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:


ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮੌਕੇ ਅੱਜ ਸਰਕਾਰੀ ਅਦਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਅਦਾਰਿਆਂ ਵਿੱਚ ਸੀਨੀਅਰ ਸਿਟੀਜਨਾਂ ਨੂੰ ਪਹਿਲ ਦੇ ਆਧਾਰ ’ਤੇ ਸਹੂਲਤਾਂ/ਸੇਵਾਵਾਂ ਦਿੱਤੀਆਂ ਜਾਣ।


ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਕਮੇਟੀ ਦੀ 2020-21 ਦੀ ਦੂਜੀ ਤਿਮਾਹੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਪਨੀਤ ਰਿਆਤ ਨੇ ਕਿਹਾ ਕਿ ਨਿੱਘਰ ਸਮਾਜ ਦੇ ਨਿਰਮਾਣ ਵਿੱਚ ਸੀਨੀਅਰ ਸਿਟੀਜਨਾਂ ਦਾ ਵਿਸ਼ੇਸ਼ ਯੋਗਦਾਨ ਹੈ ਜਿਸ ਤੋਂ ਬਿਨ੍ਹਾਂ ਸਿਹਤਮੰਦ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਸੀਨੀਅਰ ਸਿਟੀਜਨ ਨੂੰ ਸੁਰੱਖਿਆ, ਸਿਹਤ ਸਹੂਲਤਾਂ, ਬੈਂਕਾਂ ਅਤੇ ਹੋਰ ਦਫ਼ਤਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਚਰਚਾ ਕਰਦਿਆਂ ਇਨ੍ਹਾਂ ਦਫ਼ਤਰਾਂ, ਡਾਕਖਾਨਿਆਂ, ਹਸਪਤਾਲਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਇਨ੍ਹਾਂ ਵਿਅਕਤੀਆਂ ਦੇ ਕੰਮ ਤਰਜ਼ੀਹ ਦੇ ਆਧਾਰ ’ਤੇ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸੀਨੀਅਰ ਸਿਟੀਜਨਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮੀਟਿੰਗ ਵਿੱਚ ਹਾਜ਼ਰ ਸੀਨੀਅਰ ਸਿਟੀਜਨਾਂ ਨੂੰ ਭਰੋਸਾ ਦੁਆਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਉਨ੍ਹਾਂ ਦੇ ਕੰਮਾਂ ਦੀ ਪੂਰਤੀ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਵੇਗੀ। ਉਨ੍ਹਾਂ ਲੀਡ ਬੈਂਕ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਸਾਰੀਆਂ ਬੈਂਕਾਂ ਇਹ ਯਕੀਨੀ ਬਣਾਉਣ ਕਿ ਜੇਕਰ ਕੋਈ ਸੀਨੀਅਰ ਸਿਟੀਜਨ ਬੈਂਕ ਵਿੱਚ ਕੰਮ ਕਰਵਾਉਣ ਲਈ ਲਾਈਨ ਵਿੱਚ ਖੜ੍ਹਾ ਹੋਵੇ ਤਾਂ ਉਸ ਨੂੰ ਪਹਿਲ ਦੇ ਆਧਾਰ ’ਤੇ ਬੈਂਕ ਵਿੱਚ ਦਾਖਲਾ ਦਿੱਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਹਪਸਤਾਲਾਂ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਸੀਨੀਅਰ ਸਿਟੀਜਨਾਂ ਦੀ ਸਹੂਲਤ ਲਈ ਲਾਲ ਪਰਚੀ ਦੀ ਸਹੂਲਤ ਮੁੜ ਸ਼ੁਰੂ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਚੈਕਅਪ ਪਹਿਲ ਦੇ ਆਧਾਰ ਹੋ ਸਕੇ। ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੀਨੀਅਰ ਸਿਟੀਜਨਾਂ ਦਾ ਪੂਰਾ ਮਾਣ ਸਨਮਾਨ ਬਰਕਰਾਰ ਰੱਖਿਆ ਜਾਵੇ।


ਡਿਪਟੀ ਕਮਿਸ਼ਨਰ ਨੇ ਡਾਕ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡਾਕਖਾਨਿਆਂ ਵਿੱਚ ਸੀਨੀਅਰ ਸਿਟੀਜਨਾਂ ਦੀ ਸਹੂਲਤ ਲਈ ਵੱਖਰਾ ਕਾਊਂਟਰ ਸਥਾਪਿਤ ਕਰਨ ਜਿਥੇ ਸਿਰਫ਼ ਉਨ੍ਹਾਂ ਨੂੰ ਹੀ ਸਹੂਲਤ ਦਿੱਤੀ ਜਾਵੇ।
ਅਪਨੀਤ ਰਿਆਤ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਰਾਮ ਕਲੋਨੀ ਕੈਂਪ ਵਿੱਚ ਬਣਾਏ ਗਏ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਨੂੰ ਹਰ ਆਧੁਨਿਕ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਹੀ ਵੱਖ-ਵੱਖ ਬਿਰਧ ਆਸ਼ਰਮਾਂ ਅਤੇ ਸੀਨੀਅਰ ਸਿਟੀਜਨਾਂ ਨੂੰ ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਕੋਵਿਡ ਕੇਅਰ ਕਿੱਟਾਂ ਵੀ ਭੇਟ ਕੀਤੀਆਂ ਅਤੇ ਦੱਸਿਆ ਕਿ ਇਸ ਕਿੱਟ ਵਿੱਚ ਮਾਸਕ, ਸੈਨੇਟਾਈਜਰ, ਪਲਸ ਆਕਸੀਮੀਟਰ, ਸਟੀਮਰ, ਥਰਮਾਮੀਟਰ, ਦਵਾਈਆਂ ਸਮੇਤ ਕੁਲ 18 ਵਸਤਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਵਿੱਚ ਇਕ ਸੀਨੀਅਰ ਸਿਟੀਜਨ ਨੂੰ ਵੀ ਮੈਂਬਰ ਵਜੋਂ ਲਿਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸੀਨੀਅਰ ਸਿਟੀਜਨਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਆਦਿ ਦੇਣ ਨੂੰ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਸਿਹਤ ਸਲਾਹਕਾਰੀਆਂ ਦੀ ਪੂਰਨ ਤੌਰ ’ਤੇ ਪਾਲਣਾ ਕੀਤੀ ਜਾਵੇ।

Leave a Reply

Your email address will not be published. Required fields are marked *