ਨਹਿਰੂ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਦੀ ਫੁੱਲ ਡਰੈਸ ਰਿਹਰਸਲ ਹੋਈ **ਕੋਵਿਡ-19 ਦੇ ਮੱਦੇਨਜ਼ਰ ਆਜ਼ਾਦੀ ਦਿਵਸ ਸਮਾਰੋਹ ਸਾਦੇ ਅਤੇ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਜਾਵੇਗਾ

*ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਹੋਣਗੇ, ਜਿਲਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ
ਫਰੀਦਕੋਟ / 13 ਅਗਸਤ / ਨਿਊ ਸੁਪਰ ਭਾਰਤ ਨਿਊਜ
ਜ਼ਿਲਾ ਪੱਧਰੀ ਸੁਤੰਤਰਤਾ ਦਿਵਸ ਦੀ ਫੁੱਲ ਡ੍ਰੈਸ ਰਿਹਰਸਲ ਅੱਜ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਤਿਰੰਗਾ ਲਹਿਰਾਇਆ ਅਤੇ ਸਲਾਮੀ ਲਈ। ਇਸ ਮੌਕੇ ਉਨਾਂ ਨਾਲ ਐਸ.ਐਸ.ਪੀ. ਸ: ਸਵਰਨਦੀਪ ਸਿੰਘ ਵੀ ਹਾਜਰ ਸਨ। ਉਨਾਂ ਕਿਹਾ ਕਿ ਇਸ ਸਾਲ ਕੋਵਿਡ-19 ਦੇ ਮੱਦੇਨਜ਼ਰ ਆਜਾਦੀ ਦਿਵਸ ਸਮਾਗਮ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਵੇਗਾ। ਇਸ ਸਾਲ ਸਕੂਲੀ ਬੱਚੇ ਸੁਤੰਤਰਤਾ ਦਿਵਸ ਸਮਾਗਮ ਵਿਚ ਸ਼ਿਰਕਤ ਨਹੀਂ ਕਰ ਰਹੇ ਹਨ ਅਤੇ ਆਮ ਲੋਕ ਵੀ ਸ਼ਿਰਕਤ ਨਹੀਂ ਕਰਣਗੇ।

ਉਨਾਂ ਦੱਸਿਆ ਕਿ 15 ਅਗਸਤ ਨੂੰ ਅਜਾਦੀ ਦਿਹਾੜੇ ਤੇ ਸ: ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਰਿਹਰਸਲ ਉਪਰੰਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਅਜਾਦੀ ਦਿਵਸ ਦੀਆਂ ਤਿਆਰੀਆਂ ਦਾ ਜਾਇਜਾ ਵੀ ਲਿਆ। ਉਨਾਂ ਨੇ ਸਾਰੇ ਵਿਭਾਗਾਂ ਨੂੰ ਕਿਹਾ ਕਿ ਡਿਊਟੀ ਦੌਰਾਨ ਕੋਵਿਡ ਮੱਦੇਨਜਰ ਸਾਰੇ ਸੁਰੱਖਿਆ ਉਪਾਵਾਂ ਦੀ ਪਾਲਣ ਕੀਤੀ ਜਾਵੇ।

ਇਸ ਮੌਕੇ ਸੇਵਾ ਸਿੰਘ ਮੱਲੀ ਐਸ.ਪੀ., ਸ: ਕੁਲਦੀਪ ਸਿੰਘ ਐਸ.ਪੀ., ਸ: ਭੁਪਿੰਦਰ ਸਿੰਘ ਔੌਲਖ, ਤਹਿਸੀਲਦਾਰ ਸ: ਪਰਮਜੀਤ ਸਿੰਘ ਬਰਾੜ, ਉੱਪ ਜਿਲਾ ਸਿੱਖਿਆ ਅਫਸਰ ਸ੍ਰੀ ਪਰਦੀਪ ਦਿਓੜਾ, ਸਕੱਤਰ ਰੈਡ ਕਰਾਸ ਸ੍ਰੀ ਸੁਭਾਸ਼ ਚੰਦਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।