**8 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ **ਹੁਣ ਤੱਕ 12268 ਲੋਕਾਂ ਦੀ ਟੈਸਟਿੰਗ ਕੀਤੀ ਗਈ **ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ
ਫਰੀਦਕੋਟ / 16 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਫਰੀਦਕੋਟ ਦੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਸਮੂਹ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਮਹਾਂਮਾਰੀ ਦੀ ਰੋਕਥਾਮ ਅਤੇ ਇਸ ਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਅਸੀਂ ਸਾਰੇ ਸਰਕਾਰ ਅਤੇ ਸਿਹਤ ਵਿਭਾਗ ਦਾ ਸਹਿਯੋਗ ਕਰਕੇ ਹੀ ਇਸ ਮਹਾਂਮਾਰੀ ਤੇ ਕਾਬੂ ਪਾ ਸਕਦੇ ਹਾਂ। ਉਨਾਂ ਦੱਸਿਆ ਕਿ ਅੱਜ ਫਰੀਦਕੋਟ ਜਿਲੇਂ ਵਿੱਚ 4 ਕਰੋਨਾ ਮਰੀਜਾਂ ਨੂੰ ਸਿਹਤਯਾਬ ਹੋਣ ਮਗਰੋ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਹੈ ਜਦੋਂ ਕਿ ਜਿਲੇਂ ਵਿੱਚ 8 ਕਰੋਨਾ ਪਾਜੀਟਿਵ ਨਵੇਂ ਕੇਸ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ ਇਨਾਂ ਵਿਚੋਂ 4 ਕੇਸ ਜੈਤੋ ਸ਼ਹਿਰ ਦੀ ਉਸ ਗਲੀ ਨਾਲ ਸਬੰਧਤ ਹਨ ਜਿੱਥੇ ਪਹਿਲਾਂ ਵੀ ਕਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ ਇਹ ਚਾਰੇ ਨਵੇਂ ਕੇਸ ਹੀ ਪਹਿਲੇ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਉਪਰੋਕਤ ਲੋਕ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਹੁਣ ਫੈਕਟਰੀ ਨਾਲ ਸਬੰਧਤ ਸਾਰੇ ਲੋਕਾਂ ਦੇ ਟੈਸਟ ਲਏ ਜਾ ਰਹੇ ਹਨ। ਉਨਾਂ ਦੱਸਿਆ 1 ਕੇਸ ਜੈਤੋ ਦੇ ਪਿੰਡ ਨਾਲ ਸਬੰਧਤ ਹੈ ਜਦੋਂ ਕਿ 1 ਕੇਸ ਮੈਡੀਕਲ ਕਾਲਜ ਫਰੀਦਕੋਟ, 2 ਕੇਸ ਬਾਲਾ ਜੀ ਕਾਲੋਨੀ ਫਰੀਦਕੋਟ ਅਤੇ 1 ਹੋਰ ਕੇਸ ਵੀ ਫਰੀਦਕੋਟ ਨਾਲ ਸਬੰਧਤ ਹੈ।
ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਹੁਣ ਤੱਕ ਜਿਲੇਂ ਵਿੱਚ ਕਰੋਨਾ ਦੇ 182 ਪਾਜੀਟਿਵ ਕੇਸ ਸਾਹਮਣੇ ਆਏ ਸਨ ਜਿੰਨਾ ਵਿਚੋਂ 129 ਮਰੀਜਾਂ ਨੂੰ ਸਿਹਤਯਾਬ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ ਹੁਣ ਜਿਲੇਂ ਵਿੱਚ ਕੁੱਲ 53 ਐਕਟਿਵ ਕੇਸ ਹਨ। ਉਨਾਂ ਦੱਸਿਆ ਕਿ ਹੁਣ ਤੱਕ ਜਿਲੇਂ ਵਿੱਚ 12268 ਸੈਂਪਲ ਲਏ ਗਏ ਹਨ ਜਿੰਨਾ ਵਿਚੋਂ 11650 ਦੀਆਂ ਰਿਪੋਰਟਾਂ ਪ੍ਰਾਪਤ ਹੋ ਚੁੱਕੀਆਂ ਹਨ। ਉਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕੱਠ ਵਗੈਰਾ ਬਿਲਕੁਲ ਨਾ ਕਰਨ। ਉਨਾਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰਾਂ ਦੀ ਵੀ ਰੈਲੀ, ਕਾਨਫਰੰਸ ਆਦਿ ਨਾ ਕਰਨ ਕਿਉਂਕਿ ਭੀੜ ਨਾਲ ਇਹ ਬਿਮਾਰੀ ਅੱਗੇ ਫੈਲਦੀ ਹੈ। ਉਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕਰੋਨਾ ਦਾ ਸ਼ੱਕ ਹੁੰਦਾ ਹੈ ਤਾਂ ਉਹ ਸਬੰਧਤ ਸਰਕਾਰੀ ਹਸਪਤਾਲ ਦੇ ਫਲੂ ਕਾਰਨਰ ਤੇ ਪਹੁੰਚ ਕੇ ਆਪਣੀ ਕਰੋਨਾ ਜਾਂਚ ਕਰਵਾ ਲੈਣ। ਇਸ ਮੌਕੇ ਜਿਲਾ ਨੋਡਲ ਅਫਸਰ ਡਾ. ਬਿਕਰਮ, ਡਾ. ਅਨੀਤਾ ਚੌਹਾਨ ਵੀ ਹਾਜ਼ਰ ਸਨ।