ਪਾਪੜ ਵੇਚਣ ਵਾਲੇ ਲੜਕੇ ਨਾਲ ਮੁੱਖ ਮੰਤਰੀ ਨੇ ਕੀਤੀ ਵੀਡੀਓ ਕਾਲ ਜ਼ਰੀਏ ਗੱਲਬਾਤ
![](https://www.newsuperbharat.com/wp-content/uploads/2020/09/14-sep-2-PN-2-1024x544.jpeg)
***ਮਨਪ੍ਰੀਤ ਸਿੰਘ ਦੀ ਹਿੰਮਤ ਤੇ ਜਜ਼ਬੇ ਨੂੰ ਕੀਤੀ ਸਲਾਮ
ਅੰਮ੍ਰਿਤਸਰ, 14 ਸਤੰਬਰ ( ਨਿਊ ਸੁਪਰ ਭਾਰਤ ਨਿਊਜ਼ )-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨਾ ਨੇ ਬੀਤੇ ਦਿਨੀਂ ਅੰਮ੍ਰਿਤਸਰ ਦੇ ਲੜਕੇ ਮਨਪ੍ਰੀਤ ਸਿੰਘ ਦੀ ਪਾਪੜ ਵੜੀਆਂ ਵੇਖਦੇ ਦੀ ਵੀਡੀਓ, ਜਿਸ ਵਿਚ ਉਹ ਵਾਧੂ ਪੈਸੇ ਲੈਣ ਤੋਂ ਇਨਕਾਰ ਕਰਦਾ ਵਿਖਾਈ ਦਿੱਤਾ ਸੀ, ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ, ਨਾਲ ਅੱਜ ਵੀਡੀਓ ਕਾਲ ਜ਼ਰੀਏ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਬੱਚੇ ਦੇ ਜਜ਼ਬੇ ਅਤੇ ਹਿੰਮਤ ਨੂੰ ਸਲਹਾਉਂਦੇ ਕਿਹਾ ਕਿ ਤੁਹਾਡੇ ਵਰਗੇ ਬੱਚੇ ਪੰਜਾਬੀਅਤ ਦੇ ਅਲੰਬਰਦਾਰ ਹਨ, ਜੋ ਕਿ ਆਪਣੀ ਮਿਹਨਤ ਨਾਲ ਕਮਾਈ ਕਰਕੇ ਆਪਣੇ ਪਰਿਵਾਰ ਦੀ ਰੋਟੀ ਚਲਾ ਰਹੇ ਹਨ।
ਉਨਾਂ ਨੇ ਮਨਪ੍ਰੀਤ ਸਿੰਘ ਨੂੰ ਹਰ ਤਰਾਂ ਦੀ ਸਹਾਇਤਾ ਦਾ ਵਚਨ ਦਿੰਦੇ ਕਿਹਾ ਕਿ ਸਰਕਾਰ ਤੁਹਾਡੀ ਅਤੇ ਤੁਹਾਡੀਆਂ ਭੈਣਾਂ ਦੀ ਪੜਾਈ ਦਾ ਇੰਤਜ਼ਾਮ ਵੀ ਕਰੇਗੀ, ਤਾਂ ਜੋ ਤੁਸੀਂ ਪੜ-ਲਿਖ ਕੇ ਅੱਗੇ ਵੱਧ ਸਕੋ। ਇਸ ਮੌਕੇ ਆਪਣੇ ਫੋਨ ਤੋਂ ਗੱਲਬਾਤ ਕਰਵਾ ਰਹੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੂੰ ਵੀ ਮੁੱਖ ਮੰਤਰੀ ਨੇ ਪਰਿਵਾਰ ਦੀ ਹਰ ਤਰਾਂ ਮਦਦ ਕਰਨ ਦੀ ਹਦਾਇਤ ਕੀਤੀ।
![](https://www.newsuperbharat.com/wp-content/uploads/2020/09/14-sep-2-PN-1-1024x576.jpeg)
ਗੱਲਬਾਤ ਮਗਰੋਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਉਸ ਨੂੰ ਬਹੁਤ ਚੰਗਾ ਲੱਗਾ ਅਤੇ ਹੁਣ ਉਹ ਹੋਰ ਮਨ ਲਗਾ ਕੇ ਆਪਣੇ ਕਿੱਤੇ ਦੇ ਨਾਲ-ਨਾਲ ਪੜਾਈ ਵੀ ਕਰੇਗਾ ਤਾਂ ਜੋ ਉਸਦਾ ਪਰਿਵਾਰ ਵੀ ਆਰਥਿਕ ਤੌਰ ਉਤੇ ਮਜ਼ਬੂਤ ਹੋ ਸਕੇ। ਉਸਨੇ ਮੁੱਖ ਮੰਤਰੀ ਵੱਲੋਂ ਦਿੱਤੀ ਆਰਥਿਕ ਅਤੇ ਮਾਨਸਿਕ ਸਹਾਇਤਾ ਲਈ ਧੰਨਵਾਦ ਵੀ ਕੀਤਾ।
![](https://www.newsuperbharat.com/wp-content/uploads/2020/09/14-sep-2-PN-4-1024x576.jpeg)