Site icon NewSuperBharat

ਬੀਨੇਵਾਲ ਤੇ ਦਸੂਹਾ ਦੇ ਸਰਕਾਰੀ ਹਸਪਤਾਲਾਂ ’ਚ ਜਲਦ ਸ਼ੁਰੂ ਹੋਵੇਗੀ ਲੈਵਲ-2 ਦੀ ਸੁਵਿਧਾ: ਅਪਨੀਤ ਰਿਆਤ

*ਕਿਹਾ, ਐਨ.ਆਰ.ਆਈਜ਼ ਲਈ ਬਣਾਏ ਗਏ ਕੁਆਰਨਟੀਨ ਸੈਂਟਰ ਸਵਾਮੀ ਸਰਵਾ ਨੰਦ ਗਿਰੀ ਦੀਆਂ ਸੇਵਾਵਾਂ ਨੂੰ ਰਿਆਤ-ਬਾਹਰਾ ਕੋਵਿਡ ਕੇਅਰ ਸੈਂਟਰ ’ਚ ਕੀਤਾ ਗਿਆ ਸ਼ਿਫਟ

ਹੁਸ਼ਿਆਰਪੁਰ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਿਹਤ ਅਧਿਕਾਰੀਆਂ ਨੂੰ ਸੀ.ਐਚ.ਸੀ. ਬੀਨੇਵਾਲ ਅਤੇ ਐਸ.ਡੀ.ਐਚ. ਦਸੂਹਾ ਵਿੱਚ ਲੈਵਲ-2 ਦੀਆਂ ਸੁਵਿਧਾਵਾਂ ਸ਼ੁਰੂ ਕਰਕੇ ਇਸ ਨੂੰ ਜਲਦ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਿਹਤ ਅਧਿਕਾਰੀਆਂ ਨਾਲ ਇਨ੍ਹਾਂ ਦੋਨਾਂ ਹਸਪਤਾਲਾਂ ਵਿੱਚ ਬੁਨਿਆਦੀ ਸੁਵਿਧਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਕਮੀਆਂ ਨੂੰ ਜਲਦ ਪੂਰਾ ਕਰਨ ਲਈ ਕਿਹਾ ਤਾਂ ਜੋ ਕੋਰੋਨਾ ਦੇ ਮਰੀਜਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੋਵਿਡ-19 ਸਬੰਧੀ ਕੰਮਾਂ ਦੀ ਸਮੀਖਿਆ ਸਬੰਧੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਾਫ਼-ਸਫ਼ਾਈ ਦੇ ਨਾਲ-ਨਾਲ ਲੋਕਾਂ ਨੂੰ ਸਮੇਂ ਸਿਰ ਸਹੀ ਸੁਵਿਧਾ ਮਿਲੇ, ਇਸ ਲਈ ਕੋਈ ਘਾਟ ਨਾ ਛੱਡੀ ਜਾਵੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਐਨ.ਆਰ.ਆਈ. ਲੋਕਾਂ ਲਈ ਬਣਾਏ ਗਏ ਕੁਆਰਨਟੀਨ ਸੈਂਟਰ ਸਰਵਾ ਨੰਦ ਗਿਰੀ ਰਿਜਨਲ ਇੰਸਟੀਚਿਊਟ ਪੰਜਾਬ ਯੂਨੀਵਰਸਿਟੀ ਨੂੰ ਹੁਣ ਰਿਆਤ-ਬਾਹਰਾ ਕੋਵਿਡ ਕੇਅਰ ਸੈਂਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਐਨ.ਆਰ.ਆਈਜ਼ ਇਕਾਂਤਵਾਸ ਲਈ ਰਿਆਤ-ਬਾਹਰਾ ਕੋਵਿਡ ਕੇਅਰ ਸੈਂਟਰ ਵਿੱਚ ਹੀ ਸੰਪਰਕ ਕਰਨ।

ਅਪਨੀਤ ਰਿਆਤ ਨੇ ਇਸ ਦੌਰਾਨ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ-19 ਸਬੰਧੀ ਸੈਂਪਲ ਲੈਂਦੇ ਉਚਿਤ ਦੂਰੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਨੇ ਕੋਵਿਡ-19 ਦੇ ਇਸ ਦੌਰ ਵਿੱਚ ਜਿਸ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਹੈ, ਉਸ ਨਾਲ ਲੋਕਾਂ ਦੀ ਸਰਕਾਰੀ ਹਸਪਤਾਲਾਂ ਪ੍ਰਤੀ ਨਕਰਾਤਮਕ ਸੋਚ ਵਿੱਚ ਬਦਲਾਵ ਆਇਆ ਹੈ ਅਤੇ ਲੋਕਾਂ ਦਾ ਸਰਕਾਰੀ ਹਸਪਤਾਲਾਂ ਪ੍ਰਤੀ ਵਿਸ਼ਵਾਸ਼ ਹੋਰ ਵਧਿਆ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਵੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਤਪਾਲ ਗੋਜਰਾ, ਡਾ. ਸੈਲੇਸ਼ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

Exit mobile version