June 2, 2024

ਸਰਬੱਤ ਦਾ ਭਲਾ ਟਰੱਸਟ ਵੱਲੋਂ ਰੈੱਡ ਕਰਾਸ ਅੰਮ੍ਰਿਤਸਰ ਨੂੰ ‘ਅੰਤਿਮ ਯਾਤਰਾ ਗੱਡੀ’ ਭੇਟ ਡਾ.ਓਬਰਾਏ ਦੀ ਨਿਰਸਵਾਰਥ ਵੱਡੀ ਸੇਵਾ ਦੀ ਕਿਧਰੇ ਕੋਈ ਮਿਸਾਲ ਨਹੀਂ: ਡਿਪਟੀ ਕਮਿਸ਼ਨਰ

0

ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਅੰਤਿਮ ਯਾਤਰਾ ਗੱਡੀ ਦੀਆਂ ਚਾਬੀਆਂ ਸੌਂਪਣ ਮੌਕੇ ਡਾ.ਐੱਸ.ਪੀ.ਸਿੰਘ ਓਬਰਾਏ ਨਾਲ ਮੈਡਮ ਅਲਕਾ ਕਾਲੀਆ ਤੇ ਟਰੱਸਟ ਦੇ ਅਹੁਦੇਦਾਰ।

*ਜ਼ਿਲਾ ਪ੍ਰਸ਼ਾਸਨਾਂ ਦੀ ਮੰਗ ‘ਤੇ ਟਰੱਸਟ ਦੇਵੇਗੀ ਆਕਸੀਮੀਟਰ : ਡਾ.ਓਬਰਾਏ

ਅੰਮ੍ਰਿਤਸਰ / 17 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਕਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਦੇ ਨਾਲ-ਨਾਲ ਸਿਵਲ ਤੇ ਸਿਹਤ ਪ੍ਰਸ਼ਾਸ਼ਨ ਦੀਆਂ ਹਰੇਕ ਤਰਾਂ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੇ ਪੱਲਿਓਂ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ਅੰਦਰ ਇੱਕ ਜ਼ਿਕਰਯੋਗ ਮਿਸਾਲ ਬਣ ਚੁੱਕੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਦੀ ਮੌਜੂਦਗੀ ‘ਚ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਇੱਕ ‘ਅੰਤਿਮ ਯਾਤਰਾ ਗੱਡੀ’ ਭੇਟ ਕੀਤੀ ਗਈ।

 ਇਸ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਕੀਤੀ ਗਈ ਬੇਨਤੀ ਨੂੰ ਤੁਰੰਤ ਪੂਰਾ ਕਰਦਿਆਂ ਡਾ.ਓਬਰਾਏ ਨੇ ਸਥਾਨਕ ਰੈੱਡ ਕਰਾਸ ਸੁਸਾਇਟੀ ਨੂੰ ਲੋੜੀਂਦੀ ਅੰਤਿਮ ਯਾਤਰਾ ਗੱਡੀ ਦੇ ਕੇ ਵੱਡਾ ਪਰਉਪਕਾਰ ਕੀਤਾ ਹੈ। ਉਨਾਂ ਇਹ ਵੀ ਕਿਹਾ ਕਿ ਡਾ.ਓਬਰਾਏ ਦੇ ਟਰੱਸਟ ਵੱਲੋਂ ਬਿਨਾਂ ਕਿਸੇ ਸਵਾਰਥ ਦੇ ਆਪਣੇ ਕੋਲੋਂ ਕਰੋੜਾਂ ਰੁਪਏ ਖਰਚ ਕਰ ਕੇ ਇਸ ਔਖੀ ਘੜੀ ਵੇਲੇ ਸਿਹਤ ਤੇ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਦੀ ਕੀਤੀ ਜਾ ਰਹੀ ਵੱਡੀ ਮਦਦ ਦੀ ਪੂਰੀ ਦੁਨੀਆਂ ਅੰਦਰ ਕਿਧਰੇ ਕੋਈ ਹੋਰ ਮਿਸਾਲ ਨਹੀਂ ਮਿਲਦੀ। ਉਨਾਂ ਸ.ਓਬਰਾਏ ਨੂੰ ਇਹ ਭਰੋਸਾ ਵੀ ਦਿੱਤਾ ਕਿ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ‘ਚ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪੂਰਾ ਸਾਥ ਦਿੱਤਾ ਜਾਵੇਗਾ।

ਇਸੇ ਦੌਰਾਨ ਬੋਲਦਿਆਂ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਉਬਰਾਏ ਨੇ ਕਿਹਾ ਕਿ ਟਰੱਸਟ ਵੱਲੋਂ ਪਹਿਲਾਂ ਹੀ ਜਿੱਥੇ ਵੱਖ-ਵੱਖ ਜ਼ਿਲਿਆਂ ਦੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਪੰਜਾਬ ਦੇ ਸਾਰੇ ਹੀ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ ਨੂੰ ਵੱਡੀ ਮਾਤਰਾ ਵਿੱਚ ਲੋੜੀਂਦੇ ਵੈਂਟੀਲੇਟਰ, ਪੀ.ਪੀ.ਈ. ਕਿੱਟਾਂ, ਸੈਨੀਟਾਈਜ਼ਰ, ਸਰਜੀਕਲ ਤੇ ਐੱਨ-95 ਮਾਸਕ, ਇਨਫਰਾਰੈੱਡ ਥਰਮਾਮੀਟਰ ਤੇ ਹੋਰ ਜ਼ਰੂਰੀ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੁਣ ਟਰੱਸਟ ਵੱਲੋਂ ਜ਼ਿਲਾ ਪ੍ਰਸ਼ਾਸਨਾਂ ਦੀ ਮੰਗ ਤੇ ਉਨਾਂ ਨੂੰ ਲੋੜੀਂਦੇ ਆਕਸੀਮੀਟਰ ਦੇਣੇ ਵੀ ਅਰੰਭ ਕਰ ਦਿੱਤੇ ਹਨ। ਉਨਾਂ ਦੱਸਿਆ ਕਿ ਇਸ ਮਹੀਨੇ ਵੀ ਸਮੁੱਚੇ ਪੰਜਾਬ ਅੰਦਰ ਕਰੋਨਾ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਏ ਅੰਗਹੀਣ ਲੋਕਾਂ ਤੋਂ ਇਲਾਵਾ ਗ੍ਰੰਥੀ, ਰਾਗੀ ਤੇ ਢਾਡੀ ਸਿੰਘਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਡਾ. ਓਬਰਾਏ ਨੇ ਇਹ ਵੀ ਸਪੱਸ਼ਟ ਕੀਤਾ ਕਿ ਟਰੱਸਟ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਹੀ ਸੇਵਾਵਾਂ ਇਸ ਮਹਾਂਮਾਰੀ ਦੇ ਖਤਮ ਹੋਣ ਤੱਕ ਨਿਰੰਤਰ ਜਾਰੀ ਰਹਿਣਗੀਆਂ।

          ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਉਪ ਚੇਅਰਮੈਨ ਮੈਡਮ ਅਲਕਾ ਕਾਲੀਆ, ਜ਼ਿਲਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਟਰੱਸਟ ਦੇ ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਖ਼ਜ਼ਾਨਚੀ ਨਵਜੀਤ ਸਿੰਘ ਘਈ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਰਣਧੀਰ ਠਾਕੁਰ ਵੀ ਹਾਜਰ ਸਨ।

Leave a Reply

Your email address will not be published. Required fields are marked *