*ਕੈਬਨਿਟ ਮੰਤਰੀ ਨੇ ਪਿੰਡ ਡਾਡਾ ਦੀ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਸੌਂਪਿਆ 6 ਲੱਖ ਰੁਪਏ ਦਾ ਚੈਕ
ਹੁਸ਼ਿਆਰਪੁਰ / 3 ਜੂਨ / ਨਿਊ ਸੁਪਰ ਭਾਰਤ ਨਿਊਜ
ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਜਾਗਰੂਕਤਾ ਮੁਹਿੰਮ ਦੇ ਤੌਰ ‘ਤੇ’ ਮਿਸ਼ਨ ਫਤਿਹ’ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਮਿਸ਼ਨ ਨੂੰ ਸਫਲ ਬਣਾਉਣਾ ਸੂਬੇ ਦੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਉਹ ਪਿੰਡ ਡਾਡਾ ਦੀ ਪੰਚਾਇਤ ਨੂੰ ਗਲੀਆਂ ਅਤੇ ਨਾਲੀਆਂ ਲਈ 6 ਲੱਖ ਰੁਪਏ ਦਾ ਚੈਕ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ।
ਸ਼੍ਰੀ ਅਰੋੜਾ ਨੇ ਕਿਹਾ ਕਿ ਅੱਜ ਦੇ ਇਸ ਨਾਜ਼ੁਕ ਦੌਰ ਵਿੱਚ ਖੁਦ ਸਾਵਧਾਨੀਆਂ ਅਪਣਾਉਂਦਿਆਂ ਇਕ ਜ਼ਿੰਮੇਵਾਰ ਨਗਰਿਕ ਦੀ ਤਰਾ ਬਾਕੀਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਇਕਜੁੱਟਤਾ ਨਾਲ ਕੋਰੋਨਾ ਖਿਲਾਫ ਸਾਂਝਾ ਹੰਭਲਾ ਮਾਰਕੇ ਕੋਰੋਨਾ ‘ਤੇ ਫਤਿਹ ਪਾਈ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਮੁਸ਼ਕਿਲ ਦੌਰ ਵਿੱਚ ਵੀ ਜਨਤਾ ਨੂੰ ਹਰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਇਨਾ ਸੁਵਿਧਾਵਾਂ ਤਹਿਤ ਹੀ ਸਰਕਾਰ ਵਲੋਂ ਜ਼ਰੂਰੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਤਾਂ ਜਨਤਾ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਕੈਬਨਿਟ ਮੰਤਰੀ ਨੇ ਪਿੰਡ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ‘ਮਿਸ਼ਨ ਫਤਿਹ’ ਨੂੰ ਕਾਮਯਾਬ ਕਰਨ ਲਈ ਆਪ ਜਾਗਰੂਕ ਹੋਕੇ ਦੂਜਿਆਂ ਨੂੰ ਵੀ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸੈਨੀਟਾਈਜ਼ਰ ਦਾ ਇਸਤੇਮਾਲ ਕਰਨ ਦੇ ਨਾਲ-ਨਾਲ ਹੱਥਾਂ ਨੂੰ 20 ਸੈਕਿੰਡ ਲਈ ਧੋਣਾ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਉਕਤ ਸਮੇਤ ਸਾਵਧਾਨੀਆਂ ਵਰਤ ਕੇ ਕੋਰੋਨਾ ਖਿਲਾਫ ਜੰਗ ਜਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਸ਼੍ਰੀ ਸੁਰਜੀਤ ਰਾਮ, ਸ਼੍ਰੀ ਸਤਨਾਮ ਚੰਦ, ਸ਼੍ਰੀ ਰੌਸ਼ਨ ਲਾਲ, ਸ਼੍ਰੀਮਤੀ ਸੰਤੋਸ਼ ਕੁਮਾਰੀ, ਸ਼੍ਰੀਮਤੀ ਸ਼ਮਾ ਰਾਣੀ, ਸ਼੍ਰੀ ਗੁਰਮੇਲ ਚੰਦ, ਸ਼੍ਰੀਮਤੀ ਸੁਰਿੰਦਰ ਕੌਰ, ਮਾਸਟਰ ਹਰੀ ਕ੍ਰਿਸ਼ਨ ਅਤੇ ਨੰਬਰਦਾਰ ਸ਼੍ਰੀ ਅਵਤਾਰ ਚੰਦ ਵੀ ਮੌਜੂਦ ਸਨ।