ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ‘ਇਕਾਂਤਵਾਸ’ ਨੇਮਾਂ ਦਾ ਪਾਲਣ ਕਰਨਾ ਜ਼ਰੂਰੀ- ਐਸ ਡੀ ਐਮ ਕੰਨੂ ਗਰਗ

*ਇਕਾਂਤਵਾਸ ਤੋੜ ਕੇ ਬਾਹਰ ਘੁੰਮਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤੀ
ਸ਼੍ਰੀ ਅਨੰਦਪੁਰ ਸਾਹਿਬ / 9 ਜੂਨ / ਨਿਊ ਸੁਪਰ ਭਾਰਤ ਨਿਊਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਖ਼ਿਲਾਫ਼ ਮੁਹਿੰਮ ਨੂੰ ਅੱਗੇ ਲਿਜਾਣ ਲਈ ਜਾਰੀ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ‘ਇਕਾਂਤਵਾਸ’ ਨੇਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ, ਕਿਉਂ ਜੋ ਬਿਮਾਰੀ ਨੂੰ ਇੱਕ ਥਾਂ ’ਤੇ ਹੀ ਰੋਕਣ ਲਈ ਬਾਹਰੋਂ ਆਉਣ ਵਾਲੇ ਵਿਅਕਤੀ ਦਾ ਇਕਾਂਤਵਾਸ ਜ਼ਰੂਰੀ ਹੈ।
ਇਹ ਪ੍ਰਗਟਾਵਾ ਕਰਦਿਆਂ ਐਸ ਡੀ ਐਮ ਨਵਾਂਸ਼ਹਿਰ ਕੰਨੂ ਗਰਗ ਨੇ ਅੱਜ ਇੱਥੇ ਦੱਸਿਆ ਕਿ ਸਬ ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਮੁਕਤ ਬਣਾਉਣ ਲਈ ਜਿੱਥੇ ‘ਇਕਾਂਤਵਾਸ’ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ, ਉੱਥੇ ਅਜਿਹੇ ਵਿਅਕਤੀਆਂ ਨੂੰ ਘਰੇਲੂ ਇਕਾਂਤਵਾਸ ਤੋਂ ਬਾਹਰ ਆਉਣ ’ਤੇ ਮੁੜ ਤੋਂ ਉਨੇ ਦਿਨ ਲਈ ‘ਸਟੇਟ ਇਕਾਂਤਵਾਸ’ ’ਚ ਰਹਿਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਅੱਜ ਸਬੰਧਤ ਅਧਿਕਾਰੀਆਂ ਨੂੰ ਜਿੱਥੇ ਅਜਿਹੇ ਇਕਾਂਤਵਾਸ ਭੰਗ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਉੱਥੇ ਸਬੰਧਤ ਬੀ ਡੀ ਪੀ ਓਜ਼ ਅਤੇ ਸੀ ਡੀ ਪੀ ਓਜ਼ ਨੂੰ ਵਿਸ਼ੇਸ਼ ਤੌਰ ’ਤੇ ਅਜਿਹੇ ਇਕਾਂਤਵਾਸ ਕੀਤੇ ਵਿਅਕਤੀ ਦੀ ਸੂਚਨਾ ਉਨ੍ਹਾਂ ਨੂੰ ਜਾਂ ਸਿੱਧੇ ਤੌਰ ’ਤੇ ਪੁਲਿਸ ਨੂੰ ਦੇ ਕੇ ਬਣਦੀ ਕਾਰਵਾਈ ਕਰਵਾਉਣ ਲਈ ਕਿਹਾ ਗਿਆ ਹੈ।
ਉੱਪ ਮੰਡਲ ਮੈਜਿਸਟ੍ਰੇਟ ਅਨੁਸਾਰ ਮੁੱਖ ਸਕੱਤਰ ਪੰਜਾਬ ਵੱਲੋਂ ਕੀਤੀ ਗਈ ਵੀਡਿਓ ਕਾਨਫ਼ਰੰਸਿੰਗ ਦੌਰਾਨ ਵੀ ਇਕਾਂਤਵਾਸ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਆਦੇਸ਼ ਦਿੰਦਿਆਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਉਣ ਲਈ ਆਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਜਿਥੇ ਇਕਾਂਤਵਾਸ ਕੀਤੇ ਵਿਅਕਤੀ ਮਿਸ਼ਨ ਫ਼ਤਹਿ ਦੀ ਕਾਮਯਾਬੀ ਲਈ ਆਪਣਾ ਸਹਿਯੋਗ ਦੇ ਕੇ ਉਲੰਘਣਾ ਨਾ ਕਰਨ ਉਥੇ ਆਮ ਨਾਗਰਿਕ ਵੀ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਮਿਲਣ ਤੋਂ ਗੁਰੇਜ਼ ਕਰਨ।