ਸ਼ਿਕਾਇਤ ਸਬੰਧੀ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਵਲੋਂ ਪਿੰਡ ਸਹੌੜਾ ਡਡਿਆਲ ਦਾ ਦੌਰਾ
ਹੁਸ਼ਿਆਰਪੁਰ / 31 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਮੈਡਮ ਤੇਜਿੰਦਰ ਕੌਰ (ਰਿਟਾ: ਆਈ.ਏ.ਐਸ.) ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੈਂਬਰ ਪ੍ਰਭਦਿਆਲ ਰਾਮਪੁਰ ਅਤੇ ਸ਼੍ਰੀ ਗਿਆਨ ਚੰਦ ਵਲੋਂ ਇਕ ਸ਼ਿਕਾਇਤ ਦੇ ਸਬੰਧ ਵਿੱਚ ਬਲਾਕ ਹਾਜੀਪੁਰ ਦੇ ਪਿੰਡ ਸਹੌੜਾ ਡਡਿਆਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸ਼੍ਰੀ ਪ੍ਰਭਦਿਆਲ ਨੇ ਦੱਸਿਆ ਕਿ ਪਿੰਡ ਸਹੌੜਾ ਡਡਿਆਲ ਦੀ ਸਰਪੰਚ ਦੁਆਰਾ ਪਿੰਡ ਦੇ ਹੀ ਪੰਜ ਲੋਕਾਂ ਖਿਲਾਫ ਅਨੁਸੂਚਿਤ ਜਾਤੀ ਅਪਸ਼ਬਦ ਬੋਲਣ, ਸਰਪੰਚ ਦੀ ਜਾਅਲੀ ਮੋਹਰ ਬਣਾਉਣ ਆਦਿ ਸਬੰਧੀ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਸਬੰਧੀ ਉਹ ਅੱਜ ਇਥੇ ਆਏ ਸਨ। ਇਸ ਦੌਰਾਨ ਐਸ.ਡੀ.ਐਮ ਮੁਕੇਰੀਆਂ ਸ਼੍ਰੀ ਅਸ਼ੋਕ ਸ਼ਰਮਾ, ਬੀ.ਡੀ.ਪੀ.ਓ ਸੁਖਪ੍ਰੀਤ ਪਾਲ ਸਿੰਘ ਅਤੇ ਐਸ.ਐਚ.ਓ ਹਾਜੀਪੁਰ ਲੋਮੇਸ਼ ਸ਼ਰਮਾ ਵੀ ਮੌਜੂਦ ਸਨ।

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਨੇ ਸਭ ਤੋਂ ਪਹਿਲਾਂ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੋਵੇਂ ਧਿਰਾਂ ਨੂੰ ਸੁਣਿਆ ਅਤੇ ਪਿੰਡ ਵਿੱਚ ਜਾ ਕੇ ਮੌਕਾ ਦੇਖਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਉਨ੍ਹਾਂ ਨੇ ਐਸ.ਡੀ.ਐਮ ਮੁਕੇਰੀਆਂ ਅਤੇ ਡੀ.ਐਸ.ਪੀ ਦੀ ਅਗਵਾਈ ਵਿੱਚ ਟੀਮ ਬਣਾ ਦਿੱਤੀ ਹੈ ਅਤੇ ਜਾਂਚ ਰਿਪੋਰਟ 18 ਅਗਸਤ ਤੱਕ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਕਮਿਸ਼ਨ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
