ਕਰੋਨਾ ਤੇ ਫਤਿਹ ਪਾਉਣ ਲਈ ਸਾਵਧਾਨੀਆਂ ਵਰਤਣਾ ਜ਼ਰੂਰੀ- ਸੇਤੀਆ
*ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੋਧ ਹੋਵੇਗੀ ਕਾਨੂੰਨੀ ਕਾਰਵਾਈ **ਲੋਕਾਂ ਨੂੰ ਸਮੇਂ ਸਿਰ ਹੱਥ ਧੋਣ, ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ **ਵਿਆਹ ਸਮਾਗਮਾਂ ਲਈ 30, ਸ਼ੋਕ ਸਮਾਗਮਾਂ ਲਈ 20 ਵਿਅਕਤੀਆਂ ਨੂੰ ਹੀ ਮਨਜ਼ੂਰੀ
ਫਰੀਦਕੋਟ / 15 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਕਰੋਨਾ ਵਾਇਰਸ ਤੋਂ ਬਚਾਅ ਲਈ ਹਰ ਇਕ ਨਾਗਰਿਕ ਲਈ ਸਾਵਧਾਨੀਆਂ ਵਰਤਨਾ ਜ਼ਰੂਰੀ ਹੈ, ਤਾਂ ਜੋ ਇਸ ਮਹਾਂਮਾਰੀ ਦੇ ਫੈਲਾਅ ਨੂੰ ਅੱਗ ਵੱਧਣ ਤੋਂ ਰੋਕਿਆ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਲਾਕਡਾਊਨ ਵਿੱਚ ਢਿੱਲ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾ ਦਾ ਖਤਰਾ ਟਲ ਗਿਆ ਹੈ। ਉਨਾਂ ਕਿਹਾ ਕਿ ਹੋਰਨਾਂ ਰਾਜਾਂ ਵਾਂਗ ਪੰਜਾਬ ਵਿੱਚ ਵੀ ਦਿਨ ਪ੍ਰਤੀ ਦਿਨ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਾਰੇ ਕੋਰੋਨਾ ਤੋਂ ਬਚੇ ਰਹੀਏ ਤਾਂ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਉਨਾਂ ਕਿਹਾ ਕਿ ਮਾਸਕ ਲਗਾਉਣਾ ਸਾਰਿਆਂ ਲਈ ਲਾਜ਼ਮੀ ਹੈ, ਜਨਤਕ ਥਾਵਾਂ, ਗਲੀਆਂ, ਹਸਪਤਾਲਾਂ, ਦਫਤਰਾਂ ਅਤੇ ਬਾਜ਼ਾਰਾਂ ਵਿਚ ਮਾਸਕ ਪਹਿਨਣਾ ਬਹੁਤ ਹੀ ਜ਼ਰੂਰੀ ਹੈ। ਆਪਣੇ ਵਾਹਨ ਜਾਂ ਪਬਲਿਕ ਵਾਹਨ ਤੇ ਸਫਰ ਕਰਦੇ ਸਮੇਂ ਵੀ ਮਾਸਕ ਪਹਿਨਣਾ ਜ਼ਰੂਰੀ ਹੈ। ਲੋਕ ਆਮ ਕੱਪੜੇ ਦਾ ਬਣਿਆ ਤਿੰਨ ਪਰਤਾਂ ਦਾ ਮਾਸਕ ਵੀ ਪਹਿਨ ਸਕਦੇ ਹਨ ਜਿਹੜਾ ਪੂਰੇ ਮੂੰਹ ਅਤੇ ਨਕ ਨੂੰ ਪੂਰੀ ਤਰਾਂ ਢਕ ਕੇ ਰੱਖ ਸਕੇ। ਉਨਾਂ ਕਿਹਾ ਕਿ ਬਹੁਤੇ ਲੋਕਾਂ ਦਾ ਮੂੰਹ ਢਕਿਆ ਹੁੰਦਾ ਹੈ ਪਰ ਨੱਕ ਨਹੀਂ। ਇਸ ਤਰਾਂ ਦਾ ਮਾਸਕ ਲਗਾਉਣਾ ਨਾ ਦੇ ਬਰਾਬਰ ਹੈ। ਪੂਰਾ ਦਿਨ ਮਾਸਕ ਲਗਾਉਣ ਤੋਂ ਬਾਅਦ ਉਸ ਨੂੰ ਧੋ ਕੇ ਅਗਲੇ ਦਿਨ ਫਿਰ ਵਰਤਿਆ ਜਾ ਸਕਦਾ ਹੈ। ਜੇਕਰ ਕਿਸੇ ਸਮੇਂ ਕਿਸੇ ਕੋਲ ਮਾਸਕ ਉਪਲਬਧ ਨਹੀਂ ਹੈ ਤਾਂ ਰੁਮਾਲ, ਦੁਪੱਟਾ ਵਗੈਰਾ ਵੀ ਮੂੰਹ ਅਤੇ ਨੱਕ ਨੂੰ ਢਕਣ ਲਈ ਵਰਤ ਸਕਦੇ ਹਾਂ ਪਰ ਮਾਸਕ ਪਹਿਨਣਾ ਜ਼ਿਆਦਾ ਸੁਰੱਖਿਅਤ ਹੈ।
ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਦੇ ਮਾਸਕ ਨਹੀਂ ਪਾਇਆ ਤਾਂ ਪ੍ਰਸ਼ਾਸਨ ਉਨਾਂ ਨੂੰ 500 ਰੁਪਏ, ਘਰ ਵਿਚ ਇਕਾਂਤਵਾਸ ਸਮੇਂ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਉਸਨੂੰ 2000 ਰੁਪਏ ਅਤੇ ਜੇਕਰ ਕੋਈ ਜਨਤਕ ਥਾਵਾਂ ਤੇ ਥੁੱਕਦਾ ਹੈ ਤਾਂ ਉਸ ਨੂੰ 500 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜੇਕਰ ਕੋਈ ਇਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਨਾਂ ਨੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ ਵਿੱਚ ਭੀੜ ਨਾ ਲਗਾਉਣ ਅਤੇ ਨਾ ਹੀ ਲੱਗਣ ਦੇਣ, ਇਕ ਵਾਰ ਵਿਚ ਸਿਰਫ ਇਕ ਹੀ ਗਾਹਕ ਦੁਕਾਨ ਦੇ ਅੰਦਰ ਹੋਵੇ, ਜੇਕਰ ਦੁਕਾਨ ਦੇ ਅੰਦਰ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਭੀੜ ਬਣੀ ਰਹਿੰਦੀ ਹੈ ਤਾਂ ਇਸ ਨਾਲ ਕਰੋਨਾ ਦਾ ਖਤਰਾ ਵੱਧ ਜਾਂਦਾ ਹੈ।ਉਨਾਂ ਕਿਹਾ ਕਿ 5 ਵਿਅਕਤੀਆਂ ਦੇ ਇੱਕਠ ਤੇ ਵੀ ਪਾਬੰਦੀ ਹੈ ਅਤੇ ਵਿਆਹ ਸ਼ਾਦੀਆਂ ਲਈ 30 ਵਿਅਕਤੀ ਅਤੇ ਸ਼ੋਕ ਸਮਾਗਮਾਂ ਲਈ 20 ਵਿਅਕਤੀਆਂ ਨੂੰ ਹੀ ਮਨਜੂਰੀ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜੇਕਰ ਕੋਈ ਇਨਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਮੇਂ ਹੱਥ ਧੋਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਮਾਸਕ ਪਾਉਣ ਅਤੇ ਬਜ਼ੁਰਗਾਂ ਤੇ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖ ਕੇ ਕਰੋਨਾ ਤੇ ਫਤਿਹ ਪ੍ਰਾਪਤ ਕਰ ਸਕਦੇ ਹਨ ਅਤੇ ਖੁਦ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਨ।