*ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਸੂਬੇ ਵਿੱਚ 1 ਲੱਖ 73 ਹਜ਼ਾਰ ਤੋਂ ਵੱਧ ਸਮਾਰਟ ਮੋਬਾਇਲ ਫੋਨਾਂ ਦੀ ਵੰਡ ਹੋਵੇਗੀ **ਫਰੀਦਕੋਟ ਜਿਲੇ ਦੇ 3800 ਤੋਂ ਵੱਧ ਵਿਦਿਆਰਥੀਆਂ ਨੂੰ ਪੰਜਾਬ ਸਮਾਰਟ ਕੁਨੈਕਟ ਸਕੀਮ ਅਧੀਨ ਦਿੱਤੇ ਜਾਣਗੇ ਸਮਾਰਟ ਮੋਬਾਇਲ ਫੋਨ ***ਸਮਾਰਟ ਮੋਬਾਇਲ ਫੋਨ ਪ੍ਰਾਪਤ ਕਰਕੇ ਖੁਸ਼ ਤੇ ਭਾਵੁਕ ਹੋਏ ਵਿਦਿਆਰਥੀ ***ਵਿਦਿਆਰਥੀਆਂ ਨੇ ਮੁੱਖ ਮੰਤਰੀ ਨੂੰ ਕਿਹਾ ਧੰਨਵਾਦ ਸਰ
ਫਰੀਦਕੋਟ / 12 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾ ਕੇ ਉਨਾਂ ਦੀ ਆਨਲਾਈਨ ਪੜਾਈ ਵਿੱਚ ਮਦਦ ਕਰਨ ਦਾ ਇਤਿਹਾਸਕ ਫੈਸਲਾ ਹੈ। ਇਹ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਖੇਡਾਂ ਅਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਇੱਥੇ ਐਨ.ਆਈ.ਸੀ. ਵਿਖੇ ਪੰਜਾਬ ਸਰਕਾਰ ਦੀ ਪੰਜਾਬ ਸਮਾਰਟ ਕੁਨੈਕਟ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਪ੍ਰਗਟ ਕੀਤੇ।ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫੰਰਸਿੰਗ ਰਾਹੀਂ ਪੰਜਾਬ ਸਮਾਰਟ ਕੁਨੈਕਟ ਸਕੀਮ ਦਾ ਪੂਰੇ ਪੰਜਾਬ ਵਿੱਚ ਆਗਾਜ਼ ਕੀਤਾ ਗਿਆ। ਇਸ ਮੌਕੇ ਐਮ.ਪੀ. ਫਰੀਦਕੋਟ ਜਨਾਬ ਮੁਹੰਮਦ ਸਦੀਕ, ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਸੀਨੀਅਰ ਕਾਂਗਰਸੀ ਆਗੂ ਭਾਈ ਰਾਹੁਲ ਸਿੱਧੂ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਨੌਜਵਾਨਾਂ ਨਾਲ ਕੀਤਾ ਗਿਆ ਚੌਣ ਵਾਅਦਾ, ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ਅਤੇ ਕੌਮਾਂਤਰੀ ਯੁਵਾ ਦਿਵਸ ਨੂੰ ਸਮਰਪਿਤ ਕਰਕੇ ਪੰਜਾਬ ਸਮਾਰਟ ਕੁਨੈਕਟ ਸਕੀਮ ਨੂੰ ਲਾਂਚ ਕਰ ਪੂਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਇਸ ਸਕੀਮ ਦੀ ਸ਼ੁਰੂਆਤ ਤੇ ਵੱਡੇ ਇਕੱਠ ਤੋਂ ਗੁਰੇਜ਼ ਕਰਨ ਲਈ ਅੱਜ ਇਸ ਸਕੀਮ ਨੂੰ ਚੰਡੀਗੜ ਅਤੇ ਪੰਜਾਬ ਵਿੱਚ 26 ਵੱਖ-ਵੱਖ ਥਾਵਾਂ ਤੋਂ ਲਾਂਚ ਕੀਤਾ ਜਾ ਰਿਹਾ ਹੈ। ਜ਼ਿਲੇ ਦੇ 15 ਵਿਦਿਆਰਥੀਆਂ ਨੂੰ ਹੀ ਬੁਲਾ ਕੇ ਸਮਾਰਟ ਫੋਨ ਸੌਂਪੇ ਜਾ ਰਹੇ ਹਨ। ਉਨਾਂ ਕਿਹਾ ਕਿ ਕੋਵਿਡ-19 ਦੇ ਸੰਕਟਕਾਲੀਨ ਸਮੇਂ ਵਿੱਚ ਕੁਝ ਨੌਜਵਾਨਾਂ ਨੂੰ ਆਨਲਾਈਨ ਸਿੱਖਿਆ ਸਮਗੱਰੀ ਹਾਸਲ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਹੁਣ ਇਹ ਫੋਨ ਨੌਜਵਾਨਾਂ ਨੂੰ ਵੈੱਬਸਾਈਟ ‘ਤੇ ਮੌਜੂਦ ਸੂਚਨਾ ਤੱਕ ਪਹੁੰਚ ਕਰਨ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਦੀ ਹੋਰ ਪੜਨਯੋਗ ਸਮੱਗਰੀ ਹਾਸਲ ਵਿੱਚ ਬਹੁਤ ਸਹਾਈ ਹੋਣਗੇ। ਉਨਾਂ ਕਿਹਾ ਪੰਜਾਬ ਸਮਾਰਟ ਕੁਨੈਕਟ ਸਕੀਮ ਦਾ ਮਕਸਦ ਨੌਜਵਾਨ ਪੀੜੀ ਦੀ ਡਿਜੀਟਲ ਪਹੁੰਚ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਹੀ ਸਰਕਾਰੀ ਐਪਲੀਕੇਸ਼ਨਾਂ (ਐਪ) ਰਾਹੀਂ ਮੁੱਢਲੀਆਂ ਲੋਕ ਪੱਖੀ ਸੇਵਾਵਾਂ, ਸਿੱਖਿਆ, ਕੈਰੀਅਰ ਦੇ ਮੌਕਿਆਂ, ਹੁਨਰ ਵਿਕਾਸ ਤੇ ਰੁਜ਼ਗਾਰ ਦੇ ਮੌਕਿਆਂ ਤੱਕ ਉਨਾਂ ਦੀ ਪਹੁੰਚ ਨੂੰ ਵੀ ਯਕੀਨੀ ਬਣਾਉਣਾ ਹੈ।
ਉਨਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਸਕੀਮ ਤਹਿਤ 1 ਲੱਖ 73823 ਸਮਾਰਟ ਫੋਨ ਦਿੱਤੇ ਜਾਣੇ ਹਨ। ਜਿਸ ਤੇ 92 ਕਰੋੜ ਰੁਪਏ ਖਰਚ ਕੀਤੇ ਗਏ ਹਨ, ਅਤੇ ਪਹਿਲੇ ਪੜਾਅ ਅਧੀਨ ਸੂਬੇ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਸਾਰੇ ਲੜਕੇ ਤੇ ਲੜਕੀਆਂ ਨੂੰ 50,000 ਸਮਾਰਟ ਫੋਨ ਵੰਡੇ ਜਾਣਗੇ। ਇਸ ਪੜਾਅ ਤਹਿਤ ਫਰੀਦਕੋਟ ਜਿਲੇ ਦੇ 3800 ਤੋਂ ਵੱਧ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕੀਤੇ ਜਾਣਗੇ। ਉਨਾਂ ਸਮਾਰਟ ਫੋਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਇਨਾਂ ਸਮਾਰਟ ਫੋਨਾਂ ਵਿਚ ਕਈ ਤਰਾਂ ਦੇ ਫੀਚਰ ਹਨ। ਜਿਸ ਵਿੱਚ ਟੱਚ ਸਕਰੀਨ, ਕੈਮਰਾ ਤੋਂ ਇਲਾਵਾ ਪਹਿਲਾਂ ਤੋਂ ‘ਈ-ਸੇਵਾ ਐਪ’ ਵਰਗੀਆਂ ਲੋਡ ਕੀਤੀਆਂ ਐਪਲੀਕੇਸ਼ਨਾਂ ਵੀ ਸ਼ਾਮਲ ਹਨ। ਇਨਾਂ ਸਮਾਰਟ ਮੋਬਾਇਲ ਫੋਨਾਂ ਵਿੱਚ ਸਕੂਲ ਸਿੱਖਿਆ ਵਿਭਾਗ ਦੁਆਰਾ ਪ੍ਰਵਾਨਗੀ ਹਾਸਲ 11ਵੀਂ ਤੇ 12ਵੀਂ ਜਮਾਤ ਦਾ ਈ-ਪਾਠਕ੍ਰਮ ਵੀ ਸ਼ਾਮਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਸਕੀਮ ਵਾਂਗ ਇਹ ਸਕੀਮ ਵੀ ਨੌਜਵਾਨਾਂ ਲਈ ਕਾਰਗਰ ਸਿੱਧ ਹੋਵੇਗੀ।
