May 11, 2025

ਹੁਸ਼ਿਆਰਪੁਰ ਦੀ ਪ੍ਰਤਿਸ਼ਠਾ ਨੂੰ ਉਸਦੀ ਕਾਮਯਾਬੀ ‘ਤੇ ਮੁੱਖ ਮੰਤਰੀ ਨੇ ਵੀਡੀਓ ਕਾਲ ਕਰਕੇ ਦਿੱਤੀ ਵਧਾਈ **21 ਸਾਲਾਂ ਦਿਵਆਂਗ ਪ੍ਰਤਿਸ਼ਠਾ ਦਾ ਆਕਸਫੋਰਡ ਯੂਨੀਵਰਸਿਟੀ ‘ਚ ਹੋਇਆ ਦਾਖਲਾ, ਪਬਲਿਕ ਪਾਲਿਸੀ ‘ਤੇ ਕਰੇਗੀ ਮਾਸਟਰ ਡਿਗਰੀ

0

*ਮੁੱਖ ਮੰਤਰੀ ਨੇ ਕਿਹਾ, ਪ੍ਰਤਿਸ਼ਠਾ ਨੇ ਵਧਾਇਆ ਪੰਜਾਬ ਦਾ ਮਾਣ **ਦਿਵਆਂਗ ਹੋਣ ਦੇ ਬਾਵਜੂਦ ਆਤਮ ਵਿਸ਼ਵਾਸ਼ ਨਾਲ ਭਰੀ ਪ੍ਰਤਿਸ਼ਠਾ ਦਿੱਲੀ ‘ਚ ਇਕੱਲੇ ਰਹਿ ਕੇ ਪੜਾਈ ਕਰ ਰਹੀ ਹੈ

ਹੁਸ਼ਿਆਰਪੁਰ / 15 ਜੁਲਾਈ / ਨਿਊ ਸੁਪਰ ਭਾਰਤ ਨਿਊਜ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀਡੀਓ ਕਾਲ ਕਰਕੇ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੀ ਹੁਸ਼ਿਆਰਪੁਰ ਦੀ ਦਿਵਆਂਗ ਪ੍ਰਤਿਸ਼ਠਾ ਦੇਵੇਸ਼ਵਰ ਨੂੰ ਵਧਾਈ ਦਿੰਦਿਆਂ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਪ੍ਰਤਿਸ਼ਠਾ ਦਾ ਨਾ ਸਿਰਫ ਹੌਂਸਲਾ ਵਧਾਇਆ, ਬਲਕਿ ਜ਼ਰੂਰਤ ਪੈਣ ‘ਤੇ ਉਸ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵੀ ਵਿਸ਼ਵਾਸ਼ ਦਿਵਾਇਆ। ਉਨਾਂ ਕਿਹਾ ਕਿ ਪ੍ਰਤਿਸ਼ਠਾ ਨੇ ਪੰਜਾਬ ਦਾ ਮਾਣ ਵਧਾਇਆ ਅਤੇ ਇਸ ਵਰਗੀਆਂ ਲੜਕੀਆਂ ਸਾਬਤ ਕਰਦੀਆਂ ਹਨ ਕਿ ਸਰੀਰਕ ਕਮਜ਼ੋਰੀ ਤੁਹਾਡੇ ਆਤਮ ਵਿਸ਼ਵਾਸ਼ ਨੂੰ ਨਹੀਂ ਤੋੜ ਸਕਦੀ। 

ਉਧਰ ਆਤਮ ਵਿਸ਼ਵਾਸ਼ ਨਾਲ ਭਰੀ ਪ੍ਰਤਿਸ਼ਠਾ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੁੱਖ ਮੰਤਰੀ ਉਸ ਨਾਲ ਫੋਨ ‘ਤੇ ਗੱਲ ਕਰਨਾ ਚਾਹੁੰਦੇ ਹਨ, ਤਾਂ ਉਸ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ। ਉਸ ਨੇ ਕਿਹਾ ਕਿ ਇਹ ਉਸ ਦੇ ਜੀਵਨ ਦਾ ਬਹੁਤ ਹੀ ਮਹੱਤਵਪੂਰਨ ਸਮਾਂ ਸੀ, ਜਦੋਂ ਮੁੱਖ ਮੰਤਰੀ ਨੇ ਸਹਿਜ ਅਤੇ ਪਿਆਰ ਨਾਲ ਗੱਲ ਕੀਤੀ, ਜੋ ਕਿ ਉਸ ਨੂੰ ਬਹੁਤ ਹੀ ਚੰਗਾ ਲੱਗਿਆ। ਉਨਾਂ ਆਕਸਫੋਰਡ ਯੂਨੀਵਰਸਿਟੀ ਦੇ ਕੋਰਸ ਤੋਂ ਲੈ ਕੇ ਦਿੱਲੀ ਵਿੱਚ ਇਕੱਲਿਆ ਬਿਤਾਏ ਸਮੇਂ ਨੂੰ ਲੈ ਕੇ ਵੀ ਗੱਲ ਕੀਤੀ ਅਤੇ ਉਸ ਦਾ ਉਤਸ਼ਾਹ ਵਧਾਇਆ। ਪ੍ਰਤਿਸ਼ਠਾ ਨੇ ਦੱਸਿਆ ਕਿ ਮੁੱਖ ਮੰਤਰੀ ਜੀ ਨੇ ਕਿਹਾ ਕਿ ਜਦੋਂ ਸਥਿਤੀ ਠੀਕ ਹੋ ਜਾਵੇਗੀ, ਤਾਂ ਉਹ ਜ਼ਰੂਰ ਉਸ ਨੂੰ ਮਿਲਣਗੇ। ਇਸ ਤੋਂ ਇਲਾਵਾ ਉਨਾਂ ਨੇ ਉਸ ਨੂੰ ਸਿਹਤ ਦਾ ਧਿਆਨ ਰੱਖਣ ਲਈ ਵੀ ਕਿਹਾ।

