Site icon NewSuperBharat

ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਦੀ ਰੋਕਥਾਮ ਲਈ ਅਧਿਕਾਰੀਆਂ ਨੂੰ ਹਦਾਇਤਾਂ ***15 ਅਕਤੂਬਰ ਤੱਕ ਪੂਰੇ ਜ਼ਿਲ੍ਹੇ ਵਿੱਚ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਫੌਗਿੰਗ ਕਰਵਾਉਣ ਦੇ ਨਿਰਦੇਸ਼ ਸਿਹਤ ਵਿਭਾਗ, ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਵਿਭਾਗ ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਕਿਹਾ


ਫ਼ਰੀਦਕੋਟ ,14 ਅਕਤੂਬਰ -( ਨਿਊ ਸੁਪਰ ਭਾਰਤ ਨਿਊਜ਼  )

ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਆਈਏਐੱਸ ਨੇ ਜ਼ਿਲ੍ਹੇ ਵਿੱਚ ਡੇਂਗੂ ਦੇ ਵਧ ਰਹੇ ਕੇਸਾਂ ਤੇ ਚਿੰਤਾ ਜ਼ਾਹਰ ਕਰਦਿਆਂ ਸਬੰਧਤ ਵਿਭਾਗਾਂ ਨੂੰ ਐਕਸ਼ਨ ਪਲਾਨ ਤਿਆਰ ਕਰਕੇ ਇਸ ਦੀ ਰੋਕਥਾਮ ਲਈ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ ।


ਅੱਜ ਇੱਥੇ ਸਿਹਤ ਵਿਭਾਗ ,ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ,ਸਥਾਨਕ ਸਰਕਾਰਾਂ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਸਮੂਹ ਸਬੰਧਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਆਪਣੇ ਆਪਣੇ ਵਿਭਾਗ ਦੇ ਨੋਡਲ ਅਫਸਰ ਨਿਯੁਕਤ ਕਰਨਗੇ ਜੋ ਕਿ ਰੋਜ਼ਾਨਾ ਡੇਂਗੂ ਦੀ ਰੋਕਥਾਮ ਸਬੰਧੀ ਕੀਤੇ ਗਏ ਕੰਮਾਂ ਸਬੰਧੀ ਆਪਣੀ ਰਿਪੋਰਟ ਦੇਣਗੇ ।ਉਨ੍ਹਾਂ ਸਮੂਹ ਨਗਰ ਕਾਸਲਾਂ ਦੇ ਈ ਓਜ਼ , ਡੀਡੀਪੀਓ   ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸਮੁੱਚੇ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜੰਗੀ ਪੱਧਰ ਤੇ ਫੋਗਿੰਗ ਕਰਵਾਈ ਜਾਵੇ ਅਤੇ ਇਹ ਸਾਰਾ ਕੰਮ 15 ਨਵੰਬਰ ਤੱਕ ਪੂਰਾ ਕੀਤਾ ਜਾਵੇ ।ਉਨ੍ਹਾਂ ਇਹ ਵੀ ਕਿਹਾ ਕਿ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਇਹ ਸੁਨਿਸ਼ਚਿਤ ਕਰਨਗੇ ਕਿ ਹਰੇਕ ਪੰਜ ਵਾਰਡਾਂ ਪਿੱਛੇ ਇੱਕ ਫੋਗਿੰਗ ਮਸ਼ੀਨ ਲਗਾਈ ਜਾਵੇ ਅਤੇ ਹਰੇਕ ਨਗਰ ਕੌਂਸਲ ਅਧੀਨ ਆਉਂਦੇ ਸਾਰੇ ਵਾਰਡਾਂ ਵਿੱਚ ਫੌਗਿੰਗ ਕਰਵਾਈ ਜਾਵੇ ।ਉਨ੍ਹਾਂ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹਰੇਕ ਪੰਚਾਇਤ ਆਪਣੇ ਫੰਡ ਵਿੱਚੋਂ ਫੋਗਿੰਗ ਮਸ਼ੀਨ ਜਾਂ ਲੋੜ ਅਨੁਸਾਰ ਸਪਰੇਅ ਪੰਪ ਖਰੀਦੇਗੀ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੱਛਰ ਦੇ ਲਾਰਵੇ ਨੂੰ ਮੁੱਢ ਤੋਂ ਹੀ ਖਤਮ ਕੀਤਾ ਜਾ ਸਕੇ ।

