Site icon NewSuperBharat

-ਪੁਲਿਸ ਹਸਪਤਾਲ ਨੂੰ ਮਿਲੀ ਆਧੁਨਿਕ ਸਹੂਲਤਾਂ ਵਾਲੀ ਐਂਬੂਲੈਂਸ ***ਵਰਧਮਾਨ ਯਾਰਨ ਐਂਡ ਥਰੈਡਸ ਵਲੋਂ ਭਵਿੱਖ ’ਚ ਵੀ ਹਸਪਤਾਲ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸਹਿਯੋਗ ਦਾ ਭਰੋਸਾ

ਹੁਸ਼ਿਆਰਪੁਰ, 19 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:


ਸਥਾਨਕ ਪੁਲਿਸ ਲਾਈਨ ’ਚ ਸਥਿਤ ਪੁਲਿਸ ਹਸਪਤਾਲ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਮੱਦੇਨਜ਼ਰ ਵਰਧਮਾਨ ਯਾਰਨ ਐਂਡ ਥਰੈਡਸ ਵਲੋਂ ਹਸਪਤਾਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਐਂਬੂਲੈਂਸ ਪ੍ਰਦਾਨ ਕੀਤੀ ਗਈ ਜੋ ਕਿ ਸਿਹਤ ਸੇਵਾਵਾਂ ਹੋਰ ਸੁਚੱਜੇ ਢੰਗ ਨਾਲ ਯਕੀਨੀ ਬਣਾਉਣ ਵਿੱਚ ਲਾਹੇਵੰਦ ਰਹੇਗੀ।
ਇਸ ਮੌਕੇ ਵਰਧਮਾਨ ਯਾਰਨ ਐਂਡ ਥਰੈਡਸ ਵਲੋਂ ਪਹੁੰਚੇ ਅਧਿਕਾਰੀ ਤੁਰਣ ਚਾਵਲਾ ਅਤੇ ਜੇ.ਪੀ. ਸਿੰਘ ਨੇ ਇਹ ਐਂਬੂਲੈਂਸ ਐਸ.ਪੀ. (ਐਚ) ਰਮਿੰਦਰ ਸਿੰਘ, ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਅਤੇ ਪੁਲਿਸ ਹਸਪਤਾਲ ਦੇ ਐਸ.ਐਮ.ਓ. ਡਾ. ਲਖਵੀਰ ਸਿੰਘ ਦੇ ਸਪੁਰਦ ਕੀਤੀ।

ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਹਸਪਤਾਲ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਪੁਲਿਸ ਮੁਲਾਜ਼ਮਾਂ ਸਮੇਤ ਸ਼ਹਿਰ ਵਾਸੀਆਂ ਨੂੰ ਦਿੱਤੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਹਸਪਤਾਲ ਵਲੋਂ ਮੌਜੂਦਾ ਮਹਾਂਮਾਰੀ ਦੇ ਸੰਕਟ ਦੌਰਾਨ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇ ਕੇ ਸਮਾਜ ਸੇਵਾ ਵਿੱਚ ਵੀ ਭਾਰੀ ਯੋਗਦਾਨ ਪਾਇਆ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਹਸਪਤਾਲ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਦੀ ਹੋਰ ਮਜ਼ਬੂਤੀ ਲਈ ਵੀ ਸਮੇਂ-ਸਮੇਂ ਸਿਰ ਯੋਗਦਾਨ ਦਿੱਤਾ ਜਾਂਦਾ ਰਹੇਗਾ।

ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ ਪ੍ਰਦਾਨ ਕੀਤੀ ਐਂਬੂਲੈਂਸ ਵਿੱਚ ਆਧੁਨਿਕ ਸਟੈਚਰ, ਆਕਸੀਜਨ ਮਸ਼ੀਨ ਆਦਿ ਸਹੂਲਤਾਂ ਮੌਜੂਦ ਹਨ ਜਿਹੜੀਆਂ ਕਿ ਅੱਜ ਦੇ ਯੁੱਗ ਵਿੱਚ ਅਤਿ ਲੋੜੀਂਦੀਆਂ ਹਨ। ਡਾ. ਲਖਵੀਰ ਸਿੰਘ ਨੇ ਕੰਪਨੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਹਸਪਤਾਲ ਵਲੋਂ ਭਵਿੱਖ ਵਿੱਚ ਹੋਰ ਵੀ ਚੰਗੇਰੇ ਅਤੇ ਸੁਚੱਜੇ ਢੰਗ ਨਾਲ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣਗੀਆਂ।

ਇਸ ਮੌਕੇ ਲਾਈਨ ਅਫ਼ਸਰ ਬਲਬੀਰ ਸਿੰਘ, ਸਟਾਫ਼ ਨਰਸ ਕਮਲਜੀਤ ਕੌਰ, ਅਮਨਦੀਪ ਕੌਰ ਅਤੇ ਰਾਜ ਰਾਣੀ, ਵਾਰਡ ਅਟੈਡੈਂਟ ਗੁਰਪ੍ਰੀਤ ਗੋਲਡੀ, ਏ.ਐਸ.ਆਈ. ਤਰਲੋਚਨ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।

ਕੈਪਸ਼ਨ : ਵਰਧਮਾਨ ਯਾਰਨ ਐਂਡ ਥਰੈਡਸ ਵਲੋਂ ਪੁਲਿਸ ਹਸਪਤਾਲ ਨੂੰ ਐਂਬੂਲੈਂਸ ਦੇਣ ਮੌਕੇ ਕੰਪਨੀ ਦੇ ਅਧਿਕਾਰੀ, ਐਸ.ਪੀ. (ਐਚ) ਰਮਿੰਦਰ ਸਿੰਘ, ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਅਤੇ ਡਾ. ਲਖਵੀਰ ਸਿੰਘ।

Exit mobile version