June 16, 2024

ਖੇਤ ਵਿਚ ਲੱਗੀ ਅੱਗ ਤੱਕ ਸੈਕਟਰ ਅਧਿਕਾਰੀ ਨੂੰ ਪਹੁੰਚਾਏਗਾ ‘ਐਪ’- ਡਿਪਟੀ ਕਮਿਸ਼ਨਰ

0

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ

*ਹਰੇਕ ਖੇਤ ਉਪਰ ਉਪਗ੍ਰਹਿ ਨਾਲ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ

ਅੰਮ੍ਰਿਤਸਰ / 26 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਅੰਮ੍ਰਿਤਸਰ ਜਿਲੇ ਵਿਚ ਸ਼ੁਰੂ ਹੋ ਚੁੱਕੇ ਸਾਉਣੀ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਰਿਮੋਟ ਸੈਂਸਿੰਗ ਏਜੰਸੀ ਦੁਆਰਾ ਤਿਆਰ ਕੀਤੇ ਵਿਸ਼ੇਸ਼ ਮੋਬਾਈਲ ਐਪ ਦੀ ਮਦਦ ਲਈ ਜਾ ਰਹੀ ਹੈ, ਜੋ ਕਿ ਹਰੇਕ ਪਿੰਡ ਪੱਧਰ ਉਤੇ ਲਗਾਏ ਗਏ ਸੈਕਟਰ ਅਧਿਕਾਰੀ ਨੂੰ ਸਿੱਧਾ ਅੱਗ ਵਾਲੇ ਖੇਤ ਤੱਕ ਪਹੁੰਚਾਏਗਾ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਾਰੇ ਪੰਜਾਬ ਵਿਚੋਂ ਸਭ ਤੋਂ ਪਹਿਲਾਂ ਝੋਨੇ ਦੀ ਵਾਢੀ ਅੰਮ੍ਰਿਤਸਰ ਵਿਚ ਸ਼ੁਰੂ ਹੁੰਦੀ ਹੈ ਅਤੇ ਕਈ ਕਿਸਾਨ ਜਿੰਨਾ ਨੇ ਸਬਜੀ ਬੀਜਣੀ ਹੁੰਦੀ ਹੈ, ਉਹ ਕਾਹਲੀ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਰੋਕਣ ਲਈ ਅਸੀਂ ਹਰ ਤਰਾਂ ਦੀ ਤਿਆਰੀ ਕੀਤੀ ਹੈ।

ਉਨਾਂ ਦੱਸਿਆ ਕਿ ਅਸੀਂ ਪਿੰਡ ਪੱਧਰ ‘ਤੇ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਾਲ-ਨਾਲ ਪਿੰਡਾਂ ਦੇ ਸਮੂਹਾਂ ਉਤੇ ਕਲਸਰ ਅਧਿਕਾਰੀ ਵੀ ਤਾਇਨਾਤ ਕੀਤੇ ਹਨ, ਜੋ ਕਿ ਉਪਗ੍ਰਹਿ ਤੋਂ ਪ੍ਰਾਪਤ ਹੋਈ ਸੂਚਨਾ ਦੇ ਅਧਾਰ ਉਤੇ ਸਬੰਧਤ ਖੇਤ ਦੇ ਮਾਲਕ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਨਾਉਣਗੇ। ਉਨਾਂ ਸਾਰੇ ਐਸ. ਡੀ. ਐਮ. ਅਤੇ ਮਾਲ ਵਿਭਾਗ ਦੇ ਸਰਕਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਕੀਤੀ ਗਈ ਯੋਜਨਾਬੰਦੀ ਤਹਿਤ ਹਰੇਕ ਸੈਕਟਰ ਅਧਿਕਾਰੀ ਉਤੇ ਨਜ਼ਰ ਰੱਖਣ, ਕਿ ਉਹ ਸੈਟੇਲਾਈਟ ਤੋਂ ਮਿਲ ਰਹੀ ਜਾਣਕਾਰੀ ਉਤੇ ਮਿਥੇ ਸਮੇਂ ਵਿਚ ਕਾਰਵਾਈ ਕਰੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਇਸ ਕੰਮ ਨੂੰ ਮਿਸ਼ਨ ਵਜੋਂ ਕਰ ਰਹੇ ਹਾਂ, ਜਿਸ ਵਿਚ ਕਿਸਾਨਾਂ ਦੇ ਨਾਲ-ਨਾਲ ਪੰਚਾਇਤਾਂ, ਖੁਸ਼ਹਾਲੀ ਦੇ ਰਾਖਿਆਂ, ਬਿਜਲੀ ਵਿਭਾਗ, ਸਹਿਕਾਰਤਾ ਵਿਭਾਗ, ਪ੍ਰਦੂਸ਼ਣ ਵਿਭਾਗ, ਖੇਤੀਬਾੜੀ ਵਿਭਾਗ, ਮਾਲ ਵਿਭਾਗ ਆਦਿ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਸ. ਖਹਿਰਾ ਨੇ ਕਿਹਾ ਕਿ ਅਸੀਂ ਪਹਿਲਾਂ ਕਿਸਾਨ ਨੂੰ ਖੇਤੀਬਾੜੀ ਅਤੇ ਹੋਰ ਵਿਭਾਗਾਂ ਦੀ ਮਦਦ ਨਾਲ ਪਰਾਲੀ ਨੂੰ ਨਾ ਸਾੜਨ ਅਤੇ ਇਸ ਤੋਂ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਕਿਸਾਨ ਨੂੰ ਸਮਝਾਇਆ ਹੈ। ਪਰਾਲੀ ਦੀ ਸਾਂਭ-ਸੰਭਾਲ ਲਈ ਖੇਤੀ ਸੰਦ ਵੀ ਸਰਕਾਰ ਦੁਆਰਾ ਸਬਸਿਡੀ ਉਤੇ ਦਿੱਤੇ ਗਏ ਹਨ, ਪਰ ਫਿਰ ਵੀ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜਿਸ ਤਰਾਂ ਝੋਨੇ ਦੀ ਵਾਢੀ ਵਿਚ ਅੰਮ੍ਰਿਤਸਰ ਮੋਹਰੀ ਜਿਲ•ਾ ਹੈ, ਜੇਕਰ ਪਰਾਲੀ ਦੀ ਸੁਚੱਜੀ ਸੰਭਾਲ ਲਈ ਵੀ ਸਾਡੇ ਕਿਸਾਨ ਮੋਹਰੀ ਹੋ ਕੇ ਕੰਮ ਕਰਨ ਤਾਂ ਸਮੁੱਚੇ ਪੰਜਾਬ ਦੇ ਕਿਸਾਨ ਇੰਨਾਂ ਦੀ ਅਗਵਾਈ ਕਬੂਲਦੇ ਹੋਏ ਆਪਣੀ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ।

Leave a Reply

Your email address will not be published. Required fields are marked *