ਜ਼ਿਲ੍ਹਾ ਮੰਡੀ ਬੋਰਡ; ਕਿਸਾਨਾਂ ਅਤੇ ਆਮ ਜਨਤਾ ਦੀ ਸਹੂਲਤ ਲਈ ਚੁੱਕੇ ਅਹਿਮ ਕਦਮ **ਮੰਡੀਆਂ ’ਚ ਕਣਕ ਵੇਚਣ ਆਏ ਕਿਸਾਨਾਂ ਦੇ ਸੁਚਾਰੂ ਪ੍ਰਬੰਧਾਂ ਤੋਂ ਇਲਾਵਾ ਘਰਾਂ ਤੱਕ ਪਹੁੰਚਾ ਰਹੇ ਹਨ ਸਬਜ਼ੀਆਂ ਅਤੇ ਫਲ
*ਕਣਕ ਵੇਚਣ ਆਏ ਕਿਸਾਨਾਂ ਨੂੰ 37,300 ਈ-ਪਾਸ ਕੀਤੇ ਜਾਰੀ, ਸ਼ਹਿਰਾਂ ਅਤੇ ਪਿੰਡਾਂ ’ਚ ਸਬਜ਼ੀ ਵੇਚਣ ਲਈ ਰੇਹੜੀ ਵਾਲਿਆਂ ਨੂੰ ਵੀ ਜਾਰੀ ਕੀਤੇ ਕਰਫਿਊ ਪਾਸ **ਜ਼ਿਲ੍ਹਾ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ ਡਿਊਟੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ / 15 ਮਈ / ਏਨ ਏਸ ਬੀ ਨਿਉਜ
ਕੋਵਿਡ-19 ਮਹਾਂਮਾਰੀ ਦੌਰ ਵਿੱਚ ਜਿਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਕਾਰਨ ਅਸੀਂ ਸੁਰੱਖਿਅਤ ਹਾਂ, ਉਥੇ ਕਈ ਇਸ ਤਰ੍ਹਾਂ ਦੇ ਵਿਭਾਗ ਵੀ ਹਨ, ਜੋ ਪਰਦੇ ਦੇ ਪਿਛੇ ਰਹਿ ਕੇ ਵੀ ਸਖ਼ਤ ਡਿਊਟੀ ਨਿਭਾਅ ਰਹੇ ਹਨ, ਪਰ ਉਨ੍ਹਾਂ ਬਾਰੇ ਘੱਟ ਹੀ ਲੋਕ ਜਾਣਦੇ ਹਨ। ਅੱਜ ਅਸੀਂ ਐਸੇ ਹੀ ਇਕ ਵਿਭਾਗ ਬਾਰੇ ਚਰਚਾ ਕਰਨ ਜਾ ਰਹੇ ਹਾਂ, ਜੋ ਇਸ ਮੁਸ਼ਕਿਲ ਘੜੀ ਵਿੱਚ ਸਾਡੇ ਬਹੁਤ ਕੰਮ ਆਇਆ, ਪਰ ਅਸੀਂ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਜਾਣੂ ਨਹੀਂ ਹਾਂ। ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਮੰਡੀ ਬੋਰਡ ਦੇ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ, ਜਿਨ੍ਹਾਂ ਨੇ ਕਰਫਿਊ ਦੇ ਇਸ ਮੁਸ਼ਕਿਲ ਦੌਰ ਵਿੱਚ ਜਿਥੇ ਕਿਸਾਨਾਂ ਦਾ ਹੱਥ ਫੜਦਿਆਂ ਉਨ੍ਹਾਂ ਨੂੰ ਕਣਕ ਵੇਚਣ ਦੌਰਾਨ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ, ਉਥੇ ਉਨ੍ਹਾਂ ਦੀ ਤਨਦੇਹੀ ਨਾਲ ਨਿਭਾਈ ਡਿਊਟੀ ਕਾਰਨ ਸਾਨੂੰ ਆਪਣੇ ਘਰਾਂ ਤੱਕ ਸਬਜ਼ੀਆਂ ਅਤੇ ਫਲ ਪਹੁੰਚ ਸਕੇ ਸਨ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਮੰਡੀ ਅਫ਼ਸਰ ਦੀ ਅਗਵਾਈ ਵਿੱਚ ਇਹ ਟੀਮ ਤਨਦੇਹੀ ਨਾਲ ਕੰਮ ਕਰਦਿਆਂ ਹੋਇਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸਾਨਾਂ ਅਤੇ ਆਮ ਜਨਤਾ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਬੋਰਡ ਨੇ ਕੋਵਿਡ-19 ਦੇ ਇਸ ਦੌਰ ਵਿੱਚ ਮੰਡੀਆਂ ਵਿੱਚ ਕੂਪਨ ਸਿਸਟਮ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਅਤੇ ਲੋਕਾਂ ਤੱਕ ਫ਼ਲ ਅਤੇ ਸਬਜ਼ੀਆਂ ਦੀ ਉਪਲਬੱਧਤਾ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੰਡੀ ਅਧਿਕਾਰੀ ਸ਼੍ਰੀ ਤਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਲੋਕਾਂ ਦੀ ਸੁਵਿਧਾ ਲਈ ਸਬਜੀ ਮੰਡੀ ਅਤੇ ਦਾਣਾ ਮੰਡੀ ਵਿੱਚ ਸਖਤ ਡਿਊਟੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਚੱਲਦੇ ਪਹਿਲੀ ਵਾਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਮੰਡੀਆਂ ਵਿੱਚ ਈ-ਪਾਸ ਰਾਹੀਂ ਐਂਟਰੀ ਕਰਵਾਈ ਗਈ, ਜਿਸ ਵਿੱਚ ਮੰਡੀ ਬੋਰਡ ਦੀ ਸਮੂਹ ਟੀਮ ਨੇ ਸਖਤ ਮਿਹਨਤ ਨਾਲ ਡਿਊਟੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੰਡੀ ਬੋਰਡ ਦੇ ਕਰਮਚਾਰੀ ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਅਮਿਤ ਕੁਮਾਰ, ਸ਼੍ਰੀ ਰਜਿੰਦਰ ਕੁਮਾਰ ਤੋਂ ਇਲਾਵਾ ਸ਼੍ਰੀ ਸੁਮਿਤ ਕੁਮਾਰ ਵਲੋਂ ਸਵੇਰੇ 4 ਵਜੇ ਮੰਡੀ ਵਿੱਚ ਜਾ ਕੇ ਜਿਥੇ ਕਣਕ ਦੇ ਪ੍ਰਬੰਧਾਂ ਨੂੰ ਦੇਖਿਆ ਜਾ ਰਿਹਾ ਹੈ, ਉਥੇ ਫਲ-ਸਬਜ਼ੀਆਂ ਦੀ ਰਿਕਾਡਿੰਗ ਕਰਕੇ ਫਲ-ਸਬਜ਼ੀਆਂ ਵੇਚਣ ਵਾਲੇ ਵਿਕਤੇਰਾਵਾਂ (ਰੇਹੜੀ ਵਾਲੇ) ਨੂੰ ਜਾਰੀ ਕੀਤੇ ਗਏ ਕਰਫਿਊ ਪਾਸ ਚੈਕ ਕੀਤੇ ਜਾਂਦੇ ਹਨ।

ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਹੁਣ ਤੱਕ 37300 ਈ-ਪਾਸ ਜਾਰੀ ਕੀਤੇ ਗਏ ਹਨ, ਉਥੇ ਮੰਡੀਆਂ ਵਿੱਚ ਕਿਸਾਨਾਂ ਦੀ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਮਾਸਕ ਅਤੇ ਸੈਨੇਟਾਈਜਰ ਵੀ ਮੁਹੱਈਆ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੇਨ ਸਬਜੀ ਮੰਡੀ ਵਿੱਚ ਇਹ ਕਰਮਚਾਰੀ ਰੋਜ਼ਾਨਾ ਰੇਹੜੀ ਵਾਲਿਆਂ ਨੂੰ ਫਲ-ਸਬਜ਼ੀਆਂ ਦੀ ਰੇਟ ਲਿਸਟ ਮੁਹੱਈਆ ਕਰਵਾਉਂਦੇ ਹਨ ਅਤੇ ਸਮਾਜਿਕ ਦੂਰੀ ਦਾ ਵੀ ਧਿਆਨ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਵਲੋਂ ਸਾਰੇ ਕੰਮ ਕਰਨ ਤੋਂ ਬਾਅਦ ਸਵੇਰੇ 9 ਵਜੇ ਤੋਂ ਆਪਣੇ ਦਫ਼ਤਰ ਵਿੱਚ ਆਪਣੀ ਰੂਟੀਨ ਡਿਊਟੀ ਵੀ ਨਿਭਾਈ ਜਾ ਰਹੀ ਹੈ। ਇਨ੍ਹਾਂ ਕਰਮਚਾਰੀਆਂ ਵਲੋਂ ਸ਼ਾਮ ਨੂੰ ਫਿਰ ਸਬਜੀ ਮੰਡੀ ਵਿੱਚ ਹਿਮਾਚਲ ਨੂੰ ਜਾਣ ਵਾਲੇ ਫਲ-ਸਬਜੀਆਂ ਦੀ ਰਿਕਾਡਿੰਗ ਕੀਤੀ ਜਾਂਦੀ ਹੈ।

ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਤਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਉਨ੍ਹਾਂ ਕਈ ਵਾਰ ਦਾਣਾ ਮੰਡੀ ਅਤੇ ਸਬਜੀ ਮੰਡੀ ਦੀ ਚੈਕਿੰਗ ਕੀਤੀ ਅਤੇ ਉਕਤ ਸਾਰੇ ਕਰਮਚਾਰੀ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆਏ।
