***ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ’ਤੇ 10 ਅਗਸਤ ਤੱਕ 1376.13 ਲੱਖ ਰੁਪਏ ਖਰਚੇ
***ਮਗਨਰੇਗਾ ਰਾਹੀਂ ਜ਼ਿਲ੍ਹੇ ’ਚ 5,26,091 ਦਿਹਾੜੀਆਂ ਪੈਦਾ ਕਰਕੇ 26375 ਘਰਾਂ ਨੂੰ ਲਾਭ ਪਹੁੰਚਾਇਆ
ਹੁਸ਼ਿਆਰਪੁਰ / 24 ਅਗਸਤ / ਨਿਊ ਸੁਪਰ ਭਾਰਤ ਨਿਊਜ਼ :
ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਤੇਜ਼ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਗਨਰੇਗਾ ਸਕੀਮ ਤਹਿਤ 10 ਅਗਸਤ ਤੱਕ 1376.13 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਚਾਲੂ ਮਾਲੀ ਸਾਲ ਦੌਰਾਨ ਜ਼ਿਲ੍ਹੇ ਵਿੱਚ 7025 ਕੈਟਲ ਸ਼ੈਡਾਂ ਦੀ ਉਸਾਰੀ ਕੀਤੀ ਜਾਵੇਗੀ ਜਿਨ੍ਹਾਂ ਵਿਚੋਂ 5293 ਕੈਟਲ ਸ਼ੈਡਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੈਟਲ ਸ਼ੈਡਾਂ ਦੀ ਉਸਾਰੀ ਵਾਲੀ ਸਕੀਮ ਤਹਿਤ ਯੋਗ ਲਾਭਪਾਤਰੀ ਤਿੰਨ ਤਰ੍ਹਾਂ ਦੀ ਮਾਲੀ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਜਿਨ੍ਹਾਂ ਕੋਲ ਦੋ ਦੁਧਾਰੂ ਪਸ਼ੂ ਹਨ ਨੂੰ 35 ਹਜ਼ਾਰ ਰੁਪਏ ਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਜਦਕਿ ਚਾਰ ਪਸ਼ੂਆਂ ਵਾਲੇ ਲਾਭਪਾਤਰੀਆਂ ਨੂੰ ਸਕੀਮ ਤਹਿਤ 60 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 6 ਪਸ਼ੂਆਂ ਵਾਲੇ ਕਿਸਾਨਾਂ ਨੂੰ ਸਰਕਾਰ ਵਲੋਂ 97 ਹਜ਼ਾਰ ਰੁਪਏ ਕੈਟਲ ਸ਼ੈਡ ਦੀ ਉਸਾਰੀ ਲਈ ਮੁਹੱਈਆ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਯੋਗ ਲਾਭਪਾਤਰੀ ਆਪੋ-ਆਪਣੇ ਬਲਾਕ ਪੱਧਰ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ ਜਿਸ ਨਾਲ ਡੇਅਰੀ ਧੰਦੇ ਨੂੰ ਬਲ ਮਿਲਣ ਦੇ ਨਾਲ-ਨਾਲ ਲਾਭਪਾਤਰੀਆਂ ਦੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਤਹਿਤ 40:60 ਦੇ ਅਨੁਪਾਤ ਅਨੁਸਾਰ 40 ਫੀਸਦੀ ਖਰਚ ਲਾਭਪਾਤਰੀ ਵਲੋਂ ਅਤੇ 60 ਫੀਸਦੀ ਸਰਕਾਰ ਵਲੋਂ ਦਿੱਤਾ ਜਾਂਦਾ ਸੀ ਪਰ ਇਸ ਸਾਲ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਛੋਟੇ ਅਤੇ ਦਰਮਿਆਨੇ ਲਾਭਪਾਤਰੀਆਂ ਦੀ ਮਦਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀ ਰਾਸ਼ੀ ਸਰਕਾਰ ਵਲੋਂ ਖਰਚ ਕਰਨ ਦਾ ਐਲਾਨ ਕਰ ਦਿੱਤਾ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 526091 ਦਿਹਾੜੀਆਂ ਪੈਦਾ ਕਰਕੇ 26375 ਘਰਾਂ ਨੂੰ ਮਗਨਰੇਗਾ ਸਕੀਮ ਤਹਿਤ ਲਾਭ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਉਨ੍ਹਾਂ ਦੀਆਂ ਉਜਰਤਾਂ ਸਿਧੀਆਂ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਜ਼ਿਲ੍ਹੇ ਦੀਆਂ 1044 ਪੰਚਾਇਤਾਂ ਵਿੱਚ ਵੱਖ-ਵੱਖ ਵਿਕਾਸ ਕਾਰਜ ਜਾਰੀ ਹਨ ਅਤੇ ਹੁਣ ਤੱਕ 318 ਵਿਕਾਸ ਕਾਰਜ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮਗਨਰੇਗਾ ਤਹਿਤ ਪੇਂਡੂ ਖੇਤਰਾਂ ਵਿਚ ਲਾਭਪਾਤਰੀਆਂ ਨੂੰ ਲਾਕਡਾਊਨ ਦੌਰਾਨ ਵੀ ਸਿਹਤ ਸਲਾਹਕਾਰੀਆਂ ਦੀ ਪਾਲਣਾ ਯਕੀਨੀ ਬਣਾਉਦਿਆਂ ਦਿਹਾੜੀਆਂ ਲਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮਗਨਰੇਗਾ ਵਰਕਰਾਂ ਰਾਹੀਂ ਪਿੰਡਾਂ ਵਿੱਚ ਹੜ੍ਹ ਰੋਕੂ ਕੰਮਾਂ, ਜਲ ਸੰਭਾਲ, ਬੂਟੇ ਲਗਾਉਣੇ, ਜ਼ਮੀਨ ਨੂੰ ਪੱਧਰਾ ਕਰਨਾ, ਛੱਪੜਾਂ ਦੇ ਵਿਕਾਸ ਕਾਰਜ, ਨਹਿਰਾਂ ਦੀ ਸਫਾਈ ਦੇ ਨਾਲ-ਨਾਲ ਪੇਂਡੂ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਦਾ ਕੰਮ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੌਰਾਨ ਮਗਨਰੇਗਾ ਸਕੀਮ ਤਹਿਤ ਜ਼ਿਲ੍ਹੇ ਦੀਆਂ 1334 ਪੰਚਾਇਤਾਂ ਵਿੱਚ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਲਈ ਵਣ ਮਿੱਤਰ ਵੀ ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ ਮਗਨਰੇਗਾ ਤਹਿਤ ਕਾਮਿਆਂ ਨੂੰ 263 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਸਲਾਨਾ 100 ਦਿਹਾੜੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਕੈਪਸ਼ਨ :
1. ਦਸੂਹਾ ਬਲਾਕ ਦੇ ਪਿੰਡ ਕੰਗ ਵਿੱਚ ਮਗਨਰੇਗਾ ਵਰਕਰ ਪਾਰਕ ਦੀ ਸਾਫ-ਸਫਾਈ ਕਰਦੀਆਂ ਹੋਈਆਂ।
2.3 ਬਲਾਕ ਤਲਵਾੜਾ ਦੇ ਪਿੰਡ ਅਮਰੋਹ ਵਿੱਚ ਉਸਾਰੀ ਅਧੀਨ ਕੈਟਲ ਸ਼ੈਡਾਂ।