June 16, 2024

ਐਸ. ਐਮ. ਓ. ਡਾ. ਅਰੁਣ ਸ਼ਰਮਾ ਨੂੰ ਗਮਗੀਨ ਅੱਖਾਂ ਨਾਲ ਅੰਤਿਮ ਵਿਦਾਇਗੀ **ਸਿਹਤ ਮੰਤਰੀ ਵੱਲੋਂ ਡਾ. ਸ਼ਰਮਾ ਨੂੰ ਭਾਵ-ਭਿੰਨੀ ਸਰਧਾਂਜਲੀ

0

ਡਾ. ਅਰੁਣ ਸ਼ਰਮਾ ਦੇ ਅੰਤਿਮ ਸੰਸਕਾਰ ਮੌਕੇ ਸ. ਬਲਬੀਰ ਸਿੰਘ ਸਿੱਧੂ, ਸ੍ਰੀ ਓ ਪੀ ਸੋਨੀ, ਸ. ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਤੇ ਹੋਰ ਅਧਿਕਾਰੀ।

*ਡਾ. ਅਰੁਣ ਸ਼ਰਮਾ ਕੋਰੋਨਾ ਮਰੀਜਾਂ ਦੀ ਸੇਵਾ ਕਰਦਾ ਸ਼ਹੀਦ ਹੋਇਆ- ਸੋਨੀ ***ਸ਼ਹਿਰ ਵਾਸੀ ਸ਼ਰਮਾ ਦੀਆਂ ਸੇਵਾਵਾਂ ਨੂੰ ਸਦਾ ਯਾਦ ਰੱਖਣਗੇ- ਔਜਲਾ

ਅੰਮ੍ਰਿਤਸਰ / 30 ਅਗਸਤ / ਨਿਊ ਸੁਪਰ ਭਾਰਤ ਨਿਊਜ

ਕੋਵਿਡ-19 ਵਿਰੁੱਧ ਜਾਰੀ ਜੰਗ, ਜੋ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੜੀ ਦਲੇਰੀ ਨਾਲ ਲੜ ਰਹੀ ਹੈ, ਵਿਚ ਕੋਰੋਨਾ ਦੀ ਭੇਟ ਚੜੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਸ. ਐਮ. ਓ. ਡਾ. ਅਰੁਣ ਸ਼ਰਮਾ ਦਾ ਅੰਤਿਮ ਸੰਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਭਾਗ ਵੱਲੋਂ ਵਿਸ਼ੇਸ਼ ਤੌਰ ਉਤੇ ਡਾ. ਸ਼ਰਮਾ ਨੂੰ ਸ਼ਰਧਾਜਲੀ ਭੇਟ ਕਰਨ ਲਈ ਚੰਡੀਗੜ ਤੋਂ ਪੁੱਜੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਡਾਕਟਰੀ ਸਿੱਖਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿਤਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਸਿਵਲ ਸਰਜਨ ਡਾ. ਨਵਦੀਪ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜੀਵ ਦੇਵਗਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਡਾ. ਅਰੁਣ ਸ਼ਰਮਾ ਦੀ ਮ੍ਰਿਤਕ ਦੇਹ ਉਤੇ ਫੁੱਲ ਮਲਾਵਾਂ ਭੇਟ ਕਰਕੇ ਉਨਾਂ ਨੂੰ ਸਰਧਾਂਜਲੀ ਦਿੱਤੀ ਗਈ।

