ਪਿੰਡਾਂ ਦਾ ਹਰ ਪੱਖੋਂ ਵਿਕਾਸ ਕਰਕੇ ਉਨ੍ਹਾਂ ਦੀ ਦਿੱਖ ਨੁੂੰ ਨਿਖਾਰਿਆ ਜਾਵੇਗਾ: ਰਾਣਾ ਕੇ.ਪੀ ਸਿੰਘ

*ਪਿੰਡਾਂ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਮੁਕੰਮਲ: ਸਪੀਕਰ **ਪਿੰਡਾਂ ਵਿਚ ਕਰੋੜਾਂ ਦੇ ਮੁਕੰਮਲ ਹੋਏ ਵਿਕਾਸ ਕਾਰਜ ਸਪੀਕਰ ਵਲੋਂ ਕੀਤੇ ਜਾ ਰਹੇ ਹਨ ਲੋਕ ਅਰਪਣ
ਸ੍ਰੀ ਅਨੰਦਪੁਰ ਸਾਹਿਬ / 25 ਅਗਸਤ / ਨਿਊ ਸੁਪਰ ਭਾਰਤ ਨਿਊਜ
ਪਿੰਡਾਂ ਦਾ ਹਰ ਪੱਖੋਂ ਵਿਕਾਸ ਕਰਕੇ ਉਨ੍ਹਾਂ ਦੀ ਦਿੱਖ ਨੁੂੰ ਨਿਖਾਰਿਆ ਜਾ ਰਿਹਾ ਹੈ, ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਰਹੇ ਹਨ।ਪਿਛਲੇ 3 ਸਾਲਾ ਦੌਰਾਨ ਮੋਜੂਦਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹਲਕੇ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ 8 ਪਿੰਡਾਂ ਵਿਚ ਮੁਕੰਮਲ ਹੋਏ ਵਿਕਾਸ ਕੰਮਾਂ ਨੂੰ ਲੋਕ ਅਰਪਣ ਕਰਨ ਮੋਕੇ ਕੀਤਾ। ਰਾਣਾ ਕੇ.ਪੀ ਸਿੰਘ ਨੇ ਅੱਜ ਬਸਤੀ ਚੋਧਰੀ ਬਾਠਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ 10 ਲੱਖ ਦੇ ਮੁਕੰਮਲ ਹੋਏ ਕੰਮ, ਪਿੰਡ ਬਹਿਲੂ ਵਿੱਚ ਮਹਿਲਾਂ ਮੰਡਲ ਲਈ ਉਸਾਰੇ ਕਮਰੇ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਲਗਭਗ 15 ਲੱਖ ਰੁਪਏ ਦੇ ਮੁਕੰਮਲ ਹੋਏ ਵਿਕਾਸ ਕੰਮ, ਪਿੰਡ ਖਾਨਪੁਰ ਵਿੱਚ 10 ਲੱਖ ਲਾਗਤ ਨਾਲ ਤਿਆਰ ਗਲੀਆਂ ਤੇ ਨਾਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਨਾਲੇ ਦੇ ਕੰਮ, ਗਰਾਮ ਪੰਚਾਇਤ ਸੈਣੀਮਾਜਰਾ ਵਿੱਚ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੇ ਨਿਕਾਸ ਦੇ 9 ਲੱਖ ਰੁਪਏ ਦੇ ਕੰਮ, ਉਪਰਲੀ ਜਿੰਦਵੜੀ ਗਰਾਮ ਪੰਚਾਇਤ ਵਲੋਂ ਗੰਦੇ ਪਾਣੀ ਦੇ ਨਿਕਾਸੀ ਦੇ ਨਾਲੇ ਲਈ 8 ਲੱਖ ਰੁਪਏ ਦੇ ਕੰਮ, ਗਰਾਮ ਪੰਚਾਇਤ ਜਿਦਵੜੀ ਵਿੱਚ ਗੰਦੇ ਪਾਣੀ ਦੇ ਨਿਕਾਸੀ ਲਈ ਗਲੀਆਂ ਨਾਲੀਆਂ ਅਤੇ ਨਾਲੇ ਲਈ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੰਮ, ਪਿੰਡ ਢਾਹੇ ਵਿੱਚ 11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੇ ਨਿਕਾਸੀ ਦੇ ਮੁਕੰਮਲ ਹੋਏ ਕੰਮ, ਪਿੰਡ ਸੁਰੇਵਾਲ ਲੋਅਰ ਵਿਚ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ 8 ਲੱਖ ਰੁਪਏ ਨਾਲ ਤਿਆਰ ਕੰਮ ਲੋਕ ਅਰਪਣ ਕੀਤੇ। ਇਸ ਤੋ ਕੁਝ ਦਿਨ ਪਹਿਲਾ ਸਪੀਕਰ ਰਾਣਾ ਕੇ.ਪੀ ਸਿੰਘ 1 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਏ ਹੋਰ ਵੱਖ ਵੱਖ ਪਿੰਡਾਂ ਦੇ ਵਿਕਾਸ ਕੰਮਾਂ ਦੇ ਉਦਘਾਟਨ ਕਰ ਚੁੱਕੇ ਹਨ।
ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡਾਂ ਦੀ ਨੁਹਾਰ ਬਦਲਣ ਲਈ ਇਹ ਵੱਡਾ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਦੀ ਪਿੰਡਾਂ ਨੂੰ ਬਿਹਤਰ ਬੁਨਿਆਦੀ ਸਹੂਲਤਾ ਦੇਣ ਦੀ ਯੋਜਨਾ ਤਹਿਤ ਪਿੰਡਾਂ ਵਿੱਚ ਸੀਵਰੇਜ ਸਿਸਟਮ, ਟੋਭਿਆਂ ਦੀ ਕਾਇਆ ਕਲਪ, ਗਲੀਆਂ-ਨਾਲੀਆਂ ਪੱਕੀਆਂ ਕਰਨਾ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨ, ਸਟੇਡੀਅਮ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਗ੍ਰਾਮ ਸਭਾ ਹਾਲ, ਧਰਮਸ਼ਾਲਾ, ਸਟਰੀਟ ਲਾਈਟਾਂ, ਪਿੰਡਾਂ ਦੀਆਂ ਪ੍ਰਮੁੱਖ ਥਾਵਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣੇ, ਬੱਸ ਸ਼ੈਲਟਰਾਂ ਦੀ ਉਸਾਰੀ, ਸਮਸ਼ਾਨਘਾਟ/ਕਬਰਸਤਾਨ, ਪੀਣ ਵਾਲੇ ਪਾਣੀ ਦੀ ਸਪਲਾਈ, ਕਮਿਊਨਿਟੀ ਲਾਇਬਰੇਰੀ, ਕੂੜਾ ਕਰਕਟ ਦੀ ਸੁਚੱਜੀ ਸੰਭਾਲ, ਕਮਿਊਨਿਟੀ ਇਮਾਰਤਾਂ ਨੂੰ ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਦੇ ਜਾਣ ਲਈ ਯੋਗ ਬਣਾਉਣਾ, ਸਕੂਲ, ਸਿਵਲ ਡਿਸਪੈਂਸਰੀ ਆਦਿ ਦੀ ਉਸਾਰੀ ਉਤੇ ਕਰੋੜਾ ਰੁਪਏ ਖਰਚ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਿਕਾਸ ਦੀ ਉਲੀਕੀ ਵਿਸੇਸ਼ ਯੋਜਨਾ ਅਧੀਨ ਸੀਵਰੇਜ ਤੇ ਟੋਭਿਆਂ ਦੀ ਕਾਇਆ ਕਲਪ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਸਬੰਧੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਪਿੰਡਾਂ ਦੇ ਪਾਣੀ ਨੂੰ ਸਾਫ਼ ਕਰ ਕੇ ਟੋਭਿਆਂ ਵਿੱਚ ਪਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਟੋਭਿਆਂ ਦਾ ਪਾਣੀ ਖੇਤਾਂ ਵਿੱਚ ਸਿੰਚਾਈ ਲਈ ਵੀ ਵਰਤਿਆ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਿਕਾਸ ਲਈ ਹੁਣ ਤੱਕ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅੱਜ ਕਰੋਨਾ ਮਹਾਂਮਾਰੀ ਦੇ ਦੋਰ ਵਿਚ ਪੰਜਾਬ ਦੇ ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਮੁੱਚੀ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਕਰੋਨਾ ਨੁੰ ਹਰਾਉਣ ਵਿਚ ਸ਼ਿੱਦਤ ਨਾਲ ਲੱਗਿਆ ਹੋਇਆ ਹੈ। ਸਿਹਤ ਵਿਭਾਗ ਵਲੋਂ ਦਿਨ ਰਾਤ ਕਰੋਨਾ ਦੀ ਰਫਤਾਰ ਨੁੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਰੋਨਾ ਉਤੇ ਕਾਬੂ ਪਾਉਣ ਲਈ ਲੋਕਾਂ ਦੀ ਸਾਝੇਦਾਰੀ ਬੇਹੱਦ ਜਰੂਰੀ ਹੈ। ਲੋਕਾ ਦੇ ਸਹਿਯੋਗ ਤੋ ਬਿਨਾਂ ਕਰੋਨਾ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੈ ਇਹ ਉਦੋ ਹੀ ਸੰਭਵ ਹੈ ਜਦੋਂ ਅਸੀ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਅਤੇ ਸੈਨੇਟਾਈਜ ਅਤੇ ਵਾਰ ਵਾਰ ਹੱਥ ਧੋਣ ਦੀ ਆਦਤ ਨੂੰ ਅਪਨਾ ਲਵਾਗੇ। ਉਨ੍ਹਾਂ ਕਿਹਾ ਕਿ ਸਾਡੇ ਫਰੰਟ ਲਾਈਨ ਵਾਰੀਅਰਜ਼ ਦਿਨ ਰਾਤ ਕਰੋਨਾ ਨੂੰ ਹਰਾਉਣ ਲਈ ਮਿਹਨਤ ਕਰ ਰਹੇ ਹਨ। ਇਸ ਲਈ ਉਨ੍ਹਾਂ ਨੁੂੰ ਆਪਣਾ ਪੂਰਾ ਸਹਿਯੋਗ ਦੇਣ ਦੀ ਲੋੜ ਹੈ।

ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ 150 ਕਰੋੜ ਰੁਪਏ ਦੀ ਲਾਗਤ ਨਾਲ ਨੰਗਲ ਵਿਚ ਇੱਕ ਵੱਡਾ ਪੁੱਲ ਉਸਾਰਿਆ ਜਾ ਰਿਹਾ ਹੈ।65 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਚੰਗਰ ਖੇਤਰ ਵਿਚ ਲਿਫਟ ਇਰੀਗੇਸ਼ਨ ਸਕੀਮ ਚੱਲ ਰਹੀ ਹੈ। 30 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੁੰਦਰੀਕਰਨ ਦਾ ਕੰਮ ਸੁਰੂ ਹੋ ਗਿਆ ਹੈ। 5 ਕਰੋੜ ਰੁਪਏ ਨਾਲ ਨੰਗਲ ਵਿਚ ਇੱਕ ਪਰਸੂਰਾਮ ਭਵਨ ਅਤੇ ਹੋਰ 5 ਕਰੋੜ ਰੁਪਏ ਨਾਲ ਨੰਗਲ ਵਿਚ ਇੱਕ ਕਮਿਊਨਿਟੀ ਸੈਂਟਰ ਉਸਾਰਿਆ ਜਾ ਰਿਹਾ ਹੈ। ਕੀਰਤਪੁਰ ਸਾਹਿਬ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਇੱਕ ਕਮਿਊਨਿਟੀ ਸੈਟਰ ਦੀ ਉਸਾਰੀ ਕਰਵਾਈ ਜਾ ਰਹੀ ਹੈ। 5 ਕਰੋੜ ਦੀ ਲਾਗਤ ਨਾਲ ਤਿਆਰ ਖਰੋਟਾ ਅੰਡਰਪਾਸ ਤਿਆਰ ਕਰਕੇ ਲੋਕ ਅਰਪਣ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹੈਣ ਵਿਚ ਇੱਕ ਡਿਗਰੀ ਕਾਲਜ ਖੋਲਿਆ ਜਾ ਰਿਹਾ ਹੈ, ਜਿਸ ਉਤੇ ਲਗਭਗ 9 ਕਰੋੜ ਰੁਪਏ ਖਰਚ ਹੋਣਗੇ। ਕੀਰਤਪੁਰ ਸਾਹਿਬ ਵਿਚ 8 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਟੀਲ ਦਾ ਪੁੱਲ ਵੀ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 9 ਪਿੰਡਾਂ ਵਿਚ ਕਮਿਊਨਿਟੀ ਸੈਂਟਰ ਉਸਾਰੇ ਜਾ ਰਹੇ ਹਨ। ਦੋ ਲੋਕ ਅਰਪਣ ਕਰ ਦਿੱਤੇ ਹਨ ਅਤੇ ਬਾਕੀ ਤਿੰਨ ਮਹੀਨੇ ਵਿਚ ਕਰ ਦਿੱਤੇ ਜਾਣਗੇ।
ਇਸ ਮੋਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ, ਡਾਇਰੈਕਟਰ ਪੀ.ਆਰ.ਟੀ.ਸੀ ਕਮਲਦੇਵ ਜ਼ੋਸੀ, ਜਿਲ੍ਹਾ ਪ੍ਰੀਸਦ ਦੀ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਪੰਚਾਇਤ ਸੰਮਤੀ ਦੇ ਚੇਅਰਮੈਨ ਚੋਧਰੀ ਰਾਕੇਸ ਮਹਿਲਮਾ, ਪ੍ਰੇਮ ਸਿੰਘ ਬਾਸੋਵਾਲ, ਨਰੇਸ ਸੈਣੀ ਜੇ.ਈ ਅਤੇ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ, ਪੰਚਾਇਤ ਸੰਮਤੀ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।