May 1, 2025

ਮਿਸ਼ਨ ਫਤਿਹ: ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ’ਚ ਵੱਧ ਤੋਂ ਵੱਧ ਸਹਿਯੋਗ ਦੇਣ ਜ਼ਿਲ੍ਹਾ ਵਾਸੀ: ਅਪਨੀਤ ਰਿਆਤ

0

*ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ’ਚ ਕੋਵਿਡ ਸੈਂਪਲਿੰਗ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ **ਡਿਪਟੀ ਕਮਿਸ਼ਨਰ ਨੇ ਸਕੂਲ ਜਾ ਕੇ ਸਵੈਇੱਛਾ ਨਾਲ ਟੈਸਟ ਕਰਵਾਉਣ ਵਾਲੇ ਸਕੂਲ ਦੇ ਸਟਾਫ਼ ਨੂੰ ਦਿੱਤੇ ਪ੍ਰਸ਼ੰਸਾ ਪੱਤਰ, ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ

ਹੁਸ਼ਿਆਰਪੁਰ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਦੀ ਟੈਸਟਿੰਗ ਪ੍ਰਤੀ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਅੱਜ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿੱਚ ਸਕੂਲ ਦੀ ਪਹਿਲ ’ਤੇ ਕੋਵਿਡ ਸੈਂਪÇਲੰਗ ਲਈ ਵਿਸ਼ੇਸ਼ ਕੈਂਪ ਲਗਾਇਆ। ਦੋ ਦਿਨਾਂ ਇਸ ਕੈਂਪ ਦੇ ਪਹਿਲੇ ਦਿਨ ਸਕੂਲ ਦੇ ਸਟਾਫ਼ ਨੇ ਸਵੈਇੱਛਾ ਨਾਲ ਆਪਣੇ ਕੋਵਿਡ-19 ਦੇ ਟੈਸਟ ਕਰਵਾਏ। ਸਕੂਲ ਦੀ ਇਸ ਸਕਰਾਤਮਕ ਪਹਿਲ ਦੀ ਪ੍ਰਸ਼ੰਸਾ ਲਈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਦੇ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਸਕੂਲ ਦੇ ਇਸ ਯਤਨ ’ਤੇ ਸਕੂਲ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਵਿੱਚ ਸਹਿਯੋਗ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਹੋਰ ਸੰਸਥਾਵਾਂ ਨੂੰ ਵੀ ਲੋਕ ਹਿੱਤ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਵਿੱਚ ਚੱਲਣ ਵਾਲੇ ਦੋ ਰੋਜ਼ਾ ਕੈਂਪ ਦੇ ਪਹਿਲੇ ਦਿਨ 120 ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਕੋਵਿਡ-19 ਦੇ ਫੈਲਾਅ ਨੂੰ ਖਤਮ ਕਰਨ ਲਈ ਵੱਡੇ ਪੱਧਰ ’ਤੇ ਟੈਸਟਿੰਗ ਸ਼ੁਰੂ ਕੀਤੀ ਗਈ ਹੈ ਅਤੇ ਜੇਕਰ ਕਿਸੇ ਵਿੱਚ ਵੀ ਕੋਵਿਡ ਸਬੰਧੀ ਲੱਛਣ ਆਉਂਦੇ ਹਨ, ਤਾਂ ਉਹ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸਿਹਤ ਵਿਭਾਗ ਵਲੋਂ ਸੂਚੀਬੱਧ ਕੀਤੇ ਗਏ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਅਤੇ ਲੈਬਾਰਟਰੀਆਂ ਵਿੱਚ ਵੀ ਜਾ ਕੇ ਆਪਣਾ ਕੋਰੋਨਾ ਟੈਸਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਬਲਕਿ ਜ਼ਰੂਰੀ ਸਾਵਧਾਨੀਆਂ ਅਪਨਾ ਕੇ ਅਤੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ।

ਅਪਨੀਤ ਰਿਆਤ ਨੇ ਇਸ ਦੌਰਾਨ ਸਕੂਲ ਦੇ ਅਧਿਆਪਕਾਂ ਤੇ ਸਟਾਫ਼ ਨੂੰ ਅਫਵਾਹਾਂ ਤੋਂ ਬਚਣ ਅਤੇ ਜਾਗਰੂਕ ਨਾਗਰਿਕ ਬਣਦੇ ਹੋਏ ਆਪਣੇ ਆਸ-ਪਾਸ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੀ ਟੈਸਟਿੰਗ ਨੂੰ ਲੈ ਕੇ ਲੋਕਾਂ ਦੇ ਮਨਾ ਵਿੱਚ ਪੈਦਾ ਕੀਤੇ ਜਾ ਰਹੇ ਭਰਮ ਨੂੰ ਦੂਰ ਕਰਨ ਦੇ ਲਗਾਤਾਰ ਕੋਰੋਨਾ ਵਾਇਰਸ ਦੀ ਸੈਂਪਲਿੰਗ ਤੇ ਟੈਸਟਿੰਗ ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟੈਸਟਿੰਗ ਨੂੰ ਅਮਲ ਵਿੱਚ ਲਿਆਉਣ ਨਾਲ ਹੀ ਕੋਰੋਨਾ ਵਾਇਰਸ ਦੇ ਹੋਰ ਫੈਲਾਅ ਨੂੰ ਸਮੇਂ ਸਿਰ ਨਕੇਲ ਕਸ ਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਕੋਰੋਨਾ ਪਾਜੀਟਿਵ ਪਾਇਆ ਜਾਂਦਾ ਹੈ ਤਾਂ ਉਹ ਆਪਣੇ ਘਰ ਵਿੱਚ ਇਕਾਂਤਵਾਸ ਹੋ ਸਕਦਾ ਹੈ, ਜਿਸ ਲਈ ਲੋਕਾਂ ਨੂੰ ਟੈਸਟਿੰਗ ਤੋਂ ਘਰਬਾਉਣ ਦੀ ਜ਼ਰੂਰਤ ਨਹੀਂ।  

