ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਅਤੇ ਕੋਵਿਡ ਦੀਆਂ ਸਾਵਧਾਨੀਆਂ ਅਪਣਾ ਕੇ ਹੀ ਕਰੋਨਾ ਨੂੰ ਹਰਾਉਣਾ ਸੰਭਵ- ਡਾ ਚਰਨਜੀਤ ਕੁਮਾਰ

ਰੇਲਵੇ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਯਾਤਰੀਆਂ ਦੀ ਸਿਹਤ ਦੀ ਹੋ ਰਹੀ ਹੈ ਜਾਂਚ ਪੜਤਾਲ।
*ਨੱਕ ਅਤੇ ਮੂੰਹ ਨੂੰ ਪੁਰੀ ਤਰਾਂ ਢਕ ਕੇ ਹੀ ਮਾਸਕ ਪਾਉਣ ਦਾ ਫਾਇਦਾ- ਐਸ ਐਮ ਓ
ਸ੍ਰੀ ਅਨੰਦਪੁਰ ਸਾਹਿਬ / 29 ਅਗਸਤ / ਨਿਊ ਸੁਪਰ ਭਾਰਤ ਨਿਊਜ
ਕਰੋਨਾ ਮਹਾਂਮਾਰੀ ਦੋਰਾਨ ਇਸ ਬੀਮਾਰੀ ਦੇ ਸੰਕਰਮਣ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਹ ਬੇਹੱਦ ਜਰੂਰੀ ਹੈ ਕਿ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਸਹੀ ਢੰਗ ਨਾਲ ਕੀਤੀ ਜਾਵੇ ਕਿਉਂਕਿ ਜਾਣਕਾਰੀ ਦੀ ਅਣਹੋਂਦ ਕਾਰਨ ਕਈਵਾਰ ਆਮ ਲੋਕ ਇਹਨਾਂ ਸਾਵਧਾਨੀਆਂ ਨੂੰ ਅਪਣਾਉਣ ਦੇ ਬਾਵਜੂਦ ਕਰੋਨਾ ਵਾਇਰਸ ਦੇ ਖਤਰੇ ਤੋਂ ਦੂਰ ਨਹੀਂ ਹਨ ਕਿਉਂਕਿ ਉਹਨਾਂ ਵਲੋਂ ਸਾਵਧਾਨੀਆਂ ਦਾ ਪਾਲਣ ਦਰਸਾਏ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਨਹੀਂ ਕੀਤਾ ਜਾਂਦਾ ਹੈ।
ਇਹ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਡਾ ਚਰਨਜੀਤ ਕੁਮਾਰ ਨੇ ਅੱਜ ਇਥੇ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਭਾਵੇਂ ਹੁਣ ਆਮ ਲੋਕ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹਨ ਪ੍ਰੰਤੂ ਕਰੋਨਾ ਵਾਇਰਸ ਤੋਂ ਬਚਾਅ ਲਈ ਸੰਕਰਮਣ ਨਾਲ ਮੁਕਾਬਲਾ ਕਰਨ ਦੇ ਢੁਕਵੇਂ ਢੰਗ ਤਰੀਕੇ ਨਹੀਂ ਅਪਣਾਏ ਜਾ ਰਹੇ।
ਉਹਨਾਂ ਕਿਹਾ ਕਿ ਮਾਸਕ ਪਾਉਣ ਸਮੇਂ ਨੱਕ ਅਤੇ ਮੂੰਹ ਪੂਰੀ ਤਰਾਂ ਢੱਕਿਆਂ ਹੋਣਾ ਚਾਹੀਦਾ ਹੈ। ਸਮਾਜਿਕ ਵਿੱਥ ਰੱਖਣ ਸਮੇਂ ਆਪਸੀ ਦੂਰੀ 2 ਗਜ ਭਾਵ ਕਿ 6 ਫੁੱਟ ਹੋਣੀ ਚਾਹੀਦੀ ਹੈ। ਹੱਥਾਂ ਨੂੰ ਸੈਨੇਟਾਈਜ਼ ਕਰਨਾ ਜਾਂ ਵਾਰ ਵਾਰ ਸਾਬਣ ਨਾਲ ਹੱਥਾ ਘੱਟੋ ਘੱਟ 20 ਸੀਕਿੰਟ ਧੋਣ ਨਾਲ ਹੀ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਗੰਦਗੀ ਦੀ ਸਫਾਈ ਕਰਕੇ ਮੋਜੂਦਾ ਹਾਲਾਤ ਵਿੱਚ ਜੋ ਹੋਰ ਬੀਮਾਰੀਆਂ ਫੈਲਣ ਦਾ ਖਤਰਾ ਬਣ ਰਿਹਾ ਹੈ ਉਸ ਤੋਂ ਵੀ ਬਚਾਅ ਕੀਤਾ ਜਾਣਾ ਜਰੂਰੀ ਹੈ ਇਸਲਈ ਆਪਣਾ ਆਲਾ ਦੁਆਲਾ ਵੀ ਸਾਫ ਸੁਧਰਾ ਰੱਖਣਾ ਚਾਹੀਦਾ ਹੈ।
ਡਾ ਚਰਨਜੀਤ ਕੁਮਾਰ ਨੇ ਕਿਹਾ ਕਿ ਮੋਜੂਦਾ ਸਮੇਂ ਸਿਹਤ ਵਿਭਾਗ ਦੇ ਕਰਮਚਾਰੀ ਪੂਰੀ ਮਿਹਨਤ ਤੇ ਲਗਨ ਨਾਲ ਦਿਨ ਰਾਤ ਆਮ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਲੋਕ ਆਪਣੀ ਕੋਵਿਡ ਟੈਸਟਿੰਗ ਕਰਵਾਉਣ ਅਤੇ ਜੇਕਰ ਲੱਛਣ ਹੋਣ ਤਾਂ ਇਸ ਵਿੱਚ ਬਿਲਕੁਲ ਵੀ ਦੇਰੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਅੰਤਰ ਰਾਜੀ ਨਾਕਿਆ ਅਤੇ ਰੇਲਵੇ ਸਟੇਸ਼ਨ ਉਤੇ ਲਗਾਤਾਰ ਯਾਤਰੀਆਂ ਦੀ ਮੈਡੀਕਲ ਸਕਰੀਨਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਨੂੰ ਹਰਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ। ਇਸਲਈ ਜਿਸ ਤਰਾਂ ਸਿਹਤ ਵਿਭਾਗ ਦੇ ਨਾਲ ਹੋਰ ਕਈ ਵਿਭਾਗ ਫਰੰਟ ਲਾਈਨ ਵਾਰੀਅਰਸ ਦੇ ਦੋਰ ਤੇ ਕੰਮ ਕਰ ਰਹੇ ਹਨ ਉਸ ਤਰਾਂ ਲੋਕ ਵੀ ਇਸ ਵਿੱਚ ਆਪਣੀ ਹਿੱਸੇਦਾਰੀ ਪਾਉਣ ਤੇ ਕੋਵਿਡ ਦੀਆਂ ਸਾਵਧਾਨੀਆਂ ਨੂੰ ਅਪਣਾਉਣ।