May 18, 2024

ਸੋਨੀ ਨੇ ਦਿਵਾਲੀ ਮੌਕੇ ਹਾਲ ਗੇਟ ਵਿਚ ਨਵੀਆਂ ਲਾਇਟਾਂ ਲਗਾ ਕੇ ਦਿੱਤਾ ਸ਼ਹਿਰ ਵਾਸੀਆਂ ਨੂੰ ਤੋਹਫਾ ***ਸ਼ਹਿਰ ਵਿਚ ਸੈਲਾਨੀਆਂ ਦੀ ਆਮਦ ਵਾਲੇ ਸਾਰੇ ਸਥਾਨਾਂ ਨੂੰ ਦਿੱਤੀ ਜਾਵੇਗੀ ਪੁਰਾਤਨ ਦਿੱਖ-ਸੋਨੀ

0


ਅੰਮ੍ਰਿਤਸਰ, 13 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼  )-

ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ ਸ਼ਹਿਰ ਦੇ ਕੇਂਦਰੀ ਤੇ ਕਾਰੋਬਾਰੀ ਸਥਾਨ ਹਾਲ ਗੇਟ, ਜੋ ਕਿ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਿਸ਼ਵ ਭਰ ਵਿਚੋਂ ਆਉਂਦੇ ਸ਼ਰਧਾਲੂਆਂ ਦਾ ਮੁੱਖ ਲਾਂਘਾ ਵੀ ਹੈ, ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦੇ ਹੋਏ ਸਾਰੇ ਰਸਤੇ ਵਿਚ ਦਰਸ਼ਨੀ ਲਾਇਟਾਂ ਨੂੰ ਜਗਾ ਕੇ ਸ਼ਹਿਰ ਵਾਸੀਆਂ ਨਾਲ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਉਨਾਂ ਨਾਲ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਗਿੱਲ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਸ੍ਰੀ ਸੋਨੀ ਨੇ ਸ਼ਹਿਰ ਵਾਸੀਆਂ ਦਿਵਾਲੀ ਦੀ ਵਧਾਈ ਦਿੰਦੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਸਥਾਨ ਮੇਰੇ ਵਿਧਾਨ ਸਭਾ ਹਲਕੇ ਦਾ ਹਿੱਸਾ ਹੈ ਅਤੇ ਸਾਨੂੰ ਵਿਸ਼ਵ ਭਰ ਵਿਚੋਂ ਗੁਰੂ ਘਰ ਦੇ ਦਰਸ਼ਨਾਂ ਲਈ ਆਉਂਦੇ ਸ਼ਰਧਾਲੂਆਂ ਦੀ ਸੇਵਾ ਤੇ ਆਉ-ਭਗਤ ਕਰਨ ਦਾ ਮੌਕਾ ਮਿਲਦਾ ਹੈ। ਉਨਾਂ ਕਿਹਾ ਕਿ ਜਿਸ ਵੀ ਸੈਲਾਨੀ ਤੇ ਸ਼ਰਧਾਲੂ ਨੇ ਸ੍ਰੀ ਦਰਬਾਰ ਸਾਹਿਬ ਅਤੇ ਜਲਿਆਂ ਵਾਲਾ ਬਾਗ ਜਾਣਾ ਹੁੰਦਾ ਹੈ, ਉਹ ਇਸ ਰਸਤੇ ਤੋਂ ਲੰਘਦਾ ਹੈ ਅਤੇ ਅੱਜ ਸੈਰ ਸਪਾਟਾ ਵਿਭਾਗ ਦੀ ਮਦਦ ਨਾਲ ਇਸ ਨੂੰ ਰਵਾਇਤੀ ਦਿੱਖ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਇਸ ਸਾਰੇ ਰਸਤੇ ਨੂੰ ਪੁਰਾਤਨ ਭਵਨ ਨਿਰਮਾਣ ਕਲਾ ਵਿਚ ਸਜਾ ਕੇ ਇੱਥੇ ਸ਼ਾਨਦਾਰ ਰੌਸ਼ਨੀਆਂ ਲਗਾਈਆਂ ਗਈਆਂ ਹਨ, ਜੋ ਕਿ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣਗੀਆਂ।

ਉਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਸ਼ਹਿਰ ਦੇ ਉਹ ਸਾਰੇ ਸਥਾਨ, ਜਿੱਥੇ ਕਿ ਸੈਲਾਨੀ ਆਉਂਦੇ ਹਨ ਜਾਂ ਗੁਜ਼ਰਦੇ ਹਨ, ਨੂੰ ਰਿਵਾਇਤੀ ਦਿੱਖ ਦਿੱਤੀ ਜਾਵੇ, ਤਾਂ ਜੋ ਸ਼ਹਿਰ ਦੀ ਸੈਰ ਸਪਾਟਾ ਸਨਅਤ ਨੂੰ ਹੋਰ ਹੁਲਾਰਾ ਮਿਲੇ । ਉਨਾਂ ਹਾਲ ਬਾਜ਼ਾਰ ਦਾ ਦੌਰਾ ਕਰਕੇ ਹੋਏ ਸਾਰੇ ਕੰਮ ਨੂੰ ਵੇਖਿਆ ਅਤੇ ਜਿੱਥੇ ਕਿਧਰੇ ਵੀ ਕੋਈ ਕਮੀ ਦਿਖਾਈ ਦਿੱਤੀ, ਉਸ ਨੂੰ ਤਰੁੰਤ ਦੂਰ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਕੰਮ ਦੀ ਗੁਣਵਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਹੈ। ਉਨਾਂ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਤੁਹਾਡੇ ਪੈਸੇ ਨਾਲ ਹੀ ਇਹ ਕੰਮ ਕਰ ਰਹੀਆਂ ਹਨ  ਅਤੇ ਤੁਸੀਂ ਇਸ ਦੀ ਵਰਤੋਂ ਆਪਣੇ ਘਰ ਵਾਂਗ ਕਰੋ। ਇਸ ਨੂੰ ਸੰਭਾਲੋ ਅਤੇ ਸ਼ਹਿਰ ਨੂੰ ਕੂੜੇ ਤੋਂ ਮੁੱਕਤ ਕਰਨ ਲਈ ਪ੍ਰਸ਼ਾਸਨ ਦਾ ਸਾਥ ਦਿਉ। ਇਸ ਮੌਕੇ ਹਾਲ ਗੇਟ ਦੇ ਦੁਕਾਨਦਾਰਾਂ ਨੇ ਇਸ ਵੱਡੇ ਹੰਭਲੇ ਲਈ ਸ੍ਰੀ ਸੋਨੀ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਇਸ ਦੀ ਖੂਬਸੂਰਤੀ ਨੂੰ ਚਿਰ ਸਦੀਵੀਂ ਬਣਾਉਣ ਵਿਚ ਪੂਰਾ ਯੋਗਦਾਨ ਦੇਣਗੇ। ਸ੍ਰੀ ਸੋਨੀ ਨੇ ਦੱਸਿਆ ਕਿ ਹਾਲ ਬਾਜ਼ਾਰ ਵਿਚ ਕਾਰ ਪਾਰਕਿੰਗ ਬਨਾਉਣ ਲਈ ਵੀ ਟੈਂਡਰ ਲੱਗ ਚੁੱਕਾ ਹੈ ਅਤੇ ਜਲਦੀ ਹੀ ਇਨਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ।


        ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਵੀ ਜਿਲ•ਾ ਵਾਸੀਆਂ ਨਾਲ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ-ਸੁਥਰਾ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਦਿਵਾਲੀ ਮੌਕੇ ਖੁਸ਼ੀਆਂ ਸਾਂਝੀਆਂ ਕਰੀਏ, ਨਾ ਕਿ ਪ੍ਰਦੂਸ਼ਣ ਵਧਾਉਣ ਵਿਚ ਯੋਗਦਾਨ ਪਾਈਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਵਿਕਾਸ ਸੋਨੀ, ਸ੍ਰੀ ਕੇ. ਆਰ. ਮਿਸ਼ਰਾ ਪ੍ਰਾਜੈਕਟ ਡਾਇਰੈਕਟਰ,  ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਸੁਨੀਲ ਕਾਉਂਟੀ, ਸ੍ਰੀਮਤੀ ਰਾਜਬੀਰ ਕੌਰ ਅਤੇ ਹੋਰ  ਪਤਵੰਤੇ ਵੀ ਹਾਜ਼ਰ ਸਨ।


ਕੈਪਸ਼ਨ
ਹਾਲ ਗੇਟ ਵਿਖੇ ਨਵੀਆਂ ਲਾਇਟਾਂ ਜਗਾ ਕੇ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਸ੍ਰੀ ਓ ਪੀ ਸੋਨੀ। ਨਾਲ ਹਨ ਸ. ਗੁਰਜੀਤ ਸਿੰਘ ਔਜਲਾ ਤੇ ਹੋਰ।  

Leave a Reply

Your email address will not be published. Required fields are marked *