ਫ਼ਰੀਦਕੋਟ ਸ਼ਹਿਰ ਦੀਆਂ ਅੱਠ ਕਲੋਨੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਤਿੰਨ ਹੋਰ ਬੋਰ ਲਗਵਾਏ – ਕੁਸ਼ਲਦੀਪ ਸਿੰਘ ਢਿੱਲੋਂ

*8 ਕਰੋੜ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਫਰੀਦਕੋਟ ਅਧੀਨ ਆਉਂਦੇ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਬਿਹਤਰ ਸਪਲਾਈ ਲਈ ਤੇ ਕੰਮ ਹੋਵੇਗਾ ਜਲਦ ਸ਼ੁਰੂ ***ਬਹੁ ਕਰੋੜੀ ਰਾਸ਼ੀ ਖ਼ਰਚ ਕੇ ਰਾਜਾ ਮਾਈਨਰ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਕਰਵਾਈ
ਫ਼ਰੀਦਕੋਟ / 21 ਅਗਸਤ / ਨਿਊ ਸੁਪਰ ਭਾਰਤ ਨਿਊਜ
ਫਰੀਦਕੋਟ ਨਿਵਾਸੀਆਂ ਲਈ ਬਹੁ ਕਰੋੜੀ ਰਾਸ਼ੀ ਖ਼ਰਚ ਕੇ ਰਾਜਾ ਮਾਈਨਰ (ਫਰੀਦਕੋਟ ਵਾਟਰ ਨਹਿਰ) ਪ੍ਰੋਜੈਕਟ ਪੂਰਾ ਕਰਕੇ ਸ਼ਹਿਰ ਵਾਸੀਆਂ ਲਈ 21 ਕਿਊਸਿਕ ਪਾਣੀ ਰਾਜਾ ਮਾਈਨਰ ਤੋਂ ਛੱਡਿਆ ਗਿਆ ਜਦਕਿ ਫ਼ਰੀਦਕੋਟ ਸ਼ਹਿਰ ਦੀਆਂ ਅੱਠ ਦੇ ਕਰੀਬ ਕਲੋਨੀਆਂ /ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਤਿੰਨ ਨਵੇਂ ਬੋਰ ਕਰਵਾ ਕੇ ਇਨਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ ।ਇਹ ਜਾਣਕਾਰੀ ਫਰੀਦਕੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤੀ।
ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਫਰੀਦਕੋਟ ਸ਼ਹਿਰ ਦੀ ਟੀਚਰ ਕਾਲੋਨੀ, ਕੀਰਤ ਨਗਰ, ਗੁਰੂ ਤੇਗ਼ ਬਹਾਦਰ ਨਗਰ, ਅਮਨ ਨਗਰ, ਜਰਮਨ ਕਲੋਨੀ, ਦਸਮੇਸ਼ ਨਗਰ, ਬਾਬਾ ਫ਼ਰੀਦ ਨਗਰ, ਗੁਰੂ ਹਰਗੋਬਿੰਦ ਨਗਰ ਆਦਿ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਇਲਾਕਿਆਂ ਵਿੱਚ ਪਹਿਲਾਂ ਪਾਣੀ ਦੀ ਸਪਲਾਈ ਲਈ ਤਿੰਨ ਬੋਰ ਅਤੇ ਵਾਟਰ ਵਰਕਸ ਰਾਹੀਂ ਪਾਣੀ ਸਪਲਾਈ ਕੀਤਾ ਜਾਂਦਾ ਹੈ, ਪਰ ਬੋਰ 20 ਸਾਲ ਤੋਂ ਪੁਰਾਣੇ ਹੋਣ ਕਾਰਨ ਪਾਣੀ ਦੀ ਪੂਰੀ ਸਪਲਾਈ ਨਹੀਂ ਦੇ ਰਹੇ ਸਨ ।ਜਿਸ ਕਾਰਨ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਕੇਂ ਤਿੰਨ ਨਵੇਂ ਬੋਰ ਕਰਵਾ ਕੇ ਇਨਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਿਰੰਤਰ ਕੀਤੀ ਗਈ ਹੈ।
ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਵਿੱਚ ਸੀਵਰੇਜ ਆਦਿ ਦਾ ਕੰਮ ਦੁਬਾਰਾ ਸ਼ੁਰੂ ਕਰਵਾ ਦਿੱਤਾ ਗਿਆ ਹੈ ।ਉਨਾਂ ਇਹ ਵੀ ਦੱਸਿਆ ਕਿ ਫਰੀਦਕੋਟ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਨਵੇਂ ਵਾਟਰ ਵਰਕਸਾਂ, ਪਾਈਪਾਂ ਤੇ ਅੱਠ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਦਾ ਕੰਮ ਆਉਂਦੇ ਕੁਝ ਦਿਨਾਂ ਵਿਚ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲਾਤ ਆਮ ਵਰਗੇ ਹੋਣ ਉਪਰੰਤ ਫ਼ਰੀਦਕੋਟ ਸ਼ਹਿਰ ਸਮੇਤ ਸਮੁੱਚੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਲਈ ਜੰਗੀ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਪਾਜਿਟਵ ਕੇਸ ਵਧ ਰਹੇ ਹਨ ਜਿਸ ਲਈ ਸਾਨੂੰ ਹੋਰ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਨਾਂ ਕਿਹਾ ਕਿ ਸਮਾਜਿਕ ਦੂਰੀ ਬਣਾਈ ਰੱਖਣ, ਸਮੇਂ ਸਮੇਂ ਤੇ ਹੱਥ ਧੌਣ ਅਤੇ ਮੂੰਹ ਤੇ ਮਾਸਕ ਆਦਿ ਲਗਾਉਣਾ ਚਾਹੀਦਾ ਹੈ ਤਾਂ ਕਿ ਅਸੀ ਖੁਦ ਇਸ ਬਿਮਾਰੀ ਤੋਂ ਬਚੀਏ ਅਤੇ ਹੋਰਨਾਂ ਨੂੰ ਵੀ ਬਚਾਈਏ।