Site icon NewSuperBharat

ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਵਾਲਿਆਂ ਦਾ ਹਮੇਸ਼ਾ ਰਿਣੀ ਰਹੇਗਾ ਸਮਾਜ : ਅਰੋੜਾ

*ਕੈਬਨਿਟ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੇ ਬਲੀਦਾਨ ਦਿਵਸ ’ਤੇ ਦਿੱਤੀ ਸ਼ਰਧਾਂਜਲੀ **ਹੁਸ਼ਿਆਰਪੁਰ ਦਾ ਸਰਕਾਰੀ ਮੈਡੀਕਲ ਕਾਲਜ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੇ ਨਾਮ ’ਤੇ ਰੱਖਣ ਲਈ ਮੁੱਖ ਮੰਤਰੀ ਦਾ ਧੰਨਵਾਦ ਜਤਾਇਆ

ਹੁਸ਼ਿਆਰਪੁਰ / 31 ਜੁਲਾਈ / ਨਿਊ ਸੁਪਰ ਭਾਰਤ ਨਿਊਜ

ਦੇਸ਼ ਦੀ ਆਜ਼ਾਦੀ ਲਈ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲਿਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਬਲਕਿ ਸ਼ਹੀਦ ਹੀ ਸਾਡੀ ਵਿਰਾਸਤ ਹਨ ਅਤੇ ਸਾਡਾ ਸਮਾਜ ਹਮੇਸਾ ਇਨ੍ਹਾਂ ਦਾ ਰਿਣੀ ਰਹੇਗਾ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੀ ਸ਼ਹਾਦਤ ਦਿਵਸ ’ਤੇ ਉਨ੍ਹਾਂ ਦੇ ਨਾਮ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦੇ ਸਥਾਨ ’ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਗਟ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਵੀ ਸ਼ਹੀਦ-ਏ-ਆਜ਼ਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼੍ਰੀ ਅਰੋੜਾ ਨੇ ਕਿਹਾ ਕਿ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਕਿ ਸ਼ਹੀਦ ਊਧਮ ਸਿੰਘ ਦੇ ਨਾਮ ’ਤੇ ਹੁਸ਼ਿਆਰਪੁਰ ਵਿੱਚ ਸਰਕਾਰੀ ਮੈਡੀਕਲ ਕਾਲਜ ਬਣਨ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਕਾਲਜ ਦਾ ਨਾਮ ਨੌਜਵਾਨਾਂ ਨੂੰ ਦੇਸ਼ ਭਗਤੀ ਦੀ ਪ੍ਰੇਰਣਾ ਦੇਣ ਵਾਲੇ ਸ਼ਹੀਦ-ਏ.ਆਜ਼ਮ ਊਧਮ ਸਿਘ ਨੂੰ ਸਮਰਪਿਤ ਕੀਤਾ ਹੈ, ਜੋ ਕਿ ਹਮੇਸ਼ਾ ਸਮਾਜ ਦਾ ਮਾਰਗਦਰਸ਼ਨ ਕਰਦਾ ਰਹੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਦੇ ਕਾਰਨ ਅੱਜ ਜ਼ਿਲ੍ਹੇ ਨੂੰ ਜਿਥੇ ਸਰਕਾਰੀ ਮੈਡੀਕਲ ਕਾਲਜ ਮਿਲਿਆ ਹੈ ਉਥੇ ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕਰਕੇ ਬਣਨ ਵਾਲੇ ਇਸ ਕਾਲਜ ਦੀ ਸ਼ੋਭਾ ਨੂੰ ਹੋਰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਜਿਲਿਆਂਬਾਗ ਹੱਤਿਆਕਾਂਡ ਦੇ ਦੋਸ਼ੀਆਂ ਵਿੱਚ ਇਕ ਮਾਈਕਲ ਓਡਵਾਇਰ ਨੂੰ ਲੰਡਨ ਵਿੱਚ ਗੋਲੀ ਮਾਰ ਕੇ ਸਰਦਾਰ ਊਧਮ ਸਿੰਘ ਨੇ ਬਦਲਾ ਲਿਆ ਸੀ। ਉਨ੍ਹਾਂ ਕਿਹਾ ਕਿ ਜਿਸ ਵੀਰ ਸਪੂਤ ਨੇ ਦੇਸ਼ ਨੂੰ ਆਪਣਾ ਸਭ ਕੁਝ ਵਾਰ ਦਿੱਤਾ ਐਸੇ ਸਪੂਤ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਅਮਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅੰਗਰੇਜਾਂ ਦੇ ਸ਼ਾਸ਼ਨ  ਤੋਂ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਬਲੀਦਾਨ ਦੇਣ ਵਾਲੇ ਵੀਰ ਪੁੱਤਰ ਪ੍ਰਤੀ ਦੇਸ਼ ਹਮੇਸ਼ਾ ਨਤਮਸਤਕ ਰਹੇਗਾ।

ਸ਼੍ਰੀ ਅਰੋੜਾ ਨੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ’ਤੇ ਉਨ੍ਹਾਂ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੇਸ਼ ਭਗਤੀ ਅਤੇ ਸ਼ਹਾਦਤ ਸਾਡੀ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਇਸ ਦੌਰਾਨ ਪੰਜਾਬ ਸਟੇਟ ਇੰਡਸਟਰੀਅਲ  ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਸ਼੍ਰੀ ਬ੍ਰਹਸ਼ੰਕਰ ਜਿੰਪਾ, ਇਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਐਸ.ਪੀ. ਸ਼੍ਰੀ ਪਰਮਿੰਦਰ ਸਿੰਘ, ਡੀ.ਐਸ.ਪੀ. ਸ਼੍ਰੀ ਜਗਦੀਸ਼ ਰਾਜ, ਐਸ.ਐਚ.ਓ ਸਦਰ ਸ਼੍ਰੀ ਸਤਵਿੰਦਰ, ਸ਼੍ਰੀ ਸੁਰਿੰਦਰ ਪਾਲ ਸਿੱਧੂ, ਸ਼੍ਰੀ ਮਨਮੋਹਨ ਸਿੰਘ ਕਪੂਰ, ਸ਼੍ਰੀ ਗੁਰਦੀਪ ਕਟੋਚ, ਸ਼੍ਰੀ ਕ੍ਰਿਸ਼ਨ ਮਨੋਚਾ ਵੀ ਹਾਜ਼ਰ ਸਨ।

Exit mobile version