Site icon NewSuperBharat

ਮਗਨਰੇਗਾ ਸਕੀਮ ਤਹਿਤ ਫ਼ਰੀਦਕੋਟ ਜ਼ਿਲੇ ਵਿਚ ਸਾਲ 2020-21 ਤਹਿਤ 57 ਕਰੋੜ ਰੁਪਏ ਖਰਚਣ ਦਾ ਟੀਚਾ- ਸੇਤੀਆ

*ਅਪ੍ਰੈਲ ਤੋਂ ਅਗਸਤ 2020 ਤੱਕ 20 ਕਰੋੜ ਰੁਪਏ ਤੋਂ ਵੱਧ ਰਾਸ਼ੀ ਵਿਕਾਸ ਕਾਰਜਾਂ ਤੇ ਖ਼ਰਚ ਕੀਤੀ ਗਈ **ਮਗਨਰੇਗਾ ਤਹਿਤ ਕਰਵਾਏ ਵਿਕਾਸ ਕਾਰਜਾਂ ਵਿਚੋਂ ਰਾਜ ਵਿਚ ਫ਼ਰੀਦਕੋਟ ਦਾ ਦੂਜਾ ਸਥਾਨ- ਸਹੋਤਾ

ਫ਼ਰੀਦਕੋਟ / 27 ਅਗਸਤ / ਨਿਊ ਸੁਪਰ ਭਾਰਤ ਨਿਊਜ

ਮਗਨਰੇਗਾ ਸਕੀਮ ਤਹਿਤ ਵੱਖ ਵੱਖ ਵਿਕਾਸ ਕਾਰਜਾਂ ਤੇ ਫ਼ਰੀਦਕੋਟ ਜ਼ਿਲੇ ਵਿਚ ਸਾਲ 2020-21 ਲਈ ਕੁੱਲ 57 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕਰਨ ਦਾ ਟੀਚਾ ਮਿਥਿਆ ਗਿਆ ਹੈ। ਜਿਸ ਤਹਿਤ ਵੱਖ ਵੱਖ ਵਿਕਾਸ ਕਾਰਜਾਂ ਤੋ ਇਲਾਵਾ ਪਿੰਡਾਂ ਨਾਲ ਸਬੰਧਤ ਦਿਹਾੜੀਦਾਰ ਮਜ਼ਦੂਰਾਂ ਨੂੰ ਇਸ ਸਕੀਮ ਤਹਿਤ ਘੱਟੋਂ-ਘੱਟ 100 ਦਿਨਾਂ ਦਾ ਰੁਜ਼ਗਾਰ ਦੇਣਾ ਯਕੀਨੀ ਬਣਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਆਈ.ਏ.ਐਸ ਨੇ ਦਿੱਤੀ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਜ਼ਿਲੇ ਦੇ ਤਿੰਨ ਬਲਾਕ ਫ਼ਰੀਦਕੋਟ,ਕੋਟਕਪੂਰਾ ਅਤੇ ਜੈਤੋ ਦੀਆਂ ਵੱਖ-ਵੱਖ ਪੰਚਾਇਤਾਂ/ ਪਿੰਡਾਂ ਵਿਚ ਬੂਟੇ ਲਗਾਉਣ, ਛੱਪੜਾਂ ਦੀ ਸਫ਼ਾਈ, ਭੂਮੀ ਸੁਧਾਰ, ਰੂਰਲ ਕਨੈਕਟੀਵਿਟੀ, ਪਾਰਕ, ਖੇਡ ਦੇ ਮੈਦਾਨ, ਸੋਕ ਪਿੱਟ, ਕੈਟਲ ਸ਼ੈਡ ਅਤੇ ਗੇਟ ਸ਼ੈਡ ਅਤੇ ਨਰਸਰੀ ਤਿਆਰ, ਰਜਵਾਹਿਆਂ ਦੀ ਸਫ਼ਾਈ ਅਤੇ ਡਰੇਨ ਵਿਚੋਂ ਸਿਲਟ ਕੱਢਣ ਆਦਿ ਦੇ ਕੰਮ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਫ਼ਰੀਦਕੋਟ ਵਿਚ ਅਪ੍ਰੈਲ ਤੋਂ ਲੈ ਕੇ ਅਗਸਤ 2020 ਮਹੀਨੇ ਤੱਕ 20 ਕਰੋੜ ਤੋਂ ਵੱਧ ਦੀ ਰਾਸ਼ੀ ਵਿਕਾਸ ਕਾਰਜਾਂ ਤੇ ਖ਼ਰਚ ਕੀਤੀ ਜਾ ਚੁੱਕੀ ਹੈ। 

ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਹੋਰ ਦੱਸਿਆ ਕਿ ਰਾਜ ਸਰਕਾਰ ਦੇ ਸੰਯੁਕਤ ਵਿਕਾਸ ਕਮਿਸ਼ਨਰ ਕਮ ਕਮਿਸ਼ਨਰ ਮਗਨਰੇਗਾ ਵੱਲੋਂ ਦਿੱਤੇ ਗਏ ਟੀਚੇ ਅਨੁਸਾਰ ਜ਼ਿਲਾ ਫ਼ਰੀਦਕੋਟ ਵੱਲੋਂ ਮਹੀਨਾ ਅਗਸਤ ਦੌਰਾਨ 5 ਕਰੋੜ ਤੋਂ ਵੱਧ ਦੀ ਰਾਸ਼ੀ ਵਿਕਾਸ ਕਾਰਜਾਂ ਤੇ ਖ਼ਰਚ ਕੀਤੀ ਗਈ ਹੈ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਕਰਵਾਏ ਗਏ ਕੰਮਾਂ ‘ਚ ਫ਼ਰੀਦਕੋਟ ਰਾਜ ਵਿੱਚ ਦੂਸਰੇ ਨੰਬਰ ਤੇ ਹੈ। ਉਨਾਂ ਕਿਹਾ ਕਿ ਜ਼ਿਲੇ ਦੀਆਂ ਕੁੱਲ 243 ਗ੍ਰਾਮ ਪੰਚਾਇਤਾਂ ਹਨ ਜਿਸ ਵਿਚ ਮਹੀਨਾ ਅਪ੍ਰੈਲ ਤੋਂ ਲੈ ਕੇ 27 ਅਗਸਤ 2020 ਤੱਕ 60 ਫ਼ੀਸਦੀ ਦਿਹਾੜੀਦਾਰ ਰੁਜ਼ਗਾਰ ਲਈ ਕਵਰ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਮਕਸਦ ਵਿਕਾਸ ਦੇ ਨਾਲ ਨਾਲ ਮਗਨਰੇਗਾ ਵਰਕਰਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਅਤੇ ਉਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਲਿਆਉਣਾ ਹੈ ਜਿਸ ਲਈ ਜ਼ਿਲਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ।

Exit mobile version