May 18, 2024

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

0

ਅੰਮ੍ਰਿਤਸਰ, 2 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਅੱਜ ਸਮੂਹ ਸਟਾਫ, ਵੱਖ ਵੱਖ ਏਅਰਲਾਈਨਜ਼ ਦੇ ਸਟਾਫ ਅਤੇ ਸਕਿਓਰਿਟੀ ਸਟਾਫ ਵੱਲੋਂ ਸ੍ਰੀ ਗੁਰੂ ਰਾਮ ਦਾਸ ਦੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਦੂਜੀ ਵਾਰ ਹੈ ਜਦੋਂ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਏਅਰਪੋਰਟ ‘ਤੇ ਸਮਾਗਮ ਕਰਵਾਏ ਗਏ ਹਨ। ਇਹਨਾਂ ਦੀ ਸ਼ੁਰੂਆਤ ਪਿਛਲੇ ਸਾਲ ਤੋਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪ੍ਰਕਾਸ਼ ਪੁਰਬ ‘ਤੇ ਸਿਰਫ ਅਰਦਾਸ ਹੀ ਕੀਤੀ ਜਾਂਦੀ ਸੀ ਤੇ ਪਿਛਲੇ ਸਾਲ ਤੋਂ ਸਮੂਹ ਸਟਾਫ ਰਲ ਕੇ ਕੀਰਤਨ ਸਮਾਗਮ ਕਰਵਾਉਣੇ ਆਰੰਭ ਕੀਤੇ ਹਨ।

ਇਸ ਮੌਕੇ ਦੀਵਾਨ ਸਜਾਏ ਗਏ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗ ਭਾਈ ਕਰਨੈਲ ਸਿੰਘ ਤੇ ਉਹਨਾਂ ਦੇ ਜੱਥੇ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਗੁਰੂ ਰਾਮ ਦਾਸ ਦੇ ਜੀਵਨ ਬਾਰੇ ਕਥਾ ਕਰ ਕੇ ਸੰਗਤਾਂ ਨੂੰ ਗੁਰੂ ਇਤਿਹਾਸ  ਤੋਂ ਜਾਣੂ ਕਰਵਾਇਆ। ਸਮਾਗਮ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੰਦਰ ਸਥਿਤ ਗੁਰਦੁਆਰਾ ਬਾਬਾ ਜਵੰਧਾ ਸਿੰਘ ਤੋਂ ਸਮਾਗਮ ਵਾਲੀ ਥਾਂ ਬੈਂਡ ਵਾਜਿਆਂ ਨਾਲ ਫੁੱਲਾਂ ਦੀ ਵਰਖਾ ਕਰਦਿਆਂ ਲਿਆਂਦੇ ਗਏ ਤੇ ਸਮਾਗਮ ਮਗਰੋਂ  ਵਾਪਸ ਵੀ ਇਸੇ ਤਰੀਕੇ ਗੁਰਦੁਆਰਾ ਸਾਹਿਬ ਤੱਕ ਲਿਜਾਏ ਗਏ।

ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਏਅਰਪੋਰਟ ਦੇਸ਼ ਦਾ ਇਕਲੌਤਾ ਏਅਰਪੋਰਟ ਹੈ ਜੋ ਕੋਰੋਨਾ ਸੰਕਟ ਵੇਲੇ ਵੀ ਚਾਲੂ ਰਿਹਾ ਭਾਵੇਂ ਕਿ ਇਥੇ ਵਿਸ਼ੇਸ਼ ਉਡਾਣਾਂ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲੈ ਕੇ ਆਉਂਦੀਆਂ ਤੇ ਜਾਂਦੀਆਂ ਰਹੀਆਂ। ਦੇਸ਼ ਦੇ ਬਾਕੀ ਸਭ ਹਵਾਈ ਅੱਡੇ ਇਸ ਲਾਕ ਡਾਊਨ ਦੌਰਾਨ ਬੰਦ ਸਨ।

ਇਸ ਮੌਕੇ ਸਮਾਗਮ ਵਿਚ ਗਿਆਨੀ ਬਲਵਿੰਦਰ ਸਿੰਘ ਨੇ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਵੀ ਕੇ ਸੇਠ, ਸੀ ਆਈ ਐਸ ਐਫ ਦੇ ਇੰਚਾਰਜ ਸ੍ਰੀ ਧਰਮਵੀਰ ਯਾਦਵ, ਸ੍ਰੀ ਹਰੀ ਪਾਲ, ਵਿਸਤਾਰਾ ਦੇ ਏ ਵੀ ਐਮ ਅਰੁਣ ਕਪੂਰ, ਇੰਡੀਗੋ ਦੇ ਸ੍ਰੀ ਗਗਨਦੀਪ ਸਿੰਘ, ਸਪਾਈਸਜੈਟ ਦੇ ਸ੍ਰੀ ਕਮਲ ਕਿਸ਼ੋਰ, ਏਅਰ ਇੰਡੀਆ ਦੇ ਸ੍ਰੀ ਨਿਰੰਜਣ ਸਿੰਘ, ਕਾਰਗੋ ਇੰਚਾਰਜ ਸ੍ਰੀ ਸਿਮਰਨਜੀਤ ਸਿੰਘ, ਏਅਰਪੋਰਟ ਵਿਕਾਸ ਮੰਚ ਦੇ ਮਨਮੋਹਨ ਸਿੰਘ ਅਤੇ ਸਟਾਫ ਮੈਂਬਰਾਂ ਤੋਂ ਸ੍ਰੀ ਕੰਵਲਜੀਤ ਸਿੰਘ, ਗੁਰਦੀਪ ਸਿੰਘ, ਯਾਦਵਿੰਦਰ ਸਿੰਘ, ਕੁਲਜੀਤ ਸਿੰਘ, ਅਮਰੀਕ ਸਿੰਘ ਤੇ ਮਨਦੀਪ ਸਿੰਘ ਆਦਿ ਸਟਾਫ ਮੈਂਬਰਾਂ ਇਸ ਮੌਕੇ ਦੀਵਾਨ ਸਮਾਗਮ ਸਜਾਉਣ ਸਮੇਤ ਹੋਰ ਸੇਵਾਵਾਂ ਨਿਭਾਈਆਂ।

===’

Leave a Reply

Your email address will not be published. Required fields are marked *