May 2, 2025

204 ਲਾਭਪਾਤਰੀਆਂ ਨੂੰ ਜਲਦ ਮਿਲਣਗੇ ਪੱਕੇ ਘਰ, ਉਸਾਰੀ ਅੰਤਿਮ ਪੜਾਅ ’ਤੇ : ਅਪਨੀਤ ਰਿਆਤ

0

*ਹਰ ਲਾਭਪਾਤਰੀਆਂ ਨੂੰ 3 ਕਿਸ਼ਤਾਂ ਵਿੱਚ 1.20 ਲੱਖ ਰੁਪਏ ਮਾਲੀ ਮਦਦ **204 ਲਾਭਪਾਤਰੀਆਂ ਸਮੇਤ ਜ਼ਿਲ੍ਹੇ ’ਚ ਹੁਣ ਤੱਕ ਕੁੱਲ 1377 ਨੂੰ ਪੀ.ਐਸ.ਏ.ਵਾਈ. ਤਹਿਤ ਮਿਲ ਜਾਣਗੇ ਪੱਕੇ ਘਰ ***ਆਵਾਸ ਪਲੱਸ ਤਹਿਤ ਜ਼ਿਲ੍ਹੇ ’ਚ 3984 ਲਾਭਪਾਤਰੀਆਂ ਦੀ ਰਜਿਸਟਰੇਸ਼ਨ ***ਸਰਕਾਰ ਦੀ ਮਦਦ ਸਦਕਾ ਸਾਡਾ ਪੱਕੇ ਘਰ ਦਾ ਸੁਪਨਾ ਹੋਇਆ ਸਾਕਾਰ : ਲਾਭਪਾਤਰੀ ਮਨਜਿੰਦਰ ਕੌਰ ਤੇ ਰੇਨੂੰ ਬਾਲਾ

ਹੁਸ਼ਿਆਰਪੁਰ / 08 ਅਗਸਤ / ਨਿਊ ਸੁਪਰ ਭਾਰਤ ਨਿਊਜ

ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੁਝ ਅਰਸੇ ਵਿੱਚ ਹੀ 204 ਲੋੜਵੰਦ ਪਰਿਵਾਰਾਂ ਨੂੰ ਪੱਕੇ ਘਰ ਮੁਹੱਈਆ ਕਰਵਾਏ ਜਾਣਗੇ ਕਿਉਂਕਿ ਇਨ੍ਹਾਂ ਦੀ ਉਸਾਰੀ ਲਗਭਗ ਮੁਕੰਮਲ ਹੋਣ ਕੰਢੇ ਹੈ। ਇਨ੍ਹਾਂ ਘਰਾਂ ਲਈ ਸਰਕਾਰ ਵਲੋਂ ਲਾਭਪਾਤਰੀਆਂ ਨੂੰ ਤਿੰਨ ਕਿਸ਼ਤਾਂ ਵਿੱਚ ਕੁਲ 1.20 ਲੱਖ ਰੁਪਏ ਦਿੱਤੇ ਜਾਂਦੇ ਹਨ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ 2019-20 ਵਰ੍ਹੇ ਦੌਰਾਨ 204 ਲਾਭਪਾਤਰੀਆਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਸੀ ਜਿਸ ਤਹਿਤ ਲੋੜੀਂਦੀ ਮਨਜ਼ੂਰੀ ਜਾਰੀ ਕਰਕੇ ਲਾਭਪਾਤਰੀਆਂ ਨੂੰ ਦੋ ਕਿਸ਼ਤਾਂ ¬ਕ੍ਰਮਵਾਰ 30,000 ਰੁਪਏ ਅਤੇ 72,000 ਰੁਪਏ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਕਾਨਾਂ ਦੀ ਉਸਾਰੀ ਮੁਕੰਮਲ ਹੁੰਦੇ ਸਾਰ ਨਿਰਧਾਰਤ ਸ਼ਰਤਾਂ ਤਹਿਤ ਤੀਜੀ ਕਿਸ਼ਮ 18,000 ਰੁਪਏ ਪ੍ਰਤੀ ਲਾਭਪਾਤਰੀ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜਾਰੀ ਕੀਤੀ ਜਾ ਰਹੀ ਹੈ।

