ਸ਼ਹਿਰਾਂ ਦੀ ਤਰਜ਼ ਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਸਿਹਤ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਫ਼ਰੀਦਕੋਟ ਹਲਕੇ ‘ਚ ਬਣਾਏ ਗਏ 17 ਨਵੇਂ ਪਾਰਕ- ਸ: ਕੁਸ਼ਲਦੀਪ ਸਿੰਘ ਢਿੱਲੋਂ

*ਮਗਨਰੇਗਾ ਸਕੀਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਖਰਚੇ ਗਏ ਹਨ 1 ਕਰੋੜ 39 ਲੱਖ ਫ਼ਰੀਦਕੋਟ ਬਲਾਕ ਦੇ ਪਿੰਡਾਂ ‘ਚ ਬਣਾਏ ਜਾਣਗੇ ਕੁੱਲ 49 ਪਾਰਕ ***12710 ਦਿਹਾੜੀਆਂ ਨਾਲ ਮਗਨਰੇਗਾ ਮਜ਼ਦੂਰਾਂ ਨੂੰ ਮਿਲਿਆ ਰੁਜ਼ਗਾਰ
ਫ਼ਰੀਦਕੋਟ / 10 ਅਗਸਤ / ਨਿਊ ਸੁਪਰ ਭਾਰਤ ਨਿਊਜ
ਮਹਾਤਮਾ ਗਾਂਧੀ ਨੈਸਨਲ ਰੂਰਲ ਰੁਜਗਾਰ ਗਰੰਟੀ ਐਕਟ (ਮਗਨਰੇਗਾ) ਯੋਜਨਾ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਫ਼ਰੀਦਕੋਟ ਬਲਾਕ ਦੇ ਪਿੰਡਾਂ ‘ਚ 49 ਨਵੇਂ ਪਾਰਕ ਬਣਾਏ ਜਾ ਰਹੇ ਹਨ। ਜਿਸ ਵਿਚ 17 ਪਾਰਕਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਫ਼ਰੀਦਕੋਟ ਹਲਕੇ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤੀ।

ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ 1 ਕਰੋੜ 39 ਲੱਖ 69 ਹਜ਼ਾਰ ਦੀ ਰਾਸ਼ੀ ਖ਼ਰਚ ਕਰਕੇ ਪੇਂਡੂ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਅਤੇ ਵਾਤਾਵਰਣ ਨਾਲ ਜੋੜਨ ਦੀ ਵਿਲੱਖਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪਿੰਡ ਪੱਖੀ ਕਲਾਂ, ਅਰਾਈਆਂ ਵਾਲਾ ਕਲਾ, ਗੋਲੇਵਾਲਾ, ਸਾਦਿਕ, ਭਾਗਥਲਾ ਕਲਾਂ, ਟਹਿਣਾ, ਘੁਮਿਆਰਾ, ਮਾਨੀ ਸਿੰਘ ਵਾਲਾ, ਸਾਧੂ ਵਾਲਾ, ਦਾਨਾ ਰੋਮਾਣਾ, ਦੀਪ ਸਿੰਘ ਵਾਲਾ, ਘਣੀਆ ਪੱਤੀ ਗੋਲੇਵਾਲਾ, ਘੁੱਦੂਵਾਲਾ, ਘੁਮਿਆਰਾ, ਹਰਦਿਆਲੇਆਣਾ, ਸਾਧਾਂ ਵਾਲਾ (ਸਾਦਿਕ), ਸ਼ਿਮਰੇਵਾਲਾ, ਵੀਰੇ ਵਾਲਾ ਖੁਰਦ ਆਦਿ ਸ਼ਾਮਿਲ ਹਨ। ਉਨਾਂ ਦੱਸਿਆ ਕਿ ਜਿਥੇ ਪਾਰਕਾਂ ਦਾ ਨਿਰਮਾਣ ਹੋਇਆ ਹੈ ਉਸ ਦੇ ਨਾਲ ਹੀ 12710 ਦਿਹਾੜੀਆਂ ਰਾਹੀ ਮਗਨਰੇਗਾ ਮਜ਼ਦੂਰਾਂ ਨੂੰ ਉਨਾਂ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਉਨਾਂ ਦੱਸਿਆ ਕਿ ਬਣਾਏ ਗਏ ਸਾਰੇ ਪਾਰਕ ਪਿੰਡਾਂ ਵਿਚ ਖਾਲੀ ਪਈਆਂ ਸਰਕਾਰੀ ਜਮੀਨਾਂ ਨੂੰ ਖੂਬਸੂਰਤ ਪਾਰਕਾਂ ਵਿਚ ਤਬਦੀਲ ਕਰਕੇ ਬਣਾਏ ਗਏ ਹਨ ਅਤੇ ਸਾਰੇ ਪਾਰਕ ਲੈਂਡਸਕੇਪਿੰਗ ਦੇ ਕੰਮ, ਪੌਦੇ ਲਗਾਉਣ, ਪੈਦਲ ਚੱਲਣ ਵਾਲੇ ਇੰਟਰਲਾਕਿੰਗ ਰਸਤੇ ਅਤੇ ਲਾਈਟਿੰਗ ਸਿਸਟਮ ਨਾਲ ਲੈਸ ਹੋਣਗੇ।

ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਗੇ ਕਿਹਾ ਕਿ ਇਹ ਯੋਜਨਾ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ, ਉਨਾਂ ਨੂੰ ਕੁਦਰਤ ਦੇ ਨੇੜੇ ਲਿਆਉਣ ਅਤੇ ਪੇਂਡੂ ਖੇਤਰਾਂ ਦੇ ਸੁੰਦਰੀਕਰਨ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ। ਇਹ 17 ਪਾਰਕ ਲੋਕਾਂ ਦੇ ਹਵਾਲੇ ਕਰ ਦਿੱੱਤੇ ਗਏ ਹਨ ਅਤੇ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਇੱਥੇ ਸੈਰ ਕਰਨ ਲਈ ਆਉਂਦੇ ਹਨ। ਉਨਾਂ ਕਿਹਾ ਕਿ ਜਿਸ ਤਰਾਂ ਸਾਡੇ ਸਹਿਰਾਂ ਅਤੇ ਕਸਬਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ, ਅਜਿਹੇ ਪਾਰਕ ਸਮੇਂ ਦੀ ਲੋੜ ਹਨ। ਉਨਾਂ ਕਿਹਾ ਕਿ ਇਹ ਪ੍ਰਾਜੈਕਟ ਨਾ ਸਿਰਫ ਵਾਤਾਵਰਣ ਦੇ ਪ੍ਰਸੰਗ ਵਿਚ ਇਕ ਸਾਰਥਕ ਕਦਮ ਹੈ, ਬਲਕਿ ਕੋਰੋਨਾ ਮਹਾਂਮਾਰੀ ਦੌਰਾਨ ਮਗਨਰੇਗਾ ਸਕੀਮ ਤਹਿਤ ਪੇਂਡੂ ਲੋਕਾਂ ਨੂੰ ਰੁਜਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਹੇ ਹਨ। ਉਨਾਂ ਦੱਸਿਆ ਕਿ ਕਿਉਂਕਿ ਸਾਰੇ ਪਾਰਕ ਮਗਨਰੇਗਾ ਸਕੀਮ ਤਹਿਤ ਤਿਆਰ ਕੀਤੇ ਜਾ ਰਹੇ ਹਨ, ਇਸ ਲਈ ਸਬੰਧਤ ਪਿੰਡ ਤੋਂ ਮਜਦੂਰਾਂ ਨੂੰ ਰੁਜਗਾਰ ਦਿੱਤਾ ਜਾਂਦਾ ਹੈ। ਇਸ ਕਾਰਨ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਰੁਜਗਾਰ ਦੇ ਚੰਗੇ ਮੌਕੇ ਮਿਲ ਰਹੇ ਹਨ।
