Site icon NewSuperBharat

ਗੁਰੂ ਨਾਨਕ ਦੇਵ ਜੀ ਦੇ ਚਰਨਛੋਹ ਪ੍ਰਾਪਤ ਚਾਰ ਪਿੰਡਾਂ ’ਚ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜ : ਡਾ. ਰਾਜ ਕੁਮਾਰ ਚੱਬੇਵਾਲ

***550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੁਰੂ ਹੋਏ ਵਿਕਾਸ ਕਾਰਜ ਮੁਕੰਮਲ, ਲੋਕਾਂ ਨੂੰ ਕੀਤੇ ਸਮਰਪਿਤ
*** ਪਿੰਡ ਸਾਰੰਗਵਾਲ ’ਚ 1.36 ਕਰੋੜ ਰੁਪਏ ਅਤੇ ਫਤਿਹਪੁਰ, ਕਾਂਗੜ ਤੇ ਕੋਠੀ ’ਚ 3 ਕਰੋੜ 60 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ


ਹੁਸ਼ਿਆਰਪੁਰ, 01 ਦਸੰਬਰ / ਨਿਊ ਸੁਪਰ ਭਾਰਤ ਨਿਊਜ਼:


ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਛੋਹ ਪ੍ਰਾਪਤ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਦੀ ਲੜੀ ਤਹਿਤ ਹਲਕਾ ਚੱਬੇਵਾਲ ਦੇ ਚਾਰ ਪਿੰਡਾਂ ਵਿੱਚ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਗਿਆ ਜੋ ਕਿ ਗੁਰੂ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ।


ਹਲਕਾ ਚੱਬੇਵਾਲ ਤੋਂ ਵਿਧਾਇਕ ਡਾ.ਰਾਜ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਲਕੇ ਦੇ 4 ਪਿੰਡਾਂ ਸਾਰੰਗਵਾਲ, ਫਤਿਹਪੁਰ, ਕਾਂਗੜ ਅਤੇ ਕੋਠੀ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਸਮਾਂਬੱਧ ਢੰਗ ਨਾਲ ਮੁਕੰਮਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਵਿਕਾਸ ਪ੍ਰੋਜੈਕਟ ਸੰਤ ਬਾਬਾ ਹਾਕਮ ਸਿੰਘ ਤੋਂ  ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਸਮਰਪਿਤ ਕਰਵਾਏ ਗਏ।

ਵਿਧਾਇਕ ਚੱਬੇਵਾਲ ਨੇ ਦੱਸਿਆ ਕਿ ਪਿੰਡ ਸਾਰੰਗਵਾਲ ਵਿੱਚ 1.36 ਕਰੋੜ ਰੁਪਏ ਦੀ ਲਾਗਤ ਨਾਲ ਲੋੜੀਂਦੇ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਜਦਕਿ ਪਿੰਡ ਫਤਿਹਪੁਰ, ਕਾਂਗੜ ਤੇ ਕੋਠੀ ਵਿੱਚ 3.60 ਕਰੋੜ ਰੁਪਏ (1.20 ਕਰੋੜ ਰੁਪਏ ਪ੍ਰਤੀ ਪਿੰਡ) ਖਰਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜੇਜੋਂ-ਦੋਆਬਾ ਇਲਾਕੇ ਦੇ ਲੋਕਾਂ ਦੀ ਪਿਛਲੇ ਸੱਤ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਪਹਿਲੀ ਵਾਰ ਫਤਿਹਪੁਰ ਕੋਠੀ ਤੋਂ ਚੱਕ ਨਰਿਆਲ ਨੂੰ ਜਾਣ ਵਾਲੀ ਸੜਕ ਨੂੰ ਪੱਕੀ ਸੜਕ ਵਿੱਚ ਤਬਦੀਲ ਕੀਤਾ।

ਡਾ. ਰਾਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਪਿੰਡਾਂ ਅੰਦਰ ਕਮਿਊਨਿਟੀ ਹਾਲ, ਧਰਮਸ਼ਾਲਾ, ਨਵੇਂ ਆਂਗਣਵਾੜੀ ਸੈਂਟਰ, ਪੁਰਾਣੇ ਆਂਗਣਵਾੜੀ ਸੈਂਟਰਾਂ ਲਈ ਨਵੇਂ ਕਮਰੇ ਅਤੇ ਸੜਕਾਂ ਆਦਿ ਨੂੰ ਪੂਰੀ ਤੇਜ਼ੀ ਨਾਲ ਮੁਕੰਮਲ ਕਰਦਿਆਂ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ।  

Exit mobile version