ਮਿਸ਼ਨ ਫ਼ਤਿਹ ਹੁਣ ਤੱਕ ਜ਼ਿਲ੍ਹੇ ਦੇ 110 ਕੋਰੋਨਾ ਮਰੀਜ਼ ਹੋ ਚੁੱਕੇ ਹਨ ਤੰਦਰੁਸਤ **ਕੋਟਕਪੂਰਾ ਦੇ 2 ਵਿਅਕਤੀ ਅਤੇ 1 ਮੈਡੀਕਲ ਵਿਦਿਆਰਥੀ ਕੋਰੋਨਾ ਪਾਜ਼ੀਟਿਵ

ਫਰੀਦਕੋਟ / 11 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਫਰੀਦਕੋਟ ਵਿੱਚ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ,ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਕੋਰੋਨਾ ਦੀ ਰੋਕਥਾਮ, ਚੇਨ ਤੋੜਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਤੱਕ 11237 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ। ਪ੍ਰਾਪਤ ਨਤੀਜਿਆਂ ਵਿੱਚ ਕੋਟਕਪੂਰਾ ਦੀ ਗੋਬਿੰਦਪੁਰੀ ਬਸਤੀ ਦੇ ਪਹਿਲਾਂ ਆਏ ਕੋਰੋਨਾ ਪਾਜ਼ੀਟਿਵ ਦੇ ਸੰਪਰਕ ਵਿੱਚ ਆਈ 55 ਸਾਲਾ ਔਰਤ ਅਤੇ 62 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਤੀਸਰਾ ਕੇਸ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਟ੍ਰੇਨਿੰਗ ਕਰ ਰਿਹਾ ਐਮ.ਬੀ.ਬੀ.ਐਸ ਦਾ ਵਿਦਿਆਰਥੀ ਵੀ ਕੋਰੋਨਾ ਪਾਜ਼ੀਟਿਵ ਆਇਆ ਹੈ ਜ਼ਿਲ੍ਹੇ ਦੇ 110 ਵਿਅਕਤੀ ਕੋਰੋਨਾ ਤੋਂ ਤੰਦਰੁਸਤ ਹੋ ਚੱਕੇ ਹਨ।ਹਾਲ ਹੀ ਵਿੱਚ ਪਾਜ਼ੀਟਿਵ ਆਏ ਮਰੀਜ਼ ਨੂੰ ਆਈਸੋਲੇਸ਼ੇਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।ਹੁਣ ਜ਼ਿਲ੍ਹੇ ਵਿੱਚ ਕੋਰੋਨਾ ਦੇ ਐਕਟਿਵ ਕੇਸ 41 ਹਨ।
ਸਿਵਲ ਸਰਜਨ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਤੇ ਅਡਵਾਇਜ਼ਰੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ, ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਸੈਂਪਲਿੰਗ ਲਈ ਜ਼ਿਲ੍ਹੇ ਅੰਦਰ 5 ਫਲੂ ਕਾਰਨਰ ਜੈਤੋ, ਬਾਜਾਖਾਨਾ, ਕੋਟਕਪੂਰਾ, ਸਾਦਿਕ ਅਤੇ ਫਰੀਦਕੋਟ ਵਿਖੇ ਚੱਲ ਰਹੇ ਹਨ, ਸ਼ੱਕ ਦੂਰ ਕਰਨ ਲਈ ਕੋਈ ਵੀ ਕੋਰੋਨਾ ਸੈਂਪਲ ਦੇ ਸਕਦਾ ਹੈ। ਉਨਾਂ ਕਿਹਾ ਸਿਹਤ ਵਿਭਾਗ ਵੱਲੋਂ ਕੋਰੋਨਾ ਜਗਰੂਕਤਾ ਸਰਗਰਮੀਆਂ ਹੋਰ ਤੇਜ ਕਰ ਦਿੱਤੀਆਂ ਗਈਆਂ ਹਨ। ਮੀਡੀਆ ਇੰਚਾਰਜ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਮੈਡੀਕਲ,ਪੈਰਾ-ਮੈਡੀਕਲ ਸਟਾਫ ਅਤੇ ਆਸ਼ਾ ਵੱਲੋਂ ਕੋਰੋਨਾ ਜਾਗਰੂਕਤਾ ਸਮੱਗਰੀ ਘਰ-ਘਰ ਅਤੇ ਹਸਪਤਾਲਾਂ ਵਿੱਚ ਇਲਾਜ ਲਈ ਆ ਰਹੇ ਮਰੀਜ਼ਾਂ ਨੂੰ ਤਕਸੀਮ ਕੀਤੀ ਜਾ ਰਹੀ ਹੈ।

ਘਰ ਤੋਂ ਬਾਹਰ ਜਾਣ ਲੱਗਿਆ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਿਲ ਕਰ ਲਓ ਮਾਸਕ ਨਾਲ ਨੱਕ ਤੇ ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਨਾ ਭੁੱਲੋ। ਜ਼ਿਲ੍ਹਾ ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ ਅਤੇ ਡਾ.ਅਨੀਤਾ ਚੌਹਾਨ ਨੇ ਦੱਸਿਆ ਕਿ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਵਿਭਾਗ ਵੱਲੋਂ ਵਿਸ਼ੇਸ਼ ਸਰਵੇ ਕੀਤਾ ਜਾ ਰਿਹਾ ਹੈ।ਵਿਭਾਗ ਵੱਲੋਂ ਅੱਜ 155 ਸ਼ੱਕੀ ਮਰੀਜ਼ਾਂ ਦੇ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ।
ਉਨਾਂ ਕਿਹਾ ਕਿ ਪਾਜ਼ੀਟਿਵ ਆਏ ਕੇਸ ਦੇ ਸੰਪਰਕ ਵਿੱਚ ਆਏ ਹੋਰ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨਾਂ ਦੇ ਸੈਂਪਲ ਇਕੱਤਰ ਕਰਕੇ ਉਨਾਂ ਨੂੰ ਇਕਾਂਤਵਾਸ ਕੀਤਾ ਜਾ ਸਕੇ। ਉਨਾਂ ਅਫਵਾਹਾਂ ਤੋਂ ਬਚਣ ਅਤੇ ਸਹੀ ਜਾਣਕਾਰੀ ਲਈ ਕੋਵਾ ਪੰਜਾਬ ਐਪ ਡਾਉਨਲੋਡ ਕਰਨ ਦੀ ਅਪੀਲ ਵੀ ਕੀਤੀ।