ਅਪਨੀਤ ਰਿਆਤ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋਂ ਸਮੇਂ ਸਿਰ ਮਾਲੀ ਮਦਦ ਮੁਹੱਈਆ ਕਰਵਾਉਣ ਨਾਲ ਇਹ ਉਸਾਰੀਆਂ ਜਲਦ ਹੀ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣ ਰਹੇ ਇਹ ਮਕਾਨ ਜਲਦ ਹੀ ਲਾਭਪਾਤਰੀਆਂ ਨੂੰ ਸੌਂਪੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 2016-17 ਵਿੱਚ ਅਜਿਹੇ 543 ਪੱਕੇ ਮਕਾਨ ਅਤੇ ਫਿਰ 630 ਪੱਕੇ ਮਕਾਨ ਲਾਭਪਾਤਰੀਆਂ ਨੂੰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਦਿੱਤੇ ਜਾ ਰਹੇ 204 ਮਕਾਨਾਂ ਨਾਲ ਜ਼ਿਲ੍ਹੇ ਵਿੱਚ ਪੱਕੇ ਮਕਾਨਾਂ ਦੀ ਗਿਣਤੀ 1377 ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਕਿਸ਼ਤ 30 ਹਜ਼ਾਰ ਰੁਪਏ ਮਨਜ਼ੂਰੀ ਉਪਰੰਤ ਦਿੱਤੀ ਜਾਂਦੀ ਹੈ ਜਦਕਿ ਦੂਜੀ ਕਿਸ਼ਤ 72 ਹਜ਼ਾਰ ਕੰਧਾਂ ਖੜੀਆਂ ਕਰਨ ਤੋਂ ਬਾਅਦ ਲੈਂਟਰ ਵੇਲੇ ਦਿੱਤੀ ਜਾਂਦੀ ਹੈ। ਤੀਜੀ ਕਿਸ਼ਤ ਵਜੋਂ 18 ਹਜ਼ਾਰ ਰੁਪਏ ਮਕਾਨ ਦੀ ਤਿਆਰੀ ਲਈ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਨਰੇਗਾ ਤਹਿਤ ਲਾਭਪਾਤਰੀ ਨੂੰ 90 ਦਿਨ ਦੀਆਂ ਦਿਹਾੜੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਮਨਰੇਗਾ ਰਾਹੀਂ ਜਿਨ੍ਹਾਂ ਲਾਭਪਾਤਰੀਆਂ ਕੋਲ ਬਾਥਰੂਮ ਨਹੀਂ ਹਨ ਨੂੰ ਸਵੱਛ ਭਾਰਤ ਮਿਸ਼ਨ ਤਹਿਤ 12 ਹਜ਼ਾਰ ਰੁਪਏ ਬਾਥਰੂਮ ਲਈ ਦਿੱਤੇ ਜਾਂਦੇ ਹਨ। ਇਹ ਰਾਸ਼ੀ ਸਿੱਧੀ ਲਾਭਪਾਤਰੀ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ।   

ਐਸ.ਈ.ਸੀ.ਸੀ. 2011 ਵਿੱਚ ਸ਼ਾਮਲ ਹੋਣੋ ਵਾਂਝੇ ਰਹਿ ਯੋਗ ਲਾਭਪਾਤਰੀਆਂ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਪਹੁੰਚਾਉਣ ਲਈ ਸਰਕਾਰ ਵਲੋਂ ‘ਆਵਾਸ ਪਲੱਸ’ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 3984 ਲਾਭਪਾਤਰੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਅੱਗੋਂ ਪੜਤਾਲ ਦਾ ਕੰਮ ਜਾਰੀ ਹੈ, ਤਾਂ ਜੋ ਉਨ੍ਹਾਂ ਨੂੰ ਜਲਦ ਸਕੀਮ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ।

ਸਰਕਾਰ ਦੀ ਮਦਦ ਸਦਕਾ ਸਾਡਾ ਪੱਕੇ ਘਰ ਦਾ ਸੁਪਨਾ ਹੋਇਆ ਸਾਕਾਰ : ਲਾਭਪਾਤਰੀ ਮਨਜਿੰਦਰ ਕੌਰ ਤੇ ਰੇਨੂੰ ਬਾਲਾ-
ਇਸੇ ਦੌਰਾਨ ਪੱਕੇ ਮਕਾਨਾਂ ਵਿੱਚ ਰਹਿ ਰਹੇ ਟਾਂਡਾ ਦੇ ਪਿੰਡ ਜੌੜਾ ਵਾਸੀ ਮਨਜਿੰਦਰ ਕੌਰ ਪਤਨੀ ਸੁਰਿੰਦਰ ਪਾਲ (52) ਅਤੇ ਜਸਵੰਤ ਸਿੰਘ ਪਤੀ ਲਾਭਪਾਤਰੀ ਰੇਨੂ ਬਾਲਾ ਪਿੰਡ ਝਰੇੜਾ, ਤਲਵਾੜਾ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਵਲੋਂ ਪੱਕਾ ਮਕਾਨ ਬਣਾਉਣਾ ਬਹੁਤ ਹੀ ਔਖਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਿਲੀ ਮਾਲੀ ਮਦਦ ਸਦਕਾ ਉਨ੍ਹਾਂ ਦਾ ਪੱਕੇ ਘਰ ਦਾ ਸੁਪਨਾ ਸਾਕਾਰ ਹੋਇਆ ਹੈ।

Leave a Reply

Your email address will not be published. Required fields are marked *