ਹੁਸ਼ਿਆਰਪੁਰ / 12 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਸਾਵਧਾਨੀਆਂ ਅਪਨਾ ਕੇ ਕੋਰੋਨਾ ‘ਤੇ ਜਿੱਤ ਪਾਈ ਜਾ ਸਕਦੀ ਹੈ, ਇਸ ਲਈ ਜ਼ਿਲਾ ਵਾਸੀ ‘ਮਿਸ਼ਨ ਫਤਿਹ’ ਤਹਿਤ ਖੁਦ ਜਾਗਰੂਕ ਹੋ ਕੇ ਦੂਸਰਿਆਂ ਨੂੰ ਵੀ ਜਾਗਰੂਕ ਕਰਨ, ਤਾਂ ਜੋ ਜ਼ਿਲੈ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਹੁਣ ਤੱਕ 181 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਘਰ ਜਾ ਚੁੱਕੇ ਹਨ, ਇਸ ਲਈ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ‘ਤੇ ‘ਮਿਸ਼ਨ ਫਤਿਹ’ ਤਹਿਤ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ ਲਏ ਗਏ ਸੈਂਪਲਾਂ ਵਿੱਚ 16528 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਤਹਿਤ ਜ਼ਿਲਾ ਪ੍ਰਸ਼ਾਸ਼ਨ ਵਲੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਜ਼ਿਲਾ ਵਾਸੀ ਸਾਵਧਾਨੀਆਂ ਅਪਨਾ ਕੇ ਕੋਰੋਨਾ ਵਾਇਰਸ ਤੋਂ ਬਚ ਸਕਣ।
ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜਾਗਰੂਕਤਾ ਲਈ ਕੁਆਰਨਟੀਨ ਵਿਅਕਤੀਆਂ ਨੂੰ ਕੋਵਾ ਐਪ ਵੀ ਡਾਊਨਲੋਡ ਕਰਵਾਇਆ ਜਾ ਰਿਹਾ ਹੈ, ਤਾਂ ਜੋ ਉਹ ਕੋਵਿਡ-19 ਸਬੰਧੀ ਜਾਣਕਾਰੀ ਹਾਸਲ ਕਰ ਸਕਣ। ਉਨਾਂ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸੰਪਰਕ ਨਾਲ ਫੈਲਦਾ ਹੈ, ਇਸ ਲਈ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੇਟਾਈਜ਼ਰ ਤੇ ਸਮੇਂ-ਸਮੇਂ ‘ਤੇ 20 ਸੈਕਿੰਡ ਤੱਕ ਹੱਥ ਧੋਣੇ ਯਕੀਨੀ ਬਣਾਏ ਜਾਣ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ 17,342 ਸੈਂਪਲ ਲਏ ਗਏ ਹਨ। ਉਨਾਂ ਕਿਹਾ ਕਿ ਅੱਜ 137 ਸੈਂਪਲ ਲਏ ਗਏ ਹਨ ਅਤੇ 555 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ ਵਿੱਚੋਂ 3 ਵਿਅਕਤੀਆਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ। ਉਨਾਂ ਦੱਸਿਆ ਕਿ ਦੋ ਮਾਮਲੇ ਭੋਗਪੁਰ ਜਲੰਧਰ ਨਾਲ ਸਬੰਧਤ ਹਨ, ਜਿਸ ਵਿੱਚ ਇਕ 30 ਸਾਲ ਦਾ ਵਿਅਕਤੀ ਅਤੇ 5 ਸਾਲ ਦਾ ਬੱਚਾ ਹੈ। ਉਨਾਂ ਦੱਸਿਆ ਕਿ ਇਨਾਂ ਦਾ 10 ਜੁਲਾਈ ਨੂੰ ਸਿਹਤ ਕੇਂਦਰ ਟਾਂਡਾ ਵਿੱਚ ਸੈਂਪਲ ਲਿਆ ਗਿਆ ਸੀ। ਇਸ ਤਰਾਂ ਸਿਹਤ ਕੇਂਦਰ ਪੋਸੀ ਤਹਿਤ ਆਉਂਦੇ ਪਿੰਡ ਸੀਹਮਾ ਦੇ 48 ਸਾਲਾ ਵਿਅਕਤੀਆਂ ਦਾ ਸੈਂਪਲ ਪੋਜ਼ੀਟਿਵ ਆਇਆ ਹੈ, ਜੋ ਕਿ ਆਂਧਰਾ ਪ੍ਰਦੇਸ਼ ਤੋਂ ਆਇਆ ਹੈ।
ਉਨਾਂ ਦੱਸਿਆ ਕਿ ਤਿੰਨੋਂ ਮਰੀਜ਼ਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਲਏ ਗਏ 17,342 ਸੈਂਪਲਾਂ ਵਿੱਚ 16528 ਨੈਗੇਟਿਵ ਆਏ ਹਨ ਅਤੇ 601 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਕਿਹਾ ਕਿ 30 ਸੈਂਪਲ ਇਨਵੈਲਿਡ ਵੀ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਹੁਣ ਤੱਕ ਪੋਜ਼ੀਟਿਵ ਕੇਸਾਂ ਦੀ ਗਿਣਤੀ 200 ਹੋ ਗਈ ਹੈ, ਜਿਸ ਵਿੱਚ 12 ਐਕਟਿਵ ਕੇਸ ਹਨ। ਉਨਾਂ ਗਰਭਵਤੀ ਮਹਿਲਾਵਾਂ ਤੇ 10 ਸਾਲ ਤੱਕ ਦੇ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦੇ ਹੋਏ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ।