ਮਿਸ਼ਨ ਫਤਿਹ: ਜ਼ਿਲ੍ਹਾ ਪੁਲਿਸ ਨੇ ਮੁਫ਼ਤ ਵੰਡ 3000 ਮਾਸਕ ਤੇ ਵਿਟਾਮਿਨ-ਸੀ ਦੀਆਂ ਗੋਲੀਆਂ

*ਐਸ.ਐਸ.ਪੀ. ਵਲੋਂ ਲੋਕਾਂ ਨੂੰ ਸਿਹਤ ਸੁਰੱਖਿਆ ਹਦਾਇਤਾਂ ਦੀ ਇਨ-ਬਿਨ ਪਾਲਣਾ ਦੀ ਅਪੀਲ ***ਕਿਹਾ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਇਸ ਦੀ ਰੋਕਥਾਮ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ
ਹੁਸ਼ਿਆਰਪੁਰ / 08 ਅਗਸਤ / ਨਿਊ ਸੁਪਰ ਭਾਰਤ ਨਿਊਜ
ਜ਼ਿਲ੍ਹੇ ਦੀਆਂ ਸਬ-ਡਵੀਜ਼ਨਾਂ ਵਿੱਚ ਪੁਲਿਸ ਅਧਿਕਾਰੀਆਂ ਵਲੋਂ ਅੱਜ ਲੋਕਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰਦਿਆਂ 3 ਹਜ਼ਾਰ ਤੋਂ ਵੱਧ ਮਾਸਕ ਅਤੇ ਵਿਟਾਮਿਨ-ਸੀ ਦੀਆਂ ਗੋਲੀਆਂ ਮੁਫ਼ਤ ਵੰਡੀਆਂ ਗਈਆਂ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਅੱਜ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮੁਕੇਰੀਆਂ, ਦਸੂਹਾ, ਤਲਵਾੜਾ, ਟਾਂਡਾ, ਹੁਸ਼ਿਆਰਪੁਰ, ਗੜ੍ਹਸ਼ੰਕਰ ਆਦਿ ਵਿੱਚ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਮੁਫ਼ਤ ਮਾਸਕ ਵੰਡਦਿਆਂ ਕੋਰੋਨਾ ਤੋਂ ਬਚਾਅ ਲਈ ਹਦਾਇਤਾਂ ਬਾਰੇ ਜਾਣੂ ਕਰਵਾਇਆ।


ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਦੀ ਹਰ ਹਾਲ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਵਧੇਰੇ ਲੋਕ ਹਿੱਤਾਂ ਲਈ ਸਾਨੂੰ ਸਾਰਿਆਂ ਨੂੰ ਇਹ ਹਦਾਇਤਾਂ ਆਪਣੀ ਰੋਜ਼ਮਰਾ ਦੀ ਜਿੰਦਗੀ ਵਿੱਚ ਅਪਨਾਉਣੀਆਂ ਚਾਹੀਦੀਆਂ ਹਨ ਤਾਂ ਜੋ ਕੋਰੋਨਾ ਮਹਾਂਮਾਰੀ ਦੇ ਹੋਰ ਫੈਲਾਅ ਨੂੰ ਅਸਰਦਾਰ ਢੰਗ ਨਾਲ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਸੁਰੱਖਿਆ ਨੇਮਾਂ ਤਹਿਤ ਸਭਨਾਂ ਨੂੰ ਸਹੀ ਢੰਗ ਨਾਲ ਮਾਸਕ ਪਾਉਣਾ, ਇਕ ਦੂਜੇ ਤੋਂ ਲੋੜੀਂਦੀ ਦੂਰੀ ਬਣਾ ਕੇ ਰੱਖਣੀ ਅਤੇ ਸਮੇਂ-ਸਮੇਂ ਸਿਰ ਸਹੀ ਢੰਗ ਨਾਲ ਹੱਥ ਧੋਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟਮਈ ਹਾਲਾਤ ਵਿੱਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਬਣਦੀ ਭੂਮਿਕਾ ਅਦਾ ਕੀਤੀ ਜਾਵੇ।