ਇਸ ਦੌਰਾਨ ਐਸ.ਡੀ.ਐਮ. ਹੁਸ਼ਿਆਰਪੁਰ ਅਮਿਤ ਮਹਾਜਨ ਜੋ ਖੁਦ ਕੋਰੋਨਾ ’ਤੇ ਫਤਿਹ ਪਾ ਚੁੱਕੇ ਹਨ, ਨੇ ਵੀ ਅਧਿਆਪਕਾਂ ਤੇ ਸਕੂਲ ਸਟਾਫ਼ ਨਾਲ ਆਪਣੇ ਨਿਜੀ ਅਨੁਭਵ ਸਾਂਝੇ ਕੀਤੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਸਮੇਂ ਦੀ ਮੁੱਖ ਮੰਗ ਹੈ ਤਾਂ ਜੋ ਸਮੇਂ ਸਿਰ ਲੋਕ ਹਿੱਤ ਵਿੱਚ ਕੋਰੋਨਾ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਟੈਸਟਿੰਗ ਸਾਰਿਆਂ ਲਈ ਬਹੁਤ ਫਾਇਦੇਮੰਦ ਹੈ ਅਤੇ ਇਹ ਕਿਸੇ ਵੀ ਪੱਖੋਂ ਨੁਕਸਾਨਦੇਹ ਨਹੀਂ। ਉਨ੍ਹਾਂ ਕਿਹਾ ਕਿ ਕੋਰੋਨਾ ’ਤੇ ਫਤਿਹ ਪਾਉਣਾ ਕੋਈ ਮੁਸ਼ਕਲ ਕੰਮ ਨਹੀਂ ਬਸ਼ਰਤੇ ਸਰਕਾਰ ਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ’ਤੇ ਜਾਰੀ ਕੀਤੇ ਜਾ ਰਹੇ ਸੁਝਾਵਾਂ ਦੀ ਪਾਲਣਾ ਵਿੱਚ ਕੋਈ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਸਾਰਿਆਂ ਨੂੰ ਕੋਰੋਨਾ ਟੈਸਟ ਕਰਵਾਉਣੇ ਚਾਹੀਦੇ ਹਨ ਜੋ ਕਿ ਪੰਜਾਬ ਸਰਕਾਰ ਵਲੋਂ ਮੁਫ਼ਤ ਕੀਤੇ ਜਾ ਰਹੇ ਹਨ।

ਸਹਾਇਕ ਕਮਿਸ਼ਨਰ (ਜ) ਕਿਰਪਾਲ ਵੀਰ ਸਿੰਘ ਨੇ ਅਫਵਾਹਾਂ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿੱਚ ਕੋਰੋਨਾ ਸਬੰਧੀ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਸਾਵਧਾਨ ਅਤੇ ਚੌਕਸ ਰਹਿਣ ਦੀ ਜ਼ਰੂਰਤ ਹੈ ਨਾ ਕਿ ਘਬਰਾਉਣ ਦੀ। ਉਨ੍ਹਾਂ ਕਿਹਾ ਕਿ ਜ਼ਰੂਰੀ ਸਾਵਧਾਨੀਆਂ ਅਪਨਾ ਕੇ ਕੋਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ, ਖਾਸ ਕਰਕੇ ਸਹੀ ਢੰਗ ਨਾਲ ਮਾਸਕ ਪਹਿਨ ਕੇ, ਇਕ ਦੂਸਰੇ ਤੋਂ ਬਣਦੀ ਦੂਰੀ ਬਰਕਰਾਰ ਰੱਖ ਕੇ ਅਤੇ ਭੀੜ-ਭਾੜ ਵਾਲੇ ਸਥਾਨਾਂ ’ਤੇ ਨਾ ਜਾ ਕੇ। ਉਨ੍ਹਾਂ ਦੱਸਿਆ ਕਿ ਸਰਕਾਰੀ ਸੰਸਥਾਵਾਂ ਵਿੱਚ ਕੋਵਿਡ ਟੈਸਟ ਦੀ ਕੋਈ ਵੀ ਫੀਸ ਨਹੀਂ ਹੈ ਅਤੇ ਸਰਕਾਰ ਵਲੋਂ ਕੋਰੋਨਾ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕਰਕੇ ਪਾਜੀਟਿਵ ਆਉਣ ਵਾਲੇ ਲੋਕਾਂ ਦੇ ਘਰਾਂ ਦੇ ਬਾਹਰ ਸਟਿੱਕਰ ਲਗਵਾਉਣੇ ਵੀ ਬੰਦ ਕਰ ਦਿੱਤੇ ਹਨ।

ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਵੈਸ਼ਾਲੀ ਸ਼ਰਮਾ ਨੇ ਪ੍ਰਸ਼ਾਸਨ ਦੇ ਸਹਿਯੋਗ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਰ ਐਡਮਨਿਸਟਰੇਸ਼ਨ ਅਜੇ ਕੁਮਾਰ, ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡਾਕਟਰਾਂ ਦੀ ਟੀਮ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।

Leave a Reply

Your email address will not be published. Required fields are marked *