ਮਿਸ਼ਨ ਫ਼ਤਿਹ: ਸਮਾਜਸੇਵੀ ਸੰਸਥਾਂ ਵੱਲੋਂ ਸਿਹਤ ਵਿਭਾਗ ਅਤੇ ਸੀ.ਡੀ.ਪੀ.ਓ ਨੂੰ 2450 ਪੀ.ਪੀ.ਈ ਕਿੱਟਾਂ, ਸੈਨੇਟਾਈਜ਼ਰ, ਮਾਸਕ ਅਤੇ ਹੋਰ ਵਰਤੋਂ ਵਾਲਾ ਸਮਾਨ ਭੇਂਟ
*ਸਿਵਲ ਸਰਜਨ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਲੋਕਾ ਨੂੰ ਘਰਾਂ ਵਿਚ ਰਹਿਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ
ਫ਼ਰੀਦਕੋਟ / 16 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਦਿੱਲੀ ਦੀ ਸਮਾਜਸੇਵੀ ਸੰਸਥਾਂ ਯੂਨਾਟੀਇਡ ਵੇਅ ਵੱਲੋਂ ਕੋਕਾ ਕੋਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਅਤੇ ਤਹਿਸੀਲਦਾਰ ਸ੍ਰੀ ਪਰਮਜੀਤ ਸਿੰਘ ਬਰਾੜ ਨੂੰ ਸਿਹਤ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਫ਼ਰੀਦਕੋਟ ਨੂੰ 2450 ਨਿੱਜੀ ਸੁਰੱਖਿਆ ਉਪਕਰਨ (ਪੀ.ਪੀ.ਈ ), ਆਈ.ਸੀ.ਯੂ ਬੈਡ, ਸੈਨੇਟਾਈਜ਼ਰ, ਮਾਸਕ, ਗਲੱਬਜ਼ ਆਦਿ ਭੇਂਟ ਕੀਤੇ ਗਏ।
ਇਸ ਮੌਕੇ ਯੂਨਾਈਟਿਡ ਵੇਅ ਸੰਸਥਾ ਦੀ ਮੈਡਮ ਭਰਲੀਨ ਅਤੇ ਕੋਕਾ ਕੋਲਾ ਦੇ ਪੰਜਾਬ ਸੇਲਜ ਮੈਨੇਜਰ ਸ੍ਰੀ ਸੰਜੇ ਅਰੋੜਾ ਨੇ ਦੱਸਿਆ ਕਿ ਕੋਵਿਡ-19 ਨਾਮਕ ਬਿਮਾਰੀ ਨੇ ਵਿਸ਼ਵ ਨੂੰ ਆਪਣੇ ਪਕੜ ਵਿਚ ਲਿਆ ਹੋਇਆ ਹੈ। ਇਸ ਲਈ ਇਸ ਮਹਾਮਾਰੀ ਦੇ ਟਾਕਰੇ ਲਈ ਇਹ ਕਿੱਟਾਂ ਭੇਂਟ ਕਰਨ ਦਾ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ, ਤਾਂ ਕਿ ਇਸ ਮਹਾਮਾਰੀ ਦੇ ਚੱਲਦਿਆਂ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਇਹਨਾਂ ਕਿੱਟਾਂ ਨਾਲ ਡਾਕਟਰ ਨਰਸਿੰਗ ਸਟਾਫ਼ ਹਸਪਤਾਲ ਦੇ ਹੋਰ ਕਰਮਚਾਰੀਆਂ ਅਤੇ ਆਂਗਣਵਾੜੀ ਵਰਕਰਾਂ ਦੀ ਸੁਰੱਖਿਆ ਅਤੇ ਸਿਹਤਮੰਦ ਲੋਕਾਂ ਨੂੰ ਕੋਵਿਡ-19 ਇੰਨਫੈਕਸ਼ਨ ਤੋਂ ਬਚਾਉਣ ਲਈ ਵਰਤੀਆਂ ਜਾ ਸਕਣਗੀਆਂ। ਸੰਸਥਾਵਾਂ ਵੱਲੋਂ ਕੀਤੇ ਗਏ ਇਸ ਮਾਨਵਤਾ ਦੀ ਸੇਵਾ ਲਈ ਸਿਵਲ ਸਰਜਨ, ਤਹਿਸੀਲਦਾਰ ਨੇ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਅਤੇ ਸਾਵਧਾਨੀਆਂ ਲਈ ਮਿਸ਼ਨ ਫਤਿਹ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਕਿਹਾ ਕਿ ਅਜੇ ਤੱਕ ਨਾ ਤਾਂ ਇਸ ਦੀ ਕੋਈ ਦਵਾਈ ਹੈ ਅਤੇ ਨਾ ਇਲਾਜ ਸਿਰਫ਼ ਸਾਵਧਾਨੀਆਂ ਵਰਤ ਕੇ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨਾਂ ਅਪੀਲ ਕੀਤੀ ਕਿ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੋਕ ਘਰਾਂ ਵਿਚ ਰਹਿਕੇ ਸਮਾਜਿਕ ਦੂਰੀ ਬਣਾਈ ਰੱਖਣ, ਸਮੇਂ ਸਮੇਂ ਤੇ ਹੱਥ ਧੋਣ, ਇਕ ਦੂਸਰੇ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਜਾਂਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਕੋਵਿਡ-19 ਦੀ ਇਸ ਖਤਰਨਾਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਈ ਵੀ ਨਾਗਰਿਕ ਮਾਸਕ ਪਾਏ ਬਗੈਰ ਘਰ ਤੋਂ ਬਾਹਰ ਨਾ ਆਉਣ ਅਤੇ ਜ਼ਰੂਰੀ ਕੰਮ ਵੇਲੇ ਹੀ ਘਰ ਤੋਂ ਬਾਹਰ ਆਇਆ ਜਾਵੇ।

ਇਸ ਮੌਕੇ ਸਮਾਜਸੇਵੀ ਦਾਊਦ ਆਸਿਫ਼ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 2450 ਪੀ.ਪੀ.ਈ ਕਿੱਟਾਂ, ਆਈ.ਸੀ.ਯੂ ਬੈੱਡ, ਐਨ 95 ਮਾਸਕ, ਗਲੱਬਜ਼, ਸੈਨੇਟਾਈਜ਼ਰ, ਨਾਨ ਕੰਟੈਕਟ ਥਰਮਾਮੀਟਰ ਆਦਿ ਸਮਾਨ ਦਿੱਤਾ ਗਿਆ ਹੈ ਜਦ ਕਿ ਸਮਾਜਕਿ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗਨੂੰ ਐਨ-95 ਮਾਸਕ,ਗਲੱਬਜ਼, ਸੈਨੇਟਾਈਜ਼ਰ ਅਤੇ ਪ੍ਰੋਟੈਕਟਿਵ ਗੀਅਰ ਆਦਿ ਸਮਾਨ ਭੇਂਟ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਵਿਚ ਪਟਿਆਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਫ਼ਰੀਦਕੋਟ ਨੂੰ ਸਮਾਨ ਭੇਂਟ ਕੀਤਾ ਗਿਆ ਹੈ ਜਦਕਿ ਉਨਾਂ ਵੱਲੋਂ ਮਿਤੀ 17 ਜੁਲਾਈ ਨੂੰ ਲੁਧਿਆਣਾ ਵਿਖੇ ਇਹੀ ਸਮਾਨ ਜ਼ਿਲਾ ਪ੍ਰਸ਼ਾਸ਼ਨ ਨੂੰ ਸੌਂਪਣਗੇ। ਉਨਾਂ ਦੱਸਿਆ ਕਿ ਉਨਾਂ ਵੱਲੋਂ ਦਿੱਲੀ, ਨੋਇਡਾ (ਹਰਿਆਣਾ) ਸ਼ਹੀਦ ਊਧਮ ਸਿੰਘ ਨਗਰ (ਉਤਰਾਖੰਡ) ਨੂੰ ਵੀ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਕਿੱਟਾਂ ਭੇਂਟ ਕੀਤੀਆਂ ਗਈਆਂ ਹਨ।
ਇਸ ਮੌਕੇ ਕੋਵਿਡ-19 ਦੇ ਨੋਡਲ ਅਫ਼ਸਰ ਡਾ. ਵਿਕਰਮ, ਡੀ.ਆਈ.ਓ ਸ੍ਰੀ ਅਨਿਲ ਕਟਿਆਰ, ਸੀ.ਡੀ.ਪੀ.ਓ ਮੈਡਮ ਛਿੰਦਰ ਪਾਲ ਕੌਰ ਅਤੇ ਸਿਹਤ ਵਿਭਾਗ ਦੇ ਪ੍ਰਿਤਵਾਲ ਵੀ ਹਾਜ਼ਰ ਸਨ।