ਸੋਮਵਾਰ ਨੂੰ ਪੰਜਾਬ ਵਿਚ ਖੋਲੀਆਂ ਜਾਣਗੀਆਂ ਕੋਰੋਨਾ ਟੈਸਟ ਲਈ ਚਾਰ ਨਵੀਂਆਂ ਲੈਬਾਰਟਰੀਆਂ- ਸੋਨੀ
*ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਵੱਲੋਂ ਕੋਵਿਡ-19 ਦੀ ਸਥਿਤੀ ਉਤੇ ਸਮੀਖਿਆ **ਮੈਡੀਕਲ ਕਾਲਜਾਂ ਵਿਚ ਕਰੀਬ 6 ਲੱਖ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ
ਅੰਮ੍ਰਿਤਸਰ / 08 ਅਗਸਤ / ਨਿਊ ਸੁਪਰ ਭਾਰਤ ਨਿਊਜ
ਰਾਜ ਵਿਚ ਕੋਵਿਡ-19 ਕੇਸਾਂ ਦੀ ਜਾਂਚ ਲਈ ਸੋਮਵਾਰ ਨੂੰ ਤਿੰਨ ਸ਼ਹਿਰਾਂ ਵਿਚ ਚਾਰ ਨਵੀਆਂ ਲੈਬਾਰਟਰੀ ਖੋਲੀਆਂ ਜਾਣਗੀਆਂ, ਜਿਸ ਨਾਲ ਪੰਜਾਬ ਦੀ ਰੋਜ਼ਾਨਾ ਕੋਰੋਨਾ ਟੈਸਟ ਸਮਰੱਥਾ 16 ਹਜ਼ਾਰ ਹੋ ਜਾਵੇਗੀ। ਇਹ ਪ੍ਰਗਟਾਵਾ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ ਸਰਕਟ ਹਾਊਸ ਵਿਚ ਕੋਰੋਨਾ ਸਬੰਧੀ ਕੀਤੀ ਹਫਤਾਵਾਰੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਦੱਸਿਆ ਕਿ ਮੁਹਾਲੀ ਵਿਚ ਦੋ ਲੈਬ ਅਤੇ ਲੁਧਿਆਣਾ ਤੇ ਜਲੰਧਰ ਵਿਚ ਇਕ-ਇਕ ਲੈਬ ਖੋਲੀਆਂ ਜਾ ਰਹੀਆਂ ਹਨ। ਇੰਨਾਂ ਸਾਰੀਆਂ ਦੀ ਸਮਰੱਥਾ ਇਕ-ਇਕ ਹਜ਼ਾਰ ਦੀ ਰੋਜਾਨਾ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਖਾਲਫ ਲੜਾਈ ਲਈ ਅਸੀਂ ਪੂਰੀ ਤਰਾਂ ਤਿਆਰ ਹਾਂ। ਪਹਿਲਾਂ ਮੈਡੀਕਲ ਕਾਲਜਾਂ ਦੀ ਰੋਜ਼ਾਨਾ ਸਮਰੱਥਾ 12 ਹਜ਼ਾਰ ਸੀ , ਜੋ ਹੁਣ 16 ਹਜ਼ਾਰ ਹੋ ਜਾਵੇਗੀ ਅਤੇ ਅਗਲੇ ਇਕ ਮਹੀਨੇ ਤੱਕ ਅਸੀਂ ਇਹ ਵਧਾ ਕੇ 20 ਹਜ਼ਾਰ ਟੈਸਟ ਰੋਜ਼ਾਨਾ ਕਰਨਾ ਸ਼ੁਰੂ ਕਰ ਦਿਆਂਗੇ। ਸ੍ਰੀ ਸੋਨੀ ਨੇ ਦੱਸਿਆ ਕਿ ਪਹਿਲਾਂ ਇਕ ਟੈਸਟ ਪੰਜਾਬ ਵਿਚ ਇਸ ਬਿਮਾਰੀ ਦਾ ਨਹੀਂ ਸੀ ਹੁੰਦਾ, ਸਾਨੂੰ ਨਮੂਨੇ ਪੂਨੇ ਭੇਜਣੇ ਪੈਂਦੇ ਸੀ, ਜਿੱਥੇ 5-7 ਦਿਨ ਲੱਗ ਜਾਂਦੇ ਸਨ। ਸ੍ਰੀ ਸੋਨੀ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ 591744 ਟੈਸਟ ਕੀਤੇ ਜਾ ਚੁੱਕੇ ਹਨ, ਜਿੰਨਾ ਵਿਚੋਂ ਪਟਿਆਲਾ ਵਿਚ 222822, ਅੰਮ੍ਰਿਤਸਰ ਮੈਡੀਕਲ ਕਾਲਜ ਵਿਚ 206973 ਅਤੇ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ 161949 ਕੋਵਿਡ ਟੈਸਟ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਹੋਏ ਟੈਸਟਾਂ ਵਿਚੋਂ ਮੈਡੀਕਲ ਕਾਲਜਾਂ ਵਿਚ 17287 ਵਿਅਕਤੀ ਪਾਜ਼ੀਟਵ ਆਏ ਅਤੇ 221 ਮੌਤਾਂ ਹੋਈਆਂ ਹਨ।
