May 14, 2025

ਮਿਸ਼ਨ ਫਤਿਹ: ਕੋਵਿਡ ਸੰਕਟ ਵਿਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਵੱਲ ਮੋੜਾ ਕਟਿਆ **ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ 10 ਗੁਣਾ ਵਧਿਆ

0

*ਪਾਣੀ ਦੀ ਬਚਤ ਦੇ ਨਾਲ ਨਾਲ ਕਿਸਾਨਾਂ ਦੇ ਲਾਗਤ ਖਰਚੇ ਵੀ ਘਟਣਗੇ

ਬਠਿੰਡਾ / 9 ਜੂਨ / ਨਿਊ ਸੁਪਰ ਭਾਰਤ ਨਿਊਜ

ਕੋਵਿਡ ਸੰਕਟ ਦੇ ਇਸ ਦੌਰ ਵਿਚ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਰਗ ਦਰਸ਼ਨ ਵਿਚ ਬਠਿੰਡਵੀ ਕਿਸਾਨਾਂ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਵੱਲ ਮੋੜਾ ਕਟਦਿਆਂ ਪਿੱਛਲੇ ਸਾਲ ਦੇ ਮੁਕਾਬਲੇ 10 ਗੁਣਾ ਜਿਆਦਾ ਰਕਬੇ ਵਿਚ ਇਸ ਤੋਂ ਪਹਿਲਾਂ ਝੇਨੇ ਦੀ ਸਿੱਧੀ ਬਿਜਾਈ ਕਰ ਲਈ ਹੈ ਜਦ ਕਿ 15 ਤੋਂ 20 ਜੂਨ ਤੱਕ ਝੋਨੇ ਦੀ ਸਿੱਧੀ ਬਿਜਾਈ ਹਾਲੇ ਚੱਲਣੀ ਹੈ ਅਤੇ ਉਸਤੋਂ ਬਾਅਦ ਬਾਸਮਤੀ ਦੀ ਸਿੱਧੀ ਬਿਜਾਈ ਵੀ ਹੋਣੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ: ਬਹਾਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਲੇਬਰ ਦੀ ਘਾਟ ਦੇ ਮੱਦੇਨਜਰ ਜ਼ਿਲੇ ਦੇ ਕਿਸਾਨਾਂ ਨੇ ਇਸ ਤਕਨੀਕ ਨੂੰ ਅਪਨਾਇਆ ਜੋ ਕਿ ਧਰਤੀ ਹੇਠਲੇ ਪਾਣੀ ਦੀ ਬਚਤ ਦੇ ਨਾਲ ਨਾਲ ਕਿਸਾਨਾਂ ਦੇ ਖੇਤੀ ਖਰਚੇ ਵੀ ਘੱਟ ਹੋਣਗੇ।

ਉਨਾਂ ਨੇ ਦੱਸਿਆ ਕਿ ਪਿੱਛਲੇ ਸਾਲ ਜ਼ਿਲੇ ਵਿਚ 2200 ਹੈਕਟੇਅਰ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ ਜਦ ਕਿ ਇਸ ਵਾਰ ਇਸ ਤੋਂ ਪਹਿਲਾਂ 22 ਹਜਾਰ ਹੈਕਟੇਅਰ ਵਿਚ ਝੋਨੇ ਦੀ ਸਿੱਧੀ ਬਿਜਾਈ ਹੋ ਚੁੱਕੀ ਹੈ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਦੇ ਪਿੰਡ ਕੋਟ ਸ਼ਮੀਰ ਅਤੇ ਘੁੰਮਣ ਕਲਾਂ ਦੇ ਕਿਸਾਨ ਤਾਂ ਪਹਿਲਾਂ ਤੋਂ ਇਸ ਤਕਨੀਕ ਨਾਲ ਝੋਨਾ ਲਾਉਂਦੇ ਆ ਰਹੇ ਸਨ ਪਰ ਇਸ ਸਾਲ ਵਿਆਪਕ ਪੱਧਰ ਤੇ ਕਿਸਾਨਾਂ ਵਿਚ ਇਹ ਤਕਨੀਕ ਲੋਕਪਿ੍ਰਆ ਹੋਈ ਹੈ। ਉਨਾਂ ਨੇ ਇਸ ਤਕਨੀਕ ਦੇ ਲਾਭ ਦੱਸਦਿਆਂ ਕਿਹਾ ਕਿ ਇਸ ਨਾਲ ਪਾਣੀ ਦੀ 30 ਫੀਸਦੀ ਬਚਤ ਹੁੰਦੀ ਹੈ ਜੋ ਕਿ ਬਹੁਤ ਹੀ ਅਹਿਮ ਹੈ। ਇਸ ਤੋਂ ਬਿਨਾਂ ਕਿਸਾਨਾਂ ਦਾ ਪ੍ਰਤੀ ਏਕੜ 6000 7000 ਰੁਪਏ ਦੀ ਬਚਤ ਲਾਗਤ ਖਰਚੇ ਵਿਚ ਕਮੀ ਹੋਣ ਨਾਲ ਹੁੰਦੀ ਹੈ।

ਇਸ ਸਬੰਧੀ ਆਰਥਿਕ ਆਂਕੜੇ ਸਾਂਝੇ ਕਰਦਿਆਂ ਉਨਾਂ ਨੇ ਕਿਹਾ ਕਿ ਪ੍ਰਤੀ ਏਕੜ ਪਨੀਰੀ ਨਾ ਉਗਾਉਣ ਤੇ 100 ਰੁਪਏ, ਲਵਾਈ ਦੇ 4000 ਰੁਪਏ ਅਤੇ ਕੱਦੂ ਕਰਨ ਤੇ ਖਰਚ ਹੁੰਦੇ 1500 ਰੁਪਏ ਪ੍ਰਤੀ ਏਕੜ ਦੀ ਬਚਤ ਹੁੰਦੀ ਹੈ। ਉਨਾਂ ਨੇ ਕਿਹਾ ਕਿ ਇਸ ਤਕਨੀਕ ਨਾਲ ਬੀਜੇ ਝੋਨੇ ਦਾ ਝਾੜ ਆਮ ਝੋਨੇ ਜਿੰਨਾਂ ਹੀ ਹੁੰਦਾ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਉਹ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਇਸ ਤਕਨੀਕ ਨਾਲ ਕਰਨ। ਉਨਾਂ ਨੇ ਕਿਹਾ ਕਿ ਇਸ ਤਕਨੀਕ ਵਿਚ ਨਦੀਨਾਂ ਦੀ ਰੋਕਥਾਮ ਸਹੀ ਸਮੇਂ ਤੇ ਕਰਨੀ ਜਰੂਰੀ ਹੁੰਦੀ ਹੈ। ਇਸ ਲਈ ਵਿਭਾਗ ਲਗਾਤਾਰ ਨੁੱਕੜ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ। ਉਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਇਸ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਕਿਸਾਨ ਵਿਭਾਗ ਨਾਲ ਰਾਬਤਾ ਕਰਨ।

Leave a Reply

Your email address will not be published. Required fields are marked *