May 3, 2025

ਆਜ਼ਾਦੀ ਸੰਗਰਾਮ ’ਚ ਪੰਜਾਬੀਆਂ ਦੀਆਂ ਕੁਰਬਾਨੀਆਂ ਲਾਮਿਸਾਲ : ਸੁੰਦਰ ਸ਼ਾਮ ਅਰੋੜਾ

0

*ਕੈਬਨਿਟ ਮੰਤਰੀ ਨੇ ਪੁਲਿਸ ਲਾਈਨ ਗਰਾਊਂਡ ’ਚ ਲਹਿਰਾਇਆ ਤਿਰੰਗਾ **ਕਿਹਾ ਹੌਂਸਲੇ ਅਤੇ ਹਿੰਮਤ ਨਾਲ ਪੰਜਾਬੀ ਪਾਉਣਗੇ ਕੋਰੋਨਾ ’ਤੇ ਫਤਿਹ ***ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਆਣ ਨੂੰ ਐਲਾਨਿਆ ਸਮਾਰਟ ਸਕੂਲ

ਹੁਸ਼ਿਆਰਪੁਰ / 15 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਪੁਲਿਸ ਲਾਈਨ ਵਿੱਚ 74ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਂਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜੇ ਗਏ ਘੋਲ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਲਾਮਿਸਾਲ ਰਹੀਆਂ ਅਤੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਾ ਸਿਹਰਾ ਪੰਜਾਬੀਆਂ ਨੂੰ ਜਾਂਦਾ ਹੈ। ਉਦਯੋਗ ਮੰਤਰੀ ਦਾ ਪੁਲਿਸ ਲਾਈਨ ਗਰਾਊਂਡ ਵਿੱਚ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਐਸ.ਐਸ. ਪੀ ਨਵਜੋਤ ਸਿੰਘ ਮਾਹਲ ਨੇ ਸਵਾਗਤ ਕੀਤਾ।

ਕੌਮੀ ਝੰਡਾ ਲਹਿਰਾਉਣ ਅਤੇ ਪੰਜਾਬ ਪੁਲਿਸ ਦੀ ਟੁਕੜੀ ਤੋਂ ਸਲਾਮੀ ਲੈਣ ਉਪਰੰਤ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੀ ਖੜਗ ਭੂਜਾ ਹੋਣ ਨਾਤੇ ਪੰਜਾਬ ਨੇ ਦੇਸ਼ ਨੂੰ ਬਾਹਰੀ ਅਤੇ ਅੰਦਰੂਨੀ ਖਤਰਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸਾਰੇ ਬਹਾਦਰ ਯੋਧਿਆਂ, ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਉਹ ਸਿਜਦਾ ਕਰਦੇ ਹਨ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਸਾਰਾ ਮੁਲਕ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ।

ਮੌਜੂਦਾ ਕੋਰੋਨਾ ਸੰਕਟ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਦੇ ਹਵਾਲੇ ਰਾਹੀਂ ਉਦਯੋਗ ਮੰਤਰੀ ਨੇ ਕਿਹਾ ਕਿ ਜਿਹੜੇ ਹੌਂਸਲੇ ਨਾਲ ਪੰਜਾਬੀਆਂ ਨੇ ਪਹਿਲਾਂ ਦਰਪੇਸ਼ ਚੁਣੌਤੀਆਂ ਨੂੰ ਸਹਿਜੇ ਹੀ ਨਜਿੱਠਿਆ ਹੈ ਉਸੇ ਹੌਂਸਲੇ ਅਤੇ ਜਜ਼ਬੇ ਨਾਲ ਕੋਰੋਨਾ ’ਤੇ ਵੀ ਜਲਦ ਫਤਿਹ ਪਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕੋਰੋਨਾ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕਰਦੀ ਹੋਈ ਉਤਮ ਸਿਹਤ ਸਹੂਲਤਾਂ ਨੂੰ ਯਕੀਨੀ ਬਣਾ ਰਹੀ ਹੈ ਅਤੇ ਜਲਦ ਹੀ ਕੋਰੋਨਾ ਖਿਲਾਫ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਕਾਰਨ ਦੁਨੀਆਂ ਵਿੱਚ ਵਿਕਾਸ ਦੀ ਰਫਤਾਰ ਨੂੰ ਢਾਅ ਲੱਗੀ ਹੈ ਪਰ ਬਾਵਜੂਦ ਇਸਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚਾ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਉਦਯੋਗਾਂ, ਨਾਗਰਿਕ ਸੇਵਾਵਾਂ ਆਦਿ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਹਰ ਵਰਗ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਅਣਥੱਕ ਯਤਨ ਕੀਤੇ ਗਏ ਹਨ ਜਿਨ੍ਹਾਂ ਦੇ ਚੰਗੇ ਨਤੀਜੇ ਮਿਲੇ ਹਨ। ਉਨ੍ਹਾਂ ਕਿਹਾ ਕਿ ਮਾਰਚ 2017 ਵਿੱਚ ਸਰਕਾਰ ਬਣਦੇ ਸਾਰ ਹੀ ਪਹਿਲੀ ਕੈਬਨਿਟ ਮੀਟਿੰਗ ਵਿੱਚ 118 ਮਿਸਾਲੀਆ ਫੈਸਲੇ ਲਏ ਗਏ ਸਨ ਜਿਨ੍ਹਾਂ ਦੀ ਚੁਫੇਰਿਓਂ ਸਲਾਹੁਤਾ ਦਰਜ ਕੀਤੀ ਗਈ। ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਇਸ ਪ੍ਰਤੀ ਪੂਰੀ ਗੰਭੀਰਤਾ ਅਤੇ ਸਖਤੀ ਨਾਲ ਅੱਗੇ ਵਧ ਰਹੀ ਹੈ ਅਤੇ ਇਸ ਸਮਾਜਿਕ ਅਲਾਮਤ ਦਾ ਖਾਤਮਾ ਯਕੀਨੀ ਹੈ।

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਦੂਰਅੰਦੇਸ਼ ਸਦਕਾ ਪਿਛਲੀਆਂ 7 ਫ਼ਸਲਾਂ ਨਾਲੋ-ਨਾਲ ਚੁੱਕਦਿਆਂ ਕਿਸਾਨਾਂ ਨੂੰ 48 ਘੰਟਿਆਂ ਦੇ ਵਿੱਚ-ਵਿੱਚ ਅਦਾਇਗੀ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਜ਼ਾ ਮੁਆਫੀ ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਸੂਬੇ ਦੇ 5.64 ਲੱਖ ਕਿਸਾਨਾਂ ਦਾ 4700 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼ਹੀਦਾਂ ਦੇ ਵਾਰਸਾਂ ਦੀ ਭਲਾਈ ਲਈ ਕਈ ਉਪਰਾਲੇ ਕੀਤੇ ਗਏ ਹਨ ਜਿਸ ਤਹਿਤ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੁਣ ਤੱਕ 50 ਤੋਂ ਵੱਧ ਨੌਕਰੀਆਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ।

ਪੰਜਾਬ ਸਰਕਾਰ ਦੀ ਸਮਾਰਟ ਸਕੂਲ ਪਾਲਿਸੀ ਤਹਿਤ ਸ਼੍ਰੀ ਅਰੋੜਾ ਨੇ ਐਲਾਨ ਕੀਤਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਿਆਣ, ਚੱਬੇਵਾਲ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਕਾਰਨ ਸਕੂਲ ਬੰਦ ਹਨ ਪਰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ 12ਵੀਂ ਤੱਕ ਸਾਰਿਆਂ ਨੂੰ ਮੁਫ਼ਤ ਪੜ੍ਹਾਈ ਦਾ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਹੁਣ ਤੱਕ 58 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ ਨਿੱਜੀ ਖੇਤਰ ਵਿੱਚ ਇਹ ਗਿਣਤੀ 4 ਲੱਖ ਦੇ ਕਰੀਬ ਹੈ ਅਤੇ ਸਵੈ ਰੋਜ਼ਗਾਰ ਸ਼ੁਰੂ ਕਰਨ ਵਿੱਚ ਸਰਕਾਰ ਵਲੋਂ 7 ਲੱਖ ਤੋਂ ਵੱਧ ਨੌਜਵਾਨਾਂ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਆਜ਼ਾਦੀ ਘੁਲਾਟੀਆਂ ਨੂੰ ਘਰ ਮੁਹੱਈਆ ਕਰਵਾਉਣ ਲਈ ਪੁੱਡਾ ਅਤੇ ਗਮਾਡਾ ਵਲੋਂ ਕੱਟੀਆਂ ਜਾਣ ਵਾਲੀਆਂ ਰਿਹਾਇਸ਼ੀ ਕਾਲੋਨੀਆਂ ਵਿੱਚ 2 ਫੀਸਦੀ ਰਾਖਵੇਂਕਰਨ ਨੂੰ ਵਧਾ ਕੇ 3 ਫੀਸਦੀ ਕਰ ਦਿੱਤਾ ਗਿਆ ਹੈ।

