June 2, 2024

ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰਾਂ ਵਿਚ ਮੁਕੰਮਲ ਕਰਫਿਊ **ਚਾਰ ਪਹੀਆ ਵਾਹਨ ਵਿਚ ਡਰਾਇਵਰ ਸਮੇਤ 3 ਜਣੇ ਹੀ ਕਰ ਸਕਣਗੇ ਸਫਰ **ਬੱਸਾਂ ਵਿਚ ਸਮੱਰਥਾ ਦੀ 50 ਫੀਸਦੀ ਸਵਾਰੀਆਂ ਹੀ ਸਫਰ ਕਰ ਸਕਣਗੀਆਂ।

0

ਫਰੀਦਕੋਟ / 22 ਅਗਸਤ / ਨਿਊ ਸੁਪਰ ਭਾਰਤ ਨਿਊਜ

ਕੋਵਿਡ ਦੇ ਵਾਧੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਦੇ ਮੱਦੇਨਜਰ ਜ਼ਿਲਾ ਮੈਜਿਸਟ੍ਰੇਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 22 ਅਗਸਤ 2020 ਤੋਂ 31 ਅਗਸਤ 2020 ਤੱਕ ਲਾਗੂ ਰਹਿਣਗੇ। ਇੰਨਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇੰਨਾਂ ਹੁਕਮਾਂ ਅਨੁਸਾਰ ਜ਼ਿਲੇ ਦੇ ਸ਼ਹਿਰਾਂ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਲਾਗੂ ਰਹੇਗਾ। ਇਸ ਤੋਂ ਬਿਨਾਂ ਬਾਕੀ ਦਿਨਾਂ ਦੌਰਾਨ ਰਾਤ 7 ਵਜੇ ਤੋਂ ਸਵੇਰੇ 5 ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਹਾਲਾਂਕਿ ਜਰੂਰੀ ਵਸਤਾਂ ਦੀ ਸਪਲਾਈ ਅਤੇ ਸੇਵਾਵਾਂ ਜਾਰੀ ਰਹਿਣਗੀਆਂ। ਇਸੇ ਤਰਾਂ ਕੌਮੀ ਅਤੇ ਰਾਜ ਮਾਰਗਾਂ ਦੇ ਮਾਲ ਦੀ ਢੋਆ ਢੁਆਈ ਅਤੇ ਅੰਤਰ ਰਾਜੀ ਆਵਾਜਾਈ ਜਾਰੀ ਰਹੇਗੀ। ਇਸ ਤੋਂ ਬਿਨਾਂ ਸਿਹਤ, ਖੇਤੀਬਾੜੀ, ਡੇਅਰੀ, ਫਿਸਰੀ, ਬੈਂਕ, ਏਟੀਐਮ, ਬੀਮਾ ਕੰਪਨੀਆਂ, ਮੀਡੀਆ ਆਦਿ ਚਾਲੂ ਰਹੇਗਾ। 

ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਹੁਕਮਾਂ ਅਨੁਸਾਰ ਦੁਕਾਨਾਂ ਅਤੇ ਮਾਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6.30 ਵਜੇ ਬੰਦ ਹੋਇਆ ਕਰਣਗੀਆਂ ਜਦ ਕਿ ਐਤਵਾਰ ਅਤੇ ਸ਼ਨੀਵਾਰ ਇਹ ਪੂਰੀ ਤਰਾਂ ਬੰਦ ਰਹਿਣਗੀਆਂ। ਜਰੂਰੀ ਵਸਤਾਂ ਦੀਆਂ ਦੁਕਾਨਾਂ ਹਰ ਰੋਜ ਸ਼ਾਮ 6.30 ਵਜੇ ਤੱਕ ਖੁੱਲੀਆਂ ਰਹਿਣਗੀਆਂ। ਧਾਰਮਿਕ ਸਥਾਨ ਅਤੇ ਖੇਡ ਕੰਪਲੈਕਸ ਸ਼ਾਮ 6:30 ਵਜੇ ਤੱਕ ਖੁੱਲ ਸਕਣਗੇ। ਇਸੇ ਤਰਾਂ ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਵੀ ਸ਼ਾਮ 6:30 ਵਜੇ ਤੱਕ ਖੁੱਲੇ ਰਹਿਣਗੇ। 

ਜ਼ਿਲਾ ਮੈਜਿਸਟੇ੍ਰਟ ਨੇ ਹੋਰ ਦੱਸਿਆ ਕਿ ਚਾਰ ਪਹੀਆ ਵਾਹਨਾਂ ਵਿਚ ਹੁਣ ਡਰਾਇਵਰ ਸਮੇਤ 3 ਵਿਅਕਤੀਆਂ ਨੂੰ ਹੀ ਸਫਰ ਦੀ ਆਗਿਆ ਹੋਵੇਗੀ। ਬੱਸਾਂ ਵਿਚ ਸਮੱਰਥਾ ਦੀ 50 ਫੀਸਦੀ ਸਵਾਰੀਆਂ ਹੀ ਸਫਰ ਕਰ ਸਕਣਗੀਆਂ। ਇਸੇ ਤਰਾਂ ਹਰ ਪ੍ਰਕਾਰ ਦੇ ਸਮਾਜਿਕ, ਸਿਆਸੀ, ਧਾਰਮਿਕ ਇੱਕਠਾ ਤੇ ਰੋਕ ਰਹੇਗੀ ਅਤੇ ਵਿਆਹ ਤੇ ਵੱਧ ਤੋਂ ਵੱਧ 30 ਅਤੇ ਅੰਤਿਮ ਸਸਕਾਰ ਮੌਕੇ ਵੱਧ ਤੋਂ ਵੱਧ 20 ਵਿਅਕਤੀਆਂ ਦੇ ਹੀ ਇੱਕਠ ਦੀ ਪ੍ਰਵਾਨਗੀ ਹੋਵੇਗੀ। ਇਸ ਤੋਂ ਬਿਨਾਂ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਆਪਣੇ 50 ਫੀਸਦੀ ਸਟਾਫ ਨਾਲ ਹੀ ਕੰਮ ਕਰਣਗੇ।ਦਫਤਰਾਂ ਦੇ ਮੁਖੀ ਸਰਕਾਰੀ ਦਫਤਰਾਂ ਵਿੱਚ ਜਨਤਕ ਯਾਤਰੀਆਂ ਨੂੰ ਸੀਮਤ ਰੱਖਣਗੇ ਅਤੇ ਆਨ ਲਾਈਨ ਪੰਜਾਬ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀਜੀਆਰਐਸ) ਅਤੇ ਹੋਰ ਆਨ-ਲਾਈਨ ਸਾਧਨਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨਗੇ ਤਾਂ ਜੋ ਦਫਤਰਾਂ ਵਿੱਚ ਵਿਅਕਤੀਗਤ ਸੰਪਰਕ ਘੱਟ ਤੋਂ ਘੱਟ ਕੀਤਾ ਜਾ ਸਕੇ।

Leave a Reply

Your email address will not be published. Required fields are marked *