ਉਨ੍ਹਾਂ ਕਿਹਾ ਕਿ ਡੇਂਗੂ ਦੇ ਖਾਤਮੇ ਲਈ ਫੌਗਿੰਗ/ਸਪਰੇਅ ਦਾ ਕੰੰੰਮ ਲਗਾਤਾਰ ਜਾਰੀ ਰੱਖਿਆ ਜਾਵੇ।
ਸਿਹਤ ਵਿਭਾਗ ਦੇ ਡਾਕਟਰ ਬਿਕਰਮ ਸਿੰਘ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਅ ਲਈ  ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਹੀਂ ਰੱਖਣਾ ਚਾਹੀਦਾ। ਉਨਾਂ ਦੱਸਿਆ ਕਿ ਵਰਤੋਂ ਵਿੱਚ ਨਾ ਆਉਣ ਵਾਲੇ ਖੜੇ ਪਾਣੀ ਵਿੱਚ ਹਫਤੇ ਵਿੱਚ ਇੱਕ ਵਾਰ ਸੜਿਆ ਕਾਲਾ ਤੇਲ ਜਾਂ ਮਿੱਟੀ ਦਾ ਤੇਲ ਪਾਉਣਾ ਚਾਹੀਦਾ ਹੈ। ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰਾਂ ਢੱਕਿਆ ਰਹੇ। ਉਨਾਂ ਦੱਸਿਆ ਕਿ ਇਹ ਮੱਛਰ ਜ਼ਿਆਦਾ ਉੱਚਾ ਨਹੀਂ ਉਡ ਸਕਦਾ, ਜਿਸ ਲਈ ਗੋਡਿਆਂ ਤੋਂ ਨਿਚਲਾ ਹਿੱਸਾ ਪੂਰੀ ਤਰਾਂ ਨਾਲ ਢੱਕ ਕੇ ਰੱਖਿਆ ਜਾਵੇ। ਘਰਾਂ ਅਤੇ ਦਫਤਰਾਂ ਵਿੱਚ ਮੱਛਰ ਭਜਾਓ ਕਰੀਮਾਂ ਜਾਂ ਤੇਲ ਦੀ ਵਰਤੋ ਕਰੋ ਅਤੇ ਸੋਣ ਸਮੇ ਮੱਛਰਦਾਨੀ ਦੀ ਵਰਤੋ ਕਰਨੀ ਚਾਹੀਦੀ ਹੈ।

ਉਨਾਂ ਹੋਰ ਕਿਹਾ ਕਿ ਜੇਕਰ ਡੇਂਗੂ ਦੇ ਲੱਛਣ ਹੋਣ, ਤਾਂ ਆਪਣੇ ਨੇੜਲੇ ਸਿਹਤ ਜਾਂਚ ਕੇਂਦਰ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਥੇ ਡੇਂਗੂ ਦਾ ਟੈਸਟ ਅਤੇ ਸੁਪੋਰਟਿਵ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਸਹੀ ਜਾਣਕਾਰੀ ਅਤੇ ਕੁੱਝ ਸਾਵਧਾਨੀਆਂ ਵਰਤਨ ਨਾਲ ਇੰਨਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਡੇਂਗੂ ਬੁਖਾਰ ਦੇ ਲੱਛਣ ਬਚਾਓ ਅਤੇ ਹੋਰ ਜਾਣਕਾਰੀ 104 ਟੋਲ ਫਰੀ ਮੈਡੀਕਲ ਹੈਲਪਲਾਈਨ ਤੇ ਹਾਸਲ ਕੀਤੀ ਜਾ ਸਕਦੀ ਹੈ।
ਇਸ ਮੀਟਿੰਗ ਵਿਚ ਸ: ਗੁਰਜੀਤ ਸਿੰਘ ਏ.ਡੀ.ਸੀ. (ਜਨਰਲ), ਮੈਡਮ ਪੂਨਮ ਸਿੰਘ ਐਸ.ਡੀ.ਐਮ ਫਰੀਦਕੋਟ,ਮੇਜਰ ਅਮਿਤ ਸਰੀਨ ਐਸ.ਡੀ.ਅੈਮ ਕੋਟਕਪੂਰਾ, ਡਾ: ਮਨਦੀਪ ਕੌਰ ਐਸ.ਡੀ.ਐਮ ਜੈਤੋ, ਮੈਡਮ ਬਲਜੀਤ ਕੌਰ ਡੀ.ਡੀ.ਪੀ.ਓ, ਡਾ: ਸੰਜੀਵ ਕੁਮਾਰ ਜਿਲ੍ਹਾ ਸਿਹਤ ਅਫ਼ਸਰ, ਸਮੂਹ ਈਓਜ਼ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।  

Exit mobile version