May 1, 2025

-ਕੋਈ ਵੀ ਬਿਨ੍ਹਾਂ ਕਿਸੇ ਠੋਸ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲੇ, ਕਾਬੂ ਕਰਕੇ ਸਖ਼ਤ ਕਾਰਵਾਈ ਕਰੇਗੀ ਪੁਲਿਸ-ਸਿੱਧੂ

0

***ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੱਪਣ ਲਈ ਪਟਿਆਲਾ ਪੁਲਿਸ ਕਰ ਰਹੀ ਹੈ ਨਵੀਆਂ ਤਕਨੀਕਾਂ ਦੀ ਵਰਤੋਂ


***-16 ਵਿਅਕਤੀ ਕਰਫਿਊ ਦੀ ਉਲੰਘਣਾ ਕਰਦੇ ਹੋਏ ਡਰੋਨ ਦੀ ਮਦਦ ਨਾਲ ਕੀਤੇ ਕਾਬੂ-ਐਸ.ਐਸ.ਪੀ. ਸਿੱਧੂ



ਪਟਿਆਲਾ / 9 ਅਪ੍ਰੈਲ / ਏਨ ਏਸ ਬੀ ਨਿਊਜ਼:


ਪਟਿਆਲਾ ਪੁਲਿਸ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਪੈੜ ਨੱਪਣ ਲਈ ਅਤਿਆਧੁਨਿਕ ਤਕਨੀਕਾਂ ਦੀ ਵਰਤੋਂ ਕਰ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਏ ਗਏ ਕਰਫਿਊ ਦੇ ਪਹਿਲੇ ਦਿਨ ਤੋਂ ਹੀ ਸਮਾਜਿਕ ਦੂਰੀ ਦੇ ਨਿਯਮ ਨੂੰ ਅਪਣਾਉਂਦਿਆਂ ਕਰਫਿਊ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ।


ਸ. ਸਿੱਧੂ ਨੇ ਦੱਸਿਆ ਕਿ ਕਰਫਿਊ ਦੇ ਸ਼ੁਰੂਆਤੀ ਦੌਰ ਵਿੱਚ ਪੁਲਿਸ ਨੇ ਲੋਕਾਂ ਨੂੰ ਸਮਾਜਿਕ ਦੂਰੀ ਦੀ ਮਹੱਤਤਾ ਅਤੇ ਆਪਣੇ ਆਪਣ ਨੂੰ ਇਕਾਂਤਵਾਸ ਵਿੱਚ ਰੱਖਣ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ। ਇਸ ਤੋਂ ਅੱਗੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਨਾਕਾਬੰਦੀ, ਪੁਲਿਸ ਪਾਰਟੀਆਂ ਵੱਲੋਂ ਗਸ਼ਤ, ਪੀ.ਸੀ.ਆਰ. ਅਤੇ ਮਨੁੱਖੀ ਸੂਝ-ਬੂਝ ਦੀ ਵਰਤੋਂ ਕੀਤੀ।


ਐਸ.ਐਸ.ਪੀ. ਨੇ ਦੱਸਿਆ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮੇ ਤਾਂ ਕਾਫ਼ੀ ਦਰਜ ਕੀਤੇ ਗਏ ਹਨ ਪਰ ਹੁਣ ਪਟਿਆਲਾ ਪੁਲਿਸ ਨੇ ਆਪਣੀ ਸਮਰੱਥਾ ਵਿੱਚ ਵਾਧਾ ਕਰਦਿਆਂ ਅਤਿਆਧੁਨਿਕ ਤਕਨੀਕਾਂ ਵਰਤਕੇ ਡਰੋਨਾਂ ਦੀ ਵਰਤੋਂ ਨਾਲ ਪੂਰੇ ਸ਼ਹਿਰ ਅਤੇ ਖਾਸ ਕਰਕੇ ਕਲੋਨੀਆਂ ਦੇ ਅੰਦਰੂਨੀ ਹਿੱਸਿਆਂ ਵਿੱਚ, ਜਿੱਥੇ ਕਰਫਿਊ ਉਲੰਘਣਾਂ ਦੀ ਸੂਚਨਾ ਮਿਲ ਰਹੀ ਸੀ, ਵਿਖੇ ਉਲੰਘਣਾ ਕਰਨ ਵਾਲਿਆਂ ‘ਤੇ ਸਿਕੰਜਾ ਕਸਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਪਟਿਆਲਾ ਪੁਲਿਸ ਨੇ 16 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਹੜੇ ਕਿ ਬਿਨ੍ਹਾਂ ਕਿਸੇ ਕੰਮ ਤੋਂ ਖੁੱਲ੍ਹੀ ਥਾਂ ਵਿੱਚ ਇਕੱਠੇ ਬੈਠੇ ਸਨ। ਇਸ ਸਬੰਧੀਂ ਥਾਣਾ ਕੋਤਵਾਲੀ ਪਟਿਆਲਾ ਵਿਖੇ ਐਫ.ਆਈ.ਆਰ. ਨੰਬਰ 91 ਦਰਜ ਕਰਕੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਇਨ੍ਹਾਂ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਰੋਨਾਂ ਤੋਂ ਇਲਾਵਾ ਬਹੁਤ ਸਾਰੀਆਂ ਥਾਵਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ ਅਤੇ ਕਰਫਿਊ ਦੀ ਉਲੰਘਣਾਂ ਕਰਨ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।


ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਆਮ ਲੋਕਾਂ ਨੂੰ ਮੁੜ ਅਪੀਲ ਕਰਦੀ ਹੈ ਕਿ ਉਹ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਯਕੀਨੀ ਬਣਾਉਣ ਅਤੇ ਆਪਣੇ ”ਘਰਾਂ ਵਿੱਚ ਰਹਿਣ, ਸੁਰੱਖਿਅਤ ਤੇ ਸਿਹਤਮੰਦ ਰਹਿਣ” ਦੇ ਨਾਅਰੇ ‘ਤੇ ਅਮਲ ਕਰਨ, ਜਿਸ ਨੂੰ ਮੀਡੀਆ ਦੇ ਵੱਖ-ਵੱਖ ਪਲੈਟਫਾਰਮਾਂ ‘ਤੇ ਜੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ। ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਫੇਸਬੁਕ, ਟਵਿੱਟ ਅਤੇ ਯੂ ਟਿਊਬ ਦੀ ਵਰਤੋਂ ਕਰਕੇ ਪਟਿਆਲਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸਮਝਾਉਣ ਦੇ ਨਾਲ-ਨਾਲ ਕਰਫਿਊ ਦੇ ਨਿਯਮਾਂ ਦਾ ਪਾਲਣ ਕਰਨ ਲਈ ਆਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਫ਼ਤੇ ਦੇ ਸੱਤੇ ਦਿਨ ਤੁਹਾਡੀ ਸੇਵਾ ‘ਚ ਲੱਗੀ ਹੋਈ ਹੈ।


ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਇਸ ਪੱਖੋਂ ਵੀ ਪੂਰੀ ਤਰ੍ਹਾਂ ਚੌਕਸ ਹੈ ਕਿ ਜੇਕਰ ਕੋਈ ਵੀ ਵਿਅਕਤੀ ਬਿਨ੍ਹਾਂ ਕਿਸੇ ਠੋਸ ਕਾਰਨ ਤੋਂ ਬਾਹਰ ਘੁੰਮਦਾ ਤੇ ਕਰਫਿਊ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਡਰੋਨ ਤਕਨੀਕਾਂ ਦੀ ਚੌਕਸੀ ਨਾਲ ਕਾਬੂ ਕਰ ਲਿਆ ਜਾਵੇਗਾ। ਇਸ ਲਈ ਕੋਈ ਵੀ ਕਾਨੂੰਨ ਦੀ ਉਲੰਘਣਾਂ ਨਾ ਕਰੇ ਅਤੇ ਆਪਣੇ ਘਰ ਰਹਿ ਕੇ ਆਪ ਵੀ ਸੁਰੱਖਿਅਤ ਰਹੇ ਅਤੇ ਆਪਣੇ ਪਰਿਵਾਰ ਸਮੇਤ ਸਮਾਜ ਨੂੰ ਵੀ ਸੁਰੱਖਿਅਤ ਰੱਖਣ ਵਿੱਚ ਆਪਣਾ ਸਹਿਯੋਗ ਦੇਵੇ।

Leave a Reply

Your email address will not be published. Required fields are marked *