May 26, 2024

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

0

ਦੀਵਾਲੀ ਅਤੇ ਤਿਉਹਾਰਾਂ ਦਾ ਸੀਜਨ ਲੋਕਾਂ ਲਈ ਖੁਸ਼ੀਆਂ, ਤਰੱਕੀ ਤੇ ਚੰਗੀ ਸਿਹਤ ਦੇ ਸੁਨੇਹੇ ਲੈਕੇ ਆਵੇ-ਡੀ.ਸੀ.

-ਲੋਕਾਂ ਨੂੰ ਪਟਾਕੇ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਚਲਾਉਣ ਦੀ ਅਪੀਲ

ਅੰਮਿ੍ਤਸਰ, 13 ਨਵੰਬਰ / ਨਿਊ ਸੁਪਰ ਭਾਰਤ ਨਿਊਜ਼

 ਡਿਪਟੀ ਕਮਿਸ਼ਨਰ ਅੰਮਿ੍ਤਸਰ ਸ ਗੁਰਪ੍ਰੀਤ ਸਿੰਘ ਖਹਿਰਾ ਅਤੇ ਪੁਲਿਸ ਕਮਿਸ਼ਨਰ ਸ ਸੁਖਚੈਨ ਸਿੰਘ ਗਿੱਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਾਮਨਾ ਕੀਤੀ ਹੈ ਕਿ ਆਉਣ ਵਾਲਾ ਸਮਾਂ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ।

ਡਿਪਟੀ ਕਮਿਸ਼ਨਰ ਨੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਦੀਵਾਲੀ ਸਮੂਹ ਲੋਕਾਂ ਲਈ ਖੁਸ਼ੀਆਂ ਅਤੇ ਬਰਕਤਾਂ ਲੈ ਕੇ ਆਵੇ। ਉਨ੍ਹਾਂ ਨਾਲ ਹੀ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਕੋਵਿਡ-19 ਮਹਾਂਮਾਰੀ ਦੇ ਇਸ ਸਮੇਂ ਦੌਰਾਨ ਹਰ ਕੋਈ ਸਿਹਤਮੰਦ ਰਹੇ ਅਤੇ ਤਰੱਕੀ ਕਰੇ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਦੀਵਾਲੀ ਸਮੇਂ ਪਟਾਕੇ ਘੱਟ ਤੋਂ ਘੱਟ ਅਤੇ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਹੀ ਚਲਾਏ ਜਾਣ। ਉਨ੍ਹਾਂ ਦੱਸਿਆ ਕਿ ਚਾਈਨਜ਼ ਪਟਾਕਿਆਂ ‘ਤੇ ਪੂਰਨ ਪਾਬੰਦੀ ਹੈ ਇਸ ਲਈ ਸ਼ੋਰ ਅਤੇ ਪ੍ਰਦੂਸ਼ਨ ਫੈਲਾਉਣ ਵਾਲੇ ਪਟਾਕੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ।

ਸ ਖਹਿਰਾ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਇਹ ਦੀਵਾਲੀ ਸਾਫ਼-ਸੁਥਰੀ ਤੇ ਸਵੱਛ ਮਨਾਈ ਜਾਵੇ ਅਤੇ ਲੋਕਾਂ ਨਾਲ ਮਿਲ ਜੁਲਕੇ ਇਕ ਦੂਜੇ ਨੂੰ ਵਧਾਈਆਂ ਦੇ ਕੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਕੋਰੋਨਾ ਵਾਇਰਸ ਅਜੇ ਖ਼ਤਮ ਨਹੀਂ ਹੋਇਆ ਅਤੇ ਇਸ ਮਹਾਂਮਾਰੀ ਦੀ ਦੂਜੀ ਲਹਿਰ ਆਉਣ ਦਾ ਖਦਸ਼ਾ ਹੈ, ਜਿਸ ਕਰਕੇ ਆਮ ਲੋਕ ਪੂਰੇ ਇਹਤਿਹਾਤ ਵਰਤਦਿਆਂ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ।

ਇਸੇ ਦੌਰਾਨ ਐਸ.ਐਸ.ਪੀ. ਸ੍ਰੀ ਗੌਰਵ ਦਾਹੀਆ ਨੇ ਪੁਲਿਸ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਲੋਕਾਂ ਦੀ ਸਾਂਝ ਅਤੇ ਸਹਿਯੋਗ ਨਾਲ ਅਮਨ-ਸ਼ਾਂਤੀ ਅਤੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਜ਼ਿਲ੍ਹਾ ਨਿਵਾਸੀਆਂ ਨੇ  ਪੁਲਿਸ ਨਾਲ ਪਿਛਲੇ ਸਾਲ ਹੁਣ ਤੱਕ ਤਾਲਮੇਲ ਰੱਖਿਆ ਹੈ, ਉਹ ਆਸ ਕਰਦੇ ਹਨ ਕਿ ਅੱਗਲਾ ਸਮਾਂ ਵੀ ਇਸੇ ਤਰ੍ਹਾਂ ਲੋਕਾਂ ਦੀ ਸਾਂਝ ਤੇ ਸਹਿਯੋਗ ਭਰਿਆ ਹੋਵੇਗਾ। ਸ੍ਰੀ ਦਾਹੀਆ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਲੋਕਾਂ ਨੇ ਕੋਵਿਡ ਦੀ ਜੰਗ ਦੌਰਾਨ ਜ਼ਿਲ੍ਹਾ ਪੁਲਿਸ ਨੂੰ ਬਹੁਤ ਪੂਰਨ ਸਹਿਯੋਗ ਦਿੱਤਾ ਹੈ ਅਤੇ ਉਹ ਆਸ ਕਰਦੇ ਹਨ ਕਿ ਦੀਵਾਲੀ ਅਤੇ ਤਿਉਹਾਰਾਂ ਦਾ ਸੀਜਨ ਲੋਕਾਂ ਲਈ ਖੁਸ਼ੀਆਂ, ਤਰੱਕੀ ਅਤੇ ਚੰਗੀ ਸਿਹਤ ਦੇ ਸੁਨੇਹੇ ਲੈਕੇ ਆਵੇਗਾ।

ਜਿਕਰਯੋਗ ਹੈ ਕਿ ਪੰਜਾਬ ਪ੍ਰਦੂਸਨ ਰੋਕਥਾਮ ਬੋਰਡ ਨੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ ਕੀਤਾ ਹੈ, ਜਿਸ ਮੁਤਾਬਕ 14 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਪਟਾਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ। 30 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ। ਕ੍ਰਿਸਮਿਸ ਦੀ ਪੂਰਵ ਸੰਧਿਆ ‘ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਅਤੇ ਇਸੇ ਤਰ੍ਹਾਂ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।

—==

Leave a Reply

Your email address will not be published. Required fields are marked *