ਪ੍ਰਤਿਸ਼ਠਾ ਨੇ ਦੱਸਿਆ ਕਿ 13 ਸਾਲ ਦੀ ਉਮਰ ਵਿੱਚ ਚੰਡੀਗੜ ਜਾਂਦੇ ਸਮੇਂ ਇਕ ਕਾਰ ਦੁਰਘਟਨਾ ਵਿੱਚ ਉਸਦੀ ਰੀੜ ਦੀ ਹੱਡੀ ‘ਤੇ ਕਾਫੀ ਗਹਿਰੀਆਂ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸਦਾ ਛਾਤੀ ਤੋਂ ਹੇਠਲਾ ਹਿੱਸਾ ਪੈਰਾਲਾਈਜ ਹੋ ਗਿਆ ਸੀ ਅਤੇ ਉਹ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵੀਲ ਚੇਅਰ ‘ਤੇ ਹੀ ਹੈ। ਉਸ ਨੇ ਦੱਸਿਆ ਕਿ 5 ਸਾਲ ਤੱਕ ਉਹ ਘਰ ਤੋਂ ਬਾਹਰ ਨਹੀਂ ਜਾ ਸਕੀ ਅਤੇ ਪੂਰੀ ਤਰਾਂ ਨਾਲ ਪਰਿਵਾਰ ‘ਤੇ ਹੀ ਨਿਰਭਰ ਸੀ, ਪਰ ਜਦੋਂ ਉਸ ਨੇ 12ਵੀਂ ਵਿੱਚ ਟਾਪ ਕੀਤਾ, ਤਾਂ ਉਸ ਨੇ ਆਜ਼ਾਦ ਹੋਣ ਦਾ ਫੈਸਲਾ ਕੀਤਾ। ਬੁਲੰਦ ਹੌਂਸਲੇ ਵਾਲੀ ਪ੍ਰਤਿਸ਼ਠਾ ਕਿਥੇ ਰੁਕਣ ਵਾਲੀ ਸੀ, ਉਸ ਨੇ ਇਰਾਦਾ ਬਣਾਇਆ ਕਿ ਉਹ ਬਿਨਾਂ ਕਿਸੇ ਸਹਾਰੇ ਦੇ ਆਪਣਾ ਜੀਵਨ ਬਤੀਤ ਕਰੇਗੀ ਅਤੇ ਉਹ ਪੜ•ਾਈ ਲਈ ਦਿੱਲੀ ਚਲੀ ਗਈ ਅਤੇ ਪਰਿਵਾਰ ਤੋਂ ਦੂਰ ਉਹ ਹੁਣ ਲੇਡੀ ਸ਼੍ਰੀਰਾਮ ਕਾਲਜ ਫਾਰ ਵੂਮੈਨ, ਦਿੱਲੀ ਯੂਨੀਵਰਸਿਟੀ ਤੋਂ ਰਾਜਨੀਤਿਕ ਸ਼ਾਸ਼ਤਰ ਵਿੱਚ ਬੀ.ਏ. ਆਰਨਸ ਕਰ ਰਹੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਇਕੱਲਿਆਂ ਰਹਿ ਰਹੀ ਹੈ। ਪ੍ਰਤਿਸ਼ਠਾ ਦੇ ਪਿਤਾ ਸ਼੍ਰੀ ਮੁਨੀਸ਼ ਸ਼ਰਮਾ ਹੁਸ਼ਿਆਰਪੁਰ ਵਿੱਚ ਹੀ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਤਾਇਨਾਤ ਹਨ ਅਤੇ ਮਾਤਾ ਅਧਿਆਪਕ ਹਨ। ਪ੍ਰਤਿਸ਼ਠਾ ਦਿਵਆਂਗਾਂ ਦੇ ਅਧਿਕਾਰਾਂ ਨੂੰ ਲੈ ਕੇ ਵੀ ਕਾਫੀ ਸਰਗਰਮ ਭੂਮਿਕਾ ਨਿਭਾਅ ਰਹੀ ਹੈ।  

Leave a Reply

Your email address will not be published. Required fields are marked *