*ਪ੍ਰਾਈਵੇਟ ਹਸਪਤਾਲਾਂ ਨੂੰ ਆਮ ਦਿਨਾਂ ਵਾਂਗ ਐਮਰਜੈਂਸੀ ਸਿਹਤ ਸੇਵਾਵਾਂ ਤੇ ਓ.ਪੀ.ਡੀ. ਚਲਾਉਣ ਦੇ ਦਿੱਤੇ ਨਿਰਦੇਸ਼ **ਡਾਇਗਨੋਸਟਿਕ ਸੈਂਟਰ ਵੀ ਖੁੱਲੇ ਰੱਖਣ ਦੀ ਦਿੱਤੀ ਹਦਾਇਤ **ਡਿਪਟੀ ਕਮਿਸ਼ਨਰ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ **ਆਈ.ਐਮ.ਏ. ਵਲੋਂ ਕੋਵਿਡ ਦੇ ਖਾਤਮੇ ਲਈ ਜ਼ਿਲਾ ਪ੍ਰਸ਼ਾਸ਼ਨ ਨੂੰ ਹਰ ਸਹਾਇਤਾ ਦੇਣ ਦਾ ਦਿੱਤਾ ਭਰੋਸਾ
ਹੁਸ਼ਿਆਰਪੁਰ / 10 ਅਪ੍ਰੈਲ / ਏਨ ਏਸ ਬੀ ਨਿਉਜ
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਅੱਜ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ (ਆਈ.ਐਮ.ਏ.) ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 (ਕੋਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲਾ ਵਾਸੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਪ੍ਰਾਈਵੇਟ ਹਸਪਤਾਲਾਂ ਦੀ ਵੀ ਵਿਸ਼ੇਸ਼ ਭੂਮਿਕਾ ਹੈ, ਇਸ ਲਈ ਆਈ.ਐਮ.ਏ. ਇਸ ਨਾਜ਼ੁਕ ਦੌਰ ਵਿੱਚ ਆਪਣੀ ਸਿਹਤ ਸੇਵਾਵਾਂ ਹੋਰ ਗੰਭੀਰਤਾ ਨਾਲ ਜਨਤਾ ਤੱਕ ਪਹੁੰਚਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਐਮਰਜੈਂਸੀ ਸੇਵਾਵਾਂ (ਨਾਨ-ਕੋਵਿਡ) ਪਹਿਲਾਂ ਵਾਂਗ ਹੀ ਯਕੀਨੀ ਬਣਾਈ ਰੱਖਣ ਅਤੇ ਓ.ਪੀ.ਡੀ. ਸੇਵਾਵਾਂ ਵੀ ਚਾਲੂ ਰੱਖਣ। ਉਨਾਂ ਡਾਈਗਨੋਸਟਿਕ ਸੈਂਟਰਾਂ ਨੂੰ ਵੀ ਆਮ ਦਿਨਾਂ ਵਾਂਗ ਹੀ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਆਈ.ਐਮ.ਏ. ਵਲੋਂ ਭਰੋਸਾ ਦਿਵਾਇਆ ਗਿਆ ਕਿ ਜ਼ਿਲਾ ਪ੍ਰਸ਼ਾਸ਼ਨ ਦੀ ਹਦਾਇਤ ‘ਤੇ ਪ੍ਰਾਈਵੇਟ ਡਾਕਟਰਾਂ ਅਤੇ ਹਸਪਤਾਲ ਲੋਕਾਂ ਤੱਕ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ। ਆਈ.ਐਮ.ਏ. ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ-19 ਦੇ ਖਿਲਾਫ਼ ਸਰਕਾਰ ਵਲੋਂ ਲੜੀ ਜਾ ਰਹੀ ਇਸ ਜੰਗ ਵਿੱਚ ਪ੍ਰਾਈਵੇਟ ਹਸਪਤਾਲ ਹਰ ਮਦਦ ਲਈ ਤਿਆਰ ਹੈ ਅਤੇ ਜ਼ਰੂਰਤ ਪੈਣ ‘ਤੇ ਉਹ ਆਪਣੇ ਹਸਪਤਾਲ, ਡਾਕਟਰ ਅਤੇ ਸਟਾਫ ਵੀ ਉਪਲਬੱਧ ਕਰਵਾਏਗਾ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਆਈ.ਐਮ.ਏ. ਦੇ ਸਹਿਯੋਗ ਨਾਲ ਪਹਿਲਾਂ ਹੀ ਜ਼ਿਲ•ੇ ਦੇ ਪ੍ਰਾਈਵੇਟ ਹਸਪਤਾਲਾਂ ਦੇ ਨੰਬਰ ਜਨਤਕ ਕੀਤੇ ਜਾ ਚੁੱਕੇ ਹਨ ਅਤੇ ਲੋਕਾਂ ਨੂੰ ਫੋਨ ਰਾਹੀਂ ਵੀ ਸਿਹਤ ਸੇਵਾਵਾਂ ਲਈ ਮਾਰਗ ਦਰਸ਼ਨ ਕਰ ਰਹੇ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਸਬੰਧਤ ਬੀਮਾਰੀ ਜਾਂ ਦਵਾਈ ਸਬੰਧੀ ਡਾਕਟਰਾਂ ਨਾਲ ਜਨਤਕ ਕੀਤੇ ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਡਾਕਟਰਾਂ ਦੀ ਇਹ ਸੂਚੀ ਜ਼ਿਲੇ ਦੀ ਵੈਬਸਾਈਟ hoshiarpur.nic.in ਅਤੇ ਫੇਸਬੁੱਕ District Public Relations Office, Hoshiarpur ‘ਤੇ ਦੇਖੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਾ ਐਪ ਰਾਹੀਂ ਵੀ ਕਨੈਕਟ ਟੂ ਡਾਕਟਰ ਨਾਂਅ ਨਾਲ ਵਿਸ਼ੇਸ਼ ਹੈਲਪ ਲਾਈਨ ਨੰਬਰ 1800-180-4104 ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਸੁਵਿਧਾ ਨਾਗਰਿਕਾਂ ਨੂੰ ਦੇਸ਼ ਭਰ ਵਿੱਚ 1800 ਤੋਂ ਵੱਧ ਮਾਹਰ ਡਾਕਟਰਾਂ ਦੇ ਨੈਟਵਰਕ ਨਾਲ ਜੋੜਨ ਵਿੱਚ ਮਦਦ ਕਰੇਗੀ ਅਤੇ ਜਨਤਾ ਕੋਵਿਡ-19 ਅਤੇ ਹੋਰ ਸਿਹਤ ਸਬੰਧੀ ਸਲਾਹ ਪ੍ਰਾਪਤ ਕਰ ਸਕਣਗੇ। ਉਨ•ਾਂ ਇਸ ਸਬੰਧ ਵਿੱਚ ਜ਼ਿਲ•ੇ ਦੇ ਮਾਹਰ ਡਾਕਟਰਾਂ ਨੂੰ ਸਵੈ ਇੱਛਾ ਨਾਲ ਹਿੱਸੇਦਾਰੀ ਲਈ ਇਸ ਨੇਕ ਪਹਿਲ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਸਿਵਲ ਸਰਜਨ ਡਾ. ਜਸਵੀਰ ਸਿੰਘ, ਜ਼ਿਲਾ ਪ੍ਰਧਾਨ ਆਈ.ਐਮ.ਏ. ਡਾ. ਹਰੀਸ਼ ਬਸੀ, ਡਾ. ਰਜਿੰਦਰ ਸ਼ਰਮਾ, ਡਾ. ਤਰੁ ਕਪੂਰ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਅਤੇ ਡਾ. ਸਤਪਾਲ ਗੋਜਰਾ ਵੀ ਹਾਜ਼ਰ ਸਨ।