ਇਸ ਮੌਕੇ ਫਰੀਦਕੋਟ ਤੋਂ ਐਮ.ਪੀ. ਜਨਾਬ ਮੁਹੰਮਦ ਸਦੀਕ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਖ਼ਾਸਕਰ ਗਰੀਬ ਵਰਗ ਦੇ ਵਿਦਿਆਰਥੀਆਂ ਨੂੰ ਆਪਣੀ ਪੜਾਈ ਵਿੱਚ ਭਾਰੀ ਮਦਦ ਮਿਲੇਗੀ।
ਇਸ ਮੌਕੇ ਮੋਬਾਇਲ ਪ੍ਰਾਪਤ ਕਰਨ ਵਾਲੀਆਂ ਫਰੀਦਕੋਟ ਜਿਲੇ ਦੀਆਂ ਬਾਰਵੀਂ ਦੀਆਂ ਵਿਦਿਆਰਥੀ ਜਿੰਨਾ ਵਿੱਚ ਗੁਰਵਿੰਦਰ ਕੌਰ, ਸਹਿਜਪ੍ਰੀਤ ਕੌਰ, ਅਤੇ ਮੰਗਲ ਸਿੰਘ ਆਦਿ ਸ਼ਾਮਲ ਹਨ, ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਔੌਖੇ ਸਮੇਂ ਵਿੱਚ ਉਨਾਂ ਨੂੰ ਨਵੀਂ ਤਕਨਾਲੋਜੀ ਵਾਲਾ ਸਮਾਰਟ ਮੋਬਾਇਲ ਫੋਨ ਮੁਹੱਈਆ ਕਰਵਾਏ ਹਨ, ਜਿੰਨਾ ਤੇ ਉਨਾਂ ਨੂੰ ਆਪਣੀ ਪੜਾਈ ਵਿੱਚ ਵੱਡੀ ਮਦਦ ਮਿਲੇਗੀ। ਉਨਾਂ ਇਸ ਉਪਰਾਲੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ, ਐਸ.ਡੀ.ਐਮ. ਫਰੀਦਕੋਟ ਮੈਡਮ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ, ਚੇਅਰਮੈਨ ਜਿਲਾ ਪਲਾਨਿੰਗ ਬੋਰਡ ਸ੍ਰੀ ਪਵਨ ਗੋਇਲ, ਚੇਅਰਮੈਨ ਮਾਰਕਿਟ ਕਮੇਟੀ ਸ: ਗਿੰਦਰਜੀਤ ਸਿੰਘ ਸੇਖੋਂ, ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਲਲਿਤ ਗੁਪਤਾ, ਕਾਂਗਰਸੀ ਆਗੂ ਡਾ. ਜੰਗੀਰ ਸਿੰਘ, ਚੇਅਰਮੈਨ ਜਿਲਾ ਪ੍ਰੀਸ਼ਦ ਮੈਡਮ ਕਿਰਨਦੀਪ ਕੌਰ ਔੌਲਖ, ਜਿਲਾ ਸਿੱਖਿਆ ਅਫਸਰ ਸੈਕੰਡਰੀ ਸ: ਪਰਮਿੰਦਰ ਸਿੰਘ ਬਰਾੜ, ਉਪ ਜਿਲਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਉੜਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ: ਜਗਜੀਤ ਸਿੰਘ ਚਾਹਲ, ਪ੍ਰਿੰ: ਭੁਪਿੰਦਰ ਸਿੰਘ, ਪ੍ਰਿੰ: ਰਾਜੇਸ਼ ਕੁਮਾਰ, ਅਮਰੀਕ ਸਿੰਘ ਸੰਧੂ, ਸਤਗੁਰ ਸਿੰਘ, ਅੰਮ੍ਰਿਤਪਾਲ ਸਿੰਘ, ਸ੍ਰੀ ਜਸਬੀਰ ਜੱਸੀ, ਸਤਪਾਲ ਸਿੰਘ ਹਾਜ਼ਰ ਸਨ।