ਉਨਾਂ ਦੱਸਿਆ ਕਿ ਅੱਜ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਸ਼ਹਿਰ ਦੇ ਉਹ ਸਥਾਨ, ਜਿੱਥੇ ਲੋਕ ਭਾਰੀ ਗਿਣਤੀ ਵਿਚ ਆਉਂਦੇ-ਜਾਂਦੇ ਹਨ, ਉਨਾਂ ਦੇ ਕੋਵਿਡ ਟੈਸਟ ਕੀਤੇ ਜਾਣ। ਉਨਾਂ ਦੱਸਿਆ ਕਿ ਇੰਨਾਂ ਵਿਚ ਵੱਡੇ ਢਾਬੇ, ਹੋਟਲ, ਰੈਸਟੋਰੈਂਟ ਆਦਿ ਉਹ ਥਾਵਾਂ ਹੋਣਗੀਆਂ, ਜਿੱਥੇ ਰੋਜ਼ਾਨਾ ਲੋਕ ਆਉਂਦੇ ਹਨ। ਉਨਾਂ ਸ਼ਹਿਰ ਦੀ ਮੌਜੂਦਾ ਸਥਿਤੀ ਉਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਅੰਮ੍ਰਿਤਸਰ ਵਿਚ ਫਿਲਹਾਲ ਕੋਈ ਕਰਫਿਊ ਲਗਾਉਣ ਦੀ ਤਜਵੀਜ ਨਹੀਂ ਹੈ, ਪਰ ਲੋਕਾਂ ਨੂੰ ਇਸ ਲਈ ਸਾਵਧਾਨੀ ਜ਼ਰੂਰ ਰੱਖਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਉਤੇ ਅਮਲ ਕਰੋ, ਮਾਸਕ ਪਾ ਕੇ ਰੱਖੋ ਤਾਂ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਦੋ ਗਜ਼ ਦੀ ਦੂਰੀ ਉਤੇ ਰਹਿ ਕੇ ਆਪਣੇ ਕੰਮ-ਧੰਦੇ ਕਰੀਏ। ਸ੍ਰੀ ਸੋਨੀ ਨੇ ਕਿਹਾ ਕਿ ਜਿੰਨੀ ਮਿਹਨਤ ਸਾਡੇ ਲੋਕ ਨੁੰਮਾਇਦੇ ਤੇ ਅਧਿਕਾਰੀ ਕਰ ਰਹੇ ਹਨ, ਉਸ ਦਾ ਨਤੀਜਾ ਤਾਂ ਹੀ ਮਿਲਣਾ ਹੈ ਜੇਕਰ ਅਸੀਂ ਸਾਵਧਾਨੀ ਵਰਤਾਂਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਲਾਪਰਵਾਹੀ ਵਰਤ ਕੇ ਕੋਰੋਨਾ ਨੂੰ ਘਰ ਆਉਣ ਦਾ ਸੱਦਾ ਨਾ ਦਿਉ, ਜੇ ਤੁਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਤਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਉਤੇ ਅਮਲ ਕਰਨਾ ਪਵੇਗਾ। ਉਨਾਂ ਕਿਹਾ ਕਿ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਸਾਰਾ ਕੁੱਝ ਕਰ ਰਹੇ ਹਾਂ, ਪਰ ਕਾਮਯਾਬੀ ਤਾਂ ਹੀ ਮਿਲਣੀ ਹੈ ਜੇਕਰ ਲੋਕ ਆਪਣਾ ਯੋਗਦਾਨ ਪਾਉਣ। ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿਤਲ, ਸਿਵਲ ਸਰਜਨ ਡਾ. ਨਵਦੀਪ ਸਿੰਘ, ਪ੍ਰਿੰਸੀਪਲ ਸ੍ਰੀ ਰਾਜੀਵ ਦੇਵਗਨ, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।