ਹੁਸ਼ਿਆਰਪੁਰ ਵਿਚਲੇ ਵਿਕਾਸ ਪ੍ਰੋਜੈਕਟਾਂ ਦੀ ਗੱਲ ਕਰਦਿਆਂ ਸ਼੍ਰੀ ਅਰੋੜਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਨੂੰ ਸਮਰਪਿਤ 325 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 151 ਕਰੋੜ ਰੁਪਏ ਦੀ ਲਾਗਤ ਨਾਲ 7 ਹੋਰ ਅਹਿਮ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਦਯੋਗ ਮੰਤਰੀ ਨੇ ਦੱਸਿਆ ਕਿ 25 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਬਜਵਾੜਾ ਵਿੱਚ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵੀ ਖੁੱਲ੍ਹਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਕਰਨ ਤਹਿਤ 50 ਲੱਖ ਰੁਪਏ ਦੀ ਲਾਗਤ ਨਾਲ 38 ਲੋੜਵੰਦ ਔਰਤਾਂ ਨੂੰ ਮੁਫ਼ਤ ਈ-ਰਿਕਸ਼ਾ ਦੇ ਕੇ ਸਵੈ ਨਿਰਭਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 14096 ਕਾਰਡ ਧਾਰਕ 12.50 ਕਰੋੜ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਵੀ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜਿਸ ਨਾਲ ਜ਼ਿਲ੍ਹਾ ਵਾਸੀਆਂ ਨੂੰ ਨਵੀਂ ਦਿਸ਼ਾ ਮਿਲੀ ਹੈ।
ਇਸ ਮੌਕੇ ਡੀ.ਐਸ.ਪੀ. (ਐਚ) ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਟੁਕੜੀ ਨੇ ਉਦਯੋਗ ਮੰਤਰੀ ਨੂੰ ਸਲਾਮੀ ਦਿੱਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਪੇਸ਼ ਕੀਤਾ। 

ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ ਨਵਜੋਤ ਸਿੰਘ ਮਾਹਲ, ਏ.ਡੀ.ਸੀ. (ਜ) ਅਮਿਤ ਕੁਮਾਰ ਪੰਚਾਲ, ਏ.ਡੀ.ਸੀ (ਡੀ) ਹਰਬੀਰ ਸਿੰਘ ਆਦਿ ਨੇ ਉਦਯੋਗ ਮੰਤਰੀ ਨੂੰ ਸਨਮਾਨ ਚਿੰਨ ਭੇਟ ਕੀਤਾ। ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਹੁਸ਼ਿਆਰਪੁਰ ਅਮਿਤ ਮਹਾਜਨ, ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ, ਸਹਾਇਕ ਕਮਿਸ਼ਨਰ ਕਿਰਪਾਲ ਵੀਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਅਮਨਪਾਲ ਸਿੰਘ, ਸਹਾਇਕ ਕਮਿਸ਼ਨਰ ਆਬਕਾਰੀ ਤੇ ਕਰ ਜਤਿੰਦਰ ਕੌਰ, ਪੀ.ਐਸ.ਆਈ.ਡੀ.ਸੀ. ਦੇ ਵਾਈਸ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਮਨਦੀਪ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *