Site icon NewSuperBharat

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 20 ਤੋਂ ਵੱਧ ਵਰਕਰਾਂ ਵਾਲੇ ਅਦਾਰਿਆਂ ਨੂੰ ਕੋਵਿਡ ਮੋਨੀਟਰ ਨਿਯੁਕਤ ਕਰਨ ਦੇ ਹੁਕਮ

*ਕੋਵਿਡ ਮੋਨੀਟਰ ਅਦਾਰਿਆਂ ’ਚ ਸਿਹਤ ਸਲਾਹਕਾਰੀਆਂ ਨੂੰ ਇਨ-ਬਿਨ ਲਾਗੂ ਕਰਵਾਏਗਾ

ਹੁਸ਼ਿਆਰਪੁਰ / 29 ਅਗਸਤ / ਨਿਊ ਸੁਪਰ ਭਾਰਤ ਨਿਊਜ

ਕੋਵਿਡ ਦੇ ਹੋਰ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਅੱਜ ਸਾਰੇ ਅਦਾਰਿਆਂ ਲਈ ਹੁਕਮ ਜਾਰੀ ਕੀਤੇ ਕਿ ਉਹ ਆਪੋ-ਆਪਣੇ ਅਦਾਰਿਆਂ ਵਿੱਚ ਇੱਕ ਕੋਵਿਡ ਮੋਨੀਟਰ ਨਿਯੁਕਤ ਕਰਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪੈਂਦੇ ਅਦਾਰੇ (ਸਰਕਾਰੀ/ਪ੍ਰਾਈਵੇਟ) ਜਿੱਥੇ 20 ਤੋਂ ਵੱਧ ਵਿਅਕਤੀ ਕੰਮ ਕਰ ਰਹੇ ਹਨ ਉੱਥੇ ਅਦਾਰੇ ਵੱਲੋਂ ਇੱਕ ਕੋਵਿਡ ਮੋਨੀਟਰ ਨਿਯੁਕਤ ਕੀਤਾ ਜਾਵੇਗਾ।

ਇਹ ਮੋਨੀਟਰ ਯਕੀਨੀ ਬਣਾਏਗਾ ਕਿ ਉੱਥੇ ਕੰਮ ਕਰ ਰਹੇ ਸਾਰੇ ਵਿਅਕਤੀ ਪੂਰਨ ਤੌਰ ’ਤੇ ਸਿਹਤ ਸਲਾਹਕਾਰੀਆਂ ਦੀ ਪਾਲਣਾ ਕਰਨ। ਕੋਵਿਡ ਮੋਨੀਟਰ ਇਹ ਵੀ ਯਕੀਨੀ ਬਣਾਏਗਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਅਦਾਰੇ ਵਿੱਚ ਕੰਮ ਕਰ ਰਿਹਾ ਹਰ ਵਿਅਕਤੀ ਸਹੀ ਢੰਗ ਨਾਲ ਮਾਸਕ ਪਹਿਨੇਗਾ, ਅਦਾਰੇ ਨੂੰ ਸਮੇਂ-ਸਮੇਂ ਸਿਰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਵਾਏਗਾ ਅਤੇ ਖ਼ਾਸ ਤੌਰ ’ਤੇ ਇੱਕ-ਦੂਜੇ ਤੋਂ ਬਣਦੀ ਦੂਰੀ ਬਰਕਾਰ ਰੱਖਣ ਨੂੰ ਵੀ ਯਕੀਨੀ ਬਣਾਏਗਾ। ਹੁਕਮਾਂ ਮੁਤਾਬਿਕ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Exit mobile version