May 15, 2025

ਕੈਬਨਿਟ ਮੰਤਰੀ ਅਰੋੜਾ ਨੇ ਦਿੱਤਾ ਹੁਸ਼ਿਆਰਪੁਰ ਵਾਸੀਆਂ ਨੂੰ ਤੋਹਫਾ : 66 ਕੇ.ਵੀ. ਸਬ-ਸਟੇਸ਼ਨ ਮਾਲ ਰੋਡ ਜਨਤਾ ਨੂੰ ਕੀਤਾ ਸਮਰਪਿਤ

0

*ਸਬ-ਸਟੇਸ਼ਨ ਸ਼ੁਰੂ ਹੋਣ ਨਾਲ ਸ਼ਹਿਰ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ, 56155 ਖਪਤਕਾਰਾਂ ਨੂੰ ਮਿਲੇਗਾ ਫਾਇਦਾ **ਹੁਸ਼ਿਆਰਪੁਰ ਪੰਜਾਬ ਦਾ ਪਹਿਲਾ ਸ਼ਹਿਰ ਜਿਥੇ 66 ਕੇ.ਵੀ. ਅੰਡਰ ਗਰਾਉਂਡ ਕੇਬਲ ਪਾ ਕੇ ਰਿੰਗ ਮੇਨ ਸਿਸਟਮ ਚਾਲੂ ਕਰਕੇ ਚਾਰ ਬਿਜਲੀ ਘਰਾਂ ਨੂੰ ਆਪਸ ‘ਚ ਜੋੜਿਆ ਗਿਆ

ਹੁਸ਼ਿਆਰਪੁਰ / 24 ਮਈ / ਨਿਊ ਸੁਪਰ ਭਾਰਤ ਨਿਊਜ

ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਗਰਮੀਆਂ ਦੇ ਇਸ ਸੀਜ਼ਨ ਵਿੱਚ ਇਕ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਉਨਾਂ ਅੱਜ ਸ਼ਹਿਰ ਵਾਸੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ 66 ਕੇ.ਵੀ. 12.5 ਐਮ.ਵੀ.ਏ. ਸਬ-ਸਟੇਸ਼ਨ ਮਾਲ ਰੋਡ ਹੁਸ਼ਿਆਰਪੁਰ ਜਨਤਾ ਨੂੰ ਸਮਰਪਿਤ ਕਰ ਦਿੱਤਾ ਹੈ। ਇਸ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਜਿਥੇ ਗਰਮੀਆਂ ਵਿੱਚ ਹੁਣ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ, ਉਥੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਨਵੇਂ ਉਦਯੋਗਾਂ ਨੂੰ ਬਿਜਲੀ ਕੁਨੈਕਸ਼ਨ ਤੁਰੰਤ ਦਿੱਤੇ ਜਾ ਸਕਣਗੇ, ਜਿਸ ਨਾਲ ਇਲਾਕੇ ਦੀ ਤਰੱਕੀ ਵੀ ਹੋਵੇਗੀ।

ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਇਹ ਸਬ-ਸਟੇਸ਼ਨ ਬਣਨ ਨਾਲ ਹੁਸ਼ਿਆਰਪੁਰ ਪੰਜਾਬ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿਸ ਵਿੱਚ ਕਰੀਬ 22 ਕਰੋੜ ਦੀ ਲਾਗਤ ਨਾਲ 66 ਕੇ.ਵੀ. ਅੰਡਰ ਗਰਾਉਂਡ ਕੇਬਲ ਪਾ ਕੇ ਰਿੰਗ ਮੇਨ ਸਿਸਟਮ ਚਾਲੂ ਕਰਕੇ ਚਾਰ ਬਿਜਲੀ ਘਰਾਂ 66 ਕੇ.ਵੀ. ਮਾਲ ਰੋਡ-ਸਬ ਸਟੇਸ਼ਨ, 66 ਕੇ.ਵੀ. ਗਊਸ਼ਾਲਾ ਬਾਜ਼ਾਰ ਸਬ-ਸਟੇਸ਼ਨ, 66 ਕੇ.ਵੀ. ਸਰਕਲ ਆਫਿਸ ਸਬ ਸਟੇਸ਼ਨ ਅਤੇ 66 ਕੇ.ਵੀ. ਸਾਧੂ ਆਸ਼ਰਮ ਸਬ ਸਟੇਸ਼ਨ ਨੂੰ ਆਪਸ ਵਿੱਚ ਜੋੜਿਆ ਗਿਆ ਹੈ, ਤਾਂ ਜੋ ਕਿਸੇ ਵੀ ਸਬਸਟੇਸ਼ਨ ‘ਤੇ ਖਰਾਬੀ ਆਉਣ ‘ਤੇ ਸਪਲਾਈ ਦੂਸਰੇ ਪਾਸਿਓਂ ਚਲਾਈ ਜਾ ਸਕੇ ਅਤੇ  ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ।

ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਸ ਸਬ-ਸਟੇਸ਼ਨ ਦੇ ਸ਼ੁਰੂ ਹੋਣ ਨਾਲ ਹੁਸ਼ਿਆਰਪੁਰ ਸ਼ਹਿਰ ਦੇ 56155 ਖਪਤਕਾਰਾਂ, ਦੁਕਾਨਦਾਰਾਂ, ਵਪਾਰਕ ਸੰਸਥਾਵਾਂ ਨੂੰ ਵਧੀਆ ਬਿਜਲੀ ਸਪਲਾਈ ਮਿਲੇਗੀ ਅਤੇ ਫਾਲਟ ਆਉਣ ‘ਤੇ ਫੀਡਰ ਨਵੇਂ ਅਤੇ ਛੋਟੇ ਹੋਣ ਕਾਰਨ ਸਪਲਾਈ ਤੁਰੰਤ ਬਹਾਲ ਕੀਤੀ ਜਾ ਸਕੇਗੀ। ਇਸ ਦੌਰਾਨ ਉਨਾਂ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸੀ.ਐਮ.ਡੀ. ਇੰਜੀਨੀਅਰ ਬਲਦੇਵ ਸਰਾਂ, ਉਨਾਂ ਦੀ ਪੂਰੀ ਟੀਮ ਅਤੇ ਨਿਰਮਾਣ ਸੰਸਥਾ ਗਰਿੱਡ ਦਾ ਧੰਨਵਾਦ ਕੀਤਾ, ਜਿਨਾਂ ਦਿਨ-ਰਾਤ  ਮਿਹਨਤ ਕਰਕੇ ਇਸ ਗਰਮੀ ਦੇ ਸੀਜ਼ਨ ਵਿੱਚ ਇਹ ਅੰਡਰ ਗਰਾਉਂਡ 66 ਕੇ.ਵੀ. ਸਿਸਟਮ, ਬਿਜਲੀ ਘਰ ਅਤੇ ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੂਰਾ ਕਰਵਾਇਆ।

ਪਾਵਰ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਐਸ.ਈ. ਸ੍ਰੀ ਪੀ.ਐਸ. ਖਾਂਬਾ ਨੇ ਦੱਸਿਆ ਕਿ ਇਸ ਸਬ ਸਟੇਸ਼ਨ ਦੇ ਚਾਲੂ ਹੋਣ ‘ਤੇ ਪਹਿਲਾਂ ਕਰੀਬ 22500 ਖਪਤਕਾਰ ਨੂੰ ਇਕ ਫੀਡਰ ਰਾਹੀਂ 66 ਕੇ.ਵੀ. ਸਾਧੂ ਆਸ਼ਰਮ ਤੋਂ ਸਪਲਾਈ ਮਿਲਦੀ ਸੀ ਅਤੇ ਖਰਾਬੀ ਆਉਣ ਜਾਂ ਬੰਦ ਹੋਣ ‘ਤੇ ਕਰੀਬ ਅੱਧੇ ਹੁਸ਼ਿਆਰਪੁਰ ਦੀ ਬਿਜਲੀ ਬੰਦ ਹੋ ਜਾਂਦੀ ਸੀ, ਪਰੰਤੂ ਇਸ ਬਿਜਲੀ ਘਰ ਤੋਂ 5 ਨਵੇਂ ਫੀਡਰ ਚਾਲੂ ਕੀਤੇ ਗਏ ਹਨ, ਜਿਸ ਨਾਲ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਮਿਲੇਗੀ। ਇਸ ਮੌਕੇ ਐਕਸੀਅਨ ਸਿਟੀ ਇੰਜੀਨੀਅਰ ਮਨਰੂਪ ਸਿੰਘ, ਐਕਸੀਅਨ ਸਬ ਸਟੇਸ਼ਨ ਇੰਜੀਨੀਅਰ ਸ੍ਰੀ ਜਸਵਿੰਦਰ ਸਿੰਘ ਵਿਰਦੀ, ਪਾਵਰ ਕਾਰਪੋਰੇਸ਼ਨ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਸ੍ਰੀ ਸ਼ਾਦੀ ਲਾਲ, ਸ੍ਰੀ ਸੁਰਿੰਦਰ ਪਾਲ ਸਿੱਧੂ, ਸ੍ਰੀ ਦੀਪਕ ਪੁਰੀ, ਸ੍ਰੀ ਗੁਲਸ਼ਨ ਰਾਏ ਵੀ ਮੌਜੂਦ ਸਨ।

Leave a Reply

Your email address will not be published. Required fields are marked *