ਸਫਾਈ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਰਾਣੇ ਨਗਰ ਪ੍ਰੀਸ਼ਦ ਦਫ਼ਤਰ ਦੇ ਬਾਹਰ ਲਗਾਈ ਗਈ ਆਟੋ ਸੈਨੇਟਾਈਜੇਸ਼ਨ ਮਸ਼ੀਨ
*ਕੈਬਨਿਟ ਮੰਤਰੀ ਅਰੋੜਾ ਨੇ ਕਰਵਾਈ ਮਸ਼ੀਨ ਦੀ ਸ਼ੁਰੂਆਤ **ਕਿਹਾ, ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਾਲੇ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਲਈ ਕੀਤਾ ਗਿਆ ਹੈ ਯਤਨ
ਹੁਸ਼ਿਆਰਪੁਰ / 11 ਅਪ੍ਰੈਲ / ਏਨ ਏਸ ਬੀ ਨਿਉਜ
ਕੋਰੋਨਾ ਵਾਇਰਸ ਖਿਲਾਫ਼ ਪੰਜਾਬ ਸਰਕਾਰ ਦੁਆਰਾ ਲੜੀ ਜਾ ਰਹੀ ਜੰਗ ਵਿੱਚ ਸਫਾਈ ਕਰਮਚਾਰੀਆਂ ਦਾ ਇਕ ਅਹਿਮ ਯੋਗਦਾਨ ਹੈ, ਜਿਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਹੈ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਪੁਰਾਣੇ ਨਗਰ ਪ੍ਰੀਸ਼ਦ ਦਫ਼ਤਰ ਦੇ ਬਾਹਰ ਸਫਾਈ ਕਰਮਚਾਰੀਆਂ ਲਈ ਲਗਾਈ ਆਟੋ ਸੈਨੇਟਾਈਜੇਸ਼ਨ ਮਸ਼ੀਨ ਦੀ ਸ਼ੁਰੂਆਤ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਆਟੋ ਬਾਡੀ ਸੈਨੇਟਾਈਜੇਸ਼ਨ ਨਗਰ ਨਿਗਮ ਹੁਸ਼ਿਆਰਪੁਰ ਦਾ ਇਕ ਵਧੀਆ ਯਤਨ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਸਫਾਈ ਕਰਮਚਾਰੀ ਸਾਡੀ ਸੁਰੱਖਿਆ ਲਈ ਦਿਨ-ਰਾਤ ਸੇਵਾ ਕਰਦੇ ਹਨ, ਇਸ ਸਮੇਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਸੀ ਅਸੀਂ ਵੀ ਉਨਾਂ ਦੀ ਸੁਰੱਖਿਆ ਲਈ ਕੁਝ ਕਰੀਏ ਅਤੇ ਇਹ ਆਟੋ ਬਾਡੀ ਸੈਨੇਟਾਈਜਰ ਉਸੇ ਦਾ ਨਤੀਜਾ ਹੈ। ਉਨਾਂ ਕਿਹਾ ਕਿ ਸਵੇਰੇ ਸਫਾਈ ਕਰਮਚਾਰੀ ਦਫ਼ਤਰ ਜਾਣ ਤੋਂ ਪਹਿਲਾਂ ਅਤੇ ਦਫ਼ਤਰ ਤੋਂ ਆਉਣ ਤੋਂ ਬਾਅਦ ਇਸ ਆਟੋ ਸੈਨੇਟਾਈਜੇਸ਼ਨ ਮਸ਼ੀਨ ਵਿੱਚ ਖੁੱਦ ਨੂੰ ਸੈਨੇਟਾਈਜ ਕਰ ਸਕਣਗੇ। ਉਨਾਂ ਦੱਸਿਆ ਕਿ ਇਸ ਮਸ਼ੀਨ ਦੇ ਬਾਹਰ ਆਟੋਮੈਟਿਕ ਵਾਸ਼ ਬੇਸਨ ਲੱਗਿਆ ਹੈ, ਜਿਥੇ ਸਫਾਈ ਨਲ ਨੂੰ ਹੱਥ ਲਾਏ ਬਗੈਰ ਹੀ ਆਪਣੇ ਅੱਥ ਸਾਫ ਕਰ ਸਕਦੇ ਹਨ ਅਤੇ ਬਾਅਦ ਵਿੱਚ ਉਹ ਮਸ਼ੀਨ ਵਿੱਚ ਖੁੱਦ ਨੂੰ ਸੈਨੇਟਾਈਜ਼ ਕਰ ਸਕਣਗੇ।

ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਹੁਸ਼ਿਆਰਪੁਰ ਬਚਿਆ ਹੋਇਆ ਹੈ, ਜਿਸ ਵਿੱਚ ਸਫਾਈ ਕਰਮਚਾਰੀਆਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ। ਉਨਾਂ ਕਿਹਾ ਕਿ ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਸਫਾਈ ਕਰਮਚਾਰੀਆਂ ਦੀ ਜ਼ਿੰਮੇਵਾਰੀ ਲਗਾਤਾਰ ਵੱਧ ਰਹੀ ਹੈ। ਉਨਾਂ ਕਿਹਾ ਕਿ ਸਫਾਈ ਸੇਵਕਾਂ ਦਾ ਤੰਦਰੁਸਤ ਸਮਾਜ ਨਿਰਮਾਣ ਵਿੱਚ ਅਹਿਮ ਯੋਗਦਾਨ ਹੁੰਦਾ ਹੈ ਅਤੇ ਪੈਦਾ ਹੋਏ ਮੌਜੂਦਾ ਹਾਲਾਤ ਵਿੱਚ ਸਫਾਈ ਸੇਵਕਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਸ਼ਲਾਘਾਯੋਗ ਹੈ।
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਹਰ ਵਿਅਕਤੀ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਉਨਾਂ ਕਿਹਾ ਕਿ ਜੇਕਰ ਮਾਸਕ ਉਪਲਬੱਧ ਨਹੀਂ ਹਨ, ਤਾਂ ਰੁਮਾਲ, ਦੁਪੱਟੇ ਆਦਿ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਹਾਲਾਤ ਨਾਲ ਨਿਪਟਣ ਲਈ ਪੁਰੀ ਤਰਾਂ ਤਿਆਰ ਹੈ। ਉਨਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਹੀ ਕਰਫ਼ਿਊ ਲਗਾਇਆ ਗਿਆ ਹੈ, ਜਿਸ ਦੇ ਚਲਦੇ ਸੂਬਾ ਸਰਕਾਰ ਘਰਾਂ ਵਿੱਚ ਹੀ ਜ਼ਰੂਰੀ ਵਸਤਾਂ ਅਤੇ ਦਵਾਈਆਂ ਪਹੁੰਚਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸਰਕਾਰ ਵਲੋਂ ਪੈਦਾ ਹੋਏ ਐਸੇ ਨਾਜ਼ੁਕ ਹਾਲਾਤ ਵਿੱਚ ਜ਼ਰੂਰਤਮੰਦਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਬਲਵੀਰ ਰਾਜ ਸਿੰਘ ਤੋਂ ਇਲਾਵਾ ਨਿਗਮ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।