                   ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਸ੍ਰੀ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਕੇਵਲ 53 ਸਾਲ ਦੀ ਉਮਰ ਵਿਚ ਕੋਰੋਨਾ ਕਾਰਨ ਮੌਤ ਦੇ ਮੂੰਹ ਜਾ ਪਏ ਡਾ. ਅਰੁਣ ਸ਼ਰਮਾ ਵਿਭਾਗ ਦੇ ਚੰਗੇ ਅਧਿਕਾਰੀ ਤੇ ਵਧੀਆ ਡਾਕਟਰ ਸਨ ਅਤੇ ਉਨਾਂ ਦੇ ਸਮੇਂ ਤੋਂ ਪਹਿਲਾਂ ਤੁਰ ਜਾਣ ਨਾਲ ਵਿਭਾਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ. ਸਿੱਧੂ ਨੇ ਕਿਹਾ ਕਿ ਮਾਰਚ ਦੇ ਮਹੀਨੇ ਤੋਂ ਉਹ ਕੋਰੋਨਾ ਵਿਰੁੱਧ ਜੰਗ ਵਿਚ ਦਿਨ-ਰਾਤ ਡਟੇ ਹੋਏ ਸਨ ਅਤੇ ਤਦ ਤੱਕ ਆਪਣਾ ਫਰਜ਼ ਨਿਭਾਉਂਦੇ ਰਹੇ, ਜਦ ਤੱਕ ਉਹ ਖ਼ੁਦ ਬਿਮਾਰ ਨਹੀਂ ਹੋ ਗਏ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਉਨਾਂ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਅਤੇ ਅਸੀਂ ਉਨਾਂ ਨੂੰ ਏਅਰ ਐਬੂਲੈਂਸ ਰਾਹੀਂ ਮੇਦਾਂਤਾ ਜਾਂ ਪੀ. ਜੀ. ਆਈ. ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਭਾਣਾ ਵਾਪਰ ਗਿਆ।

     ਇਸ ਮੌਕੇ ਸਰਧਾਂਜਲੀ ਭੇਟ ਕਰਨ ਲਈ ਪਹੁੰਚੇ ਸ੍ਰੀ ਓ ਪੀ ਸੋਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਡਾ. ਅਰੁਣ ਸ਼ਰਮਾ ਵੱਲੋਂ ਸੰਕਟ ਮੌਕੇ ਜਿਲਾ ਵਾਸੀਆਂ ਨੂੰ ਦਿੱਤੀਆਂ ਸੇਵਾਵਾਂ ਨੂੰ ਯਾਦ ਕਰਦੇ ਕਿਹਾ ਕਿ ਉਹ ਸੱਚਮੁੱਚ ਕਰੋਨਾ ਯੋਧਾ ਸਨ ਅਤੇ ਆਖਰੀ ਸਮੇਂ ਤੱਕ ਇਕ ਫੌਜੀ ਦੀ ਤਰਾਂ ਆਪਣੀ ਡਿਊਟੀ ਉਤੇ ਡਟੇ ਰਹੇ। ਉਨਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਸੇਵਾ ਕਰਦੇ ਆਪਣੀ ਜਾਨ ਵਾਰ ਗਏ ਅਤੇ ਇਹ ਘਾਟਾ ਅਸੀਂ ਕਦੇ ਵੀ ਪੂਰਾ ਨਹੀਂ ਕਰ ਸਕਾਂਗੇ। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਡਾ. ਅਰੁਣ ਸ਼ਰਮਾ ਨੇ ਅੰਮ੍ਰਿਤਸਰ ਤੋਂ ਹੀ ਪੜਾਈ ਕਰਕੇ ਲੰਮੇ ਸਮੇਂ ਤੱਕ ਵੱਖ-ਵੱਖ ਥਾਵਾਂ ਉਤੇ ਆਪਣੀਆਂ ਸੇਵਾਵਾਂ ਦਿੱਤੀਆਂ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਬਲੱਡ ਬੈਂਕ ਸਥਾਪਤ ਕਰਨ ਮੌਕੇ ਵੀ ਬਤੌਰ ਵਿਸ਼ਾ ਮਾਹਿਰ ਉਨਾਂ ਨੇ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ। ਸ. ਔਜਲਾ ਨੇ ਕਿਹਾ ਕਿ ਅੱਜ ਉਨਾਂ ਦੇ ਤੁਰ ਜਾਣ ਦਾ ਸਾਨੂੰ ਵੱਡਾ ਦੁੱਖ ਹੈ ਅਤੇ ਇਕ ਮਾਹਿਰ ਡਾਕਟਰ ਦਾ ਘਾਟਾ ਸਾਡਾ ਸ਼ਹਿਰ ਕਦੇ ਵੀ ਪੂਰਾ ਨਹੀਂ ਕਰ ਸਕੇਗਾ।

Leave a Reply

Your email address will not be published. Required fields are marked *