ਕੋਰੋਨਾ ਦੀ ਰੋਕਥਾਮ ਵਾਲੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ: ਨਵਜੋਤ ਸਿੰਘ ਮਾਹਲ

*15 ਮਾਮਲੇ ਦਰਜ ਕਰਕੇ 22 ਲੋਕਾਂ ਨੂੰ ਕੀਤਾ ਗ੍ਰਿਫਤਾਰ **ਡੀ.ਐਸ.ਪੀਜ਼ ਦੀ ਅਗਵਾਈ ’ਚ ਜ਼ਿਲ੍ਹੇ ’ਚ ਫਲੈਗ ਮਾਰਚ ***ਐਸ.ਐਸ.ਪੀ. ਨੇ ਲੋਕਾਂ ਨੂੰ ਸਹਿਯੋਗ ਅਤੇ ਹਦਾਇਤਾਂ ਦਾ ਪਾਲਣ ਕਰਨ ਦੀ ਕੀਤੀ ਅਪੀਲ
ਹੁਸ਼ਿਆਰਪੁਰ / 22 ਅਗਸਤ / ਨਿਊ ਸੁਪਰ ਭਾਰਤ ਨਿਊਜ
ਕੋਰੋਨਾ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਜਾਰੀ ਹਦਾਇਤਾਂ ਦੀ ਮੁਕੰਮਲ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਕਿਹਾ ਕਿ ਜ਼ਿਲਾ ਪੁਲਿਸ ਵੱਲੋਂ ਇਨ੍ਹਾਂ ਹਦਾਇਤਾਂ ਨੂੰ ਹੇਠਲੇ ਪੱਧਰ ਤੱਕ ਅਸਰਦਾਰ ਢੰਗ ਨਾਲ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਅਤੇ ਹਦਾਇਤਾਂ ਦੀ ਉਲੰਘਣਾ ਕਰਨ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਜਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸ਼ਨੀਵਾਰ-ਐਤਵਾਰ ਨੂੰ ਕਰਫਿਊ ਦੇ ਸੰਬੰਧ ਵਿੱਚ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ ਡੀ.ਐਸ.ਪੀਜ਼. ਦੀ ਅਗਵਾਈ ਵਿੱਚ ਫਲੈਗ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਰੋਨਾ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਬੀਤੀ ਰਾਤ ਤੋਂ ਕਰਫਿਊ ਉਲੰਘਣਾ ਕਰਨ ਵਾਲਿਆ ਖਿਲਾਫ 15 ਮਾਮਲੇ ਦਰਜ ਕਰਕੇ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੂਰਨ ਸਹਿਯੋਗ ਤੋਂ ਬਿਨ੍ਹਾਂ ਕਰੋਨਾ ‘ਤੇ ਫਤਿਹ ਪਾਉਣਾ ਸੰਭਵ ਨਹੀਂ ਹੈ, ਜਿਸ ਲਈ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਮਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ-ਐਤਵਾਰ ਨੂੰ ਨਾ ਟਾਲੇ ਜਾਣ ਵਾਲੇ ਕਾਰਨਾਂ ਦੀ ਸੂਰਤ ਵਿੱਚ ਹੀ ਘਰੋਂ ਬਾਹਰ ਨਿਕਲਣ ਅਤੇ ਲਾਜ਼ਮੀ ਕੰਮਾਂ ਲਈ ਆਉਣ ਜਾਣ ਵੇਲੇ ਸਿਹਤ ਸੁਰੱਖਿਆ ਨੇਮਾਂ ਜਿਵੇਂ ਕਿ ਸਹੀ ਢੰਗ ਨਾਲ ਮਾਸਕ ਪਾਉਣਾ, ਇੱਕ ਦੂਜੇ ਤੋਂ ਬਣਦੀ ਦੂਰੀ ਬਰਕਰਾਰ ਰੱਖਣੀ ਆਦਿ ਨੂੰ ਚੰਗੀ ਤਰ੍ਹਾਂ ਅਮਲ ਵਿਚ ਲਿਆਉਣਾ।

ਉਨ੍ਹਾਂ ਦੱਸਿਆ ਕਿ ਕੋਰੋਨਾ ਸੰਬੰਧੀ ਹਦਾਇਤਾਂ ਅਤੇ ਸਿਹਤ ਸਲਾਹਕਾਰੀਆਂ ਲਾਗੂ ਕਰਵਾਉਣ ਲਈ ਹੁਸ਼ਿਆਰਪੁਰ ਸਿਟੀ ਨੂੰ 10 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ਦੀ ਨਿਗਰਾਨੀ ਲਈ ਇਕ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਗਿਆ। ਮਾਹਲ ਨੇ ਦੱਸਿਆ ਕਿ ਪੁਲਿਸ ਵੱਲੋਂ ਅੱਜ ਟਾਂਡਾ ਵਿੱਚ ਡੀ.ਐਸ.ਪੀ. ਦਲਜੀਤ ਸਿੰਘ ਖੱਖ, ਦਸੂਹਾ ਵਿੱਚ ਡੀ.ਐਸ.ਪੀ. ਅਨਿਲ ਭਨੋਟ, ਸਬ ਡਵੀਜ਼ਨ ਮੁਕੇਰੀਆਂ ਵਿੱਚ ਡੀ.ਐਸ.ਪੀ. ਰਵਿੰਦਰ ਸਿੰਘ, ਸਬ ਡਵੀਜਨ ਹੁਸ਼ਿਆਰਪੁਰ ਵਿੱਚ ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ, ਹੁਸ਼ਿਆਰਪੁਰ ਸਿਟੀ ਵਿੱਚ ਡੀ.ਐਸ.ਪੀ. ਮਨੀਸ਼ ਕੁਮਾਰ ਅਤੇ ਗੜਸ਼ੰਕਰ ਵਿੱਚ ਡੀ.ਐਸ.ਪੀ. ਸਤੀਸ਼ ਕੁਮਾਰ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਰਚਾਂ ਵਿਚ ਪੰਜਾਬ ਪੁਲਿਸ ਦੇ 200 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲੈ ਕੇ ਕਰਫਿਊ ਅਤੇ ਲਾਕਡਾਊਨ ਸੰਬੰਧੀ ਜਾਗਰੂਕਤਾ ਫੈਲਾਈ। ਮਾਹਲ ਨੇ ਦੱਸਿਆ ਕਿ ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੋ ਤੱਕ ਕਰ ਦਿੱਤਾ ਗਿਆ ਹੈ ਜਿਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰ-ਜਰੂਰੀ ਆਵਾਜਾਈ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।
