Site icon NewSuperBharat

ਮਿਸ਼ਨ ਫਤਿਹ : ਜ਼ਿਲਾ ਦੇ 126 ਮਰੀਜ਼ਾਂ ਨੇ ਕੋਰੋਨਾ ਖਿਲਾਫ਼ ਜਿੱਤੀ ਜੰਗ

*ਹੋਮ ਕੁਆਰਨਟੀਨ ਕੀਤੇ ਵਿਅਕਤੀਆਂ ਦੀ ਚੈਕਿੰਗ ਲਈ 135 ਟੀਮਾਂ ਤਾਇਨਾਤ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ / 9 ਜੂਨ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲਾ ਵਿੱਚ ਹੁਣ ਤੱਕ ਲਏ ਗਏ ਸੈਂਪਲਾਂ ਵਿੱਚ 4132 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ ਅਤੇ 126 ਵਿਅਕਤੀਆਂ ਨੇ ਕੋਰੋਨਾ ਖਿਲਾਫ਼ ਫਤਿਹ ਪਾ ਲਈ ਹੈ। ਉਨਾਂ ਕਿਹਾ ਕਿ ਠੀਕ ਹੋਏ ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਤਹਿਤ ਜ਼ਿਲਾ ਪ੍ਰਸ਼ਾਸ਼ਨ ਵਲੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਜ਼ਿਲਾ ਵਾਸੀ ਸਾਵਧਾਨੀਆਂ ਅਪਨਾ ਕੇ ਕੋਰੋਨਾ ਵਾਇਰਸ ਤੋਂ ਬਚ ਸਕਣ।

ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜਾਗਰੂਕਤਾ ਲਈ ਕੁਆਰਨਟੀਨ ਵਿਅਕਤੀਆਂ ਨੂੰ ਕੋਵਾ ਐਪ ਵੀ ਡਾਊਨਲੋਡ ਕਰਵਾਇਆ ਜਾ ਰਿਹਾ ਹੈ, ਤਾਂ ਜੋ ਉਹ ਕੋਵਿਡ-19 ਸਬੰਧੀ ਜਾਣਕਾਰੀ ਹਾਸਲ ਕਰ ਸਕਣ। ਉਨਾਂ ਕਿਹਾ ਕਿ ਜ਼ਿਲਾ ਵਿੱਚ ਹੋਮ ਕੁਆਰਨਟੀਨ ਕੀਤੇ ਵਿਅਕਤੀਆਂ ਦੀ ਚੈਕਿੰਗ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ 135 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨਾਂ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸੰਪਰਕ ਨਾਲ ਫੈਲਦਾ ਹੈ, ਇਸ ਲਈ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੇਟਾਈਜਰ ਅਤੇ ਸਮੇਂ-ਸਮੇਂ 20 ਸੈਕੰਡ ਤੱਕ ਹੱਥ ਧੋਣਾ ਯਕੀਨੀ ਬਣਾਇਆ ਜਾਵੇ।

ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ 4986 ਸੈਂਪਲ ਲਏ ਗਏ ਹਨ। ਉਨਾਂ ਕਿਹਾ ਕਿ ਅੱਜ ਲੈਬ ਤੋਂ 270 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੁਣ ਤੱਕ ਨੈਗੇਟਿਵ ਸੈਂਪਲਾਂ ਦੀ ਗਿਣਤੀ 4132 ਹੋ ਗਈ ਹੈ, ਜਦਕਿ 694 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਕਿਹਾ ਕਿ ਹੁਣ ਤੱਕ ਪੋਜ਼ੀਟਿਵ ਕੇਸਾਂ ਦੀ ਗਿਣਤੀ 136 ਹੋ ਗਈ ਹੈ, 5 ਐਕਟਿਵ ਕੇਸ ਹਨ, ਜਿਨਾਂ ਵਿੱਚੋਂ 3 ਕੇਸ ਨੰਗਲੀ ਜਲਾਲਪੁਰ, ਇਕ ਗੋਰਸੀਆ ਅਤੇ ਇਕ ਕੇਸ ਹਰਖੋਵਾਲ ਪਿੰਡ ਨਾਲ ਸਬੰਧਤ ਹੈ, ਜੋ ਕਿ ਕੋਵਿਡ ਕੇਅਰ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉਨਾਂ ਕਿਹਾ ਕਿ ਅੱਜ 295 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।  

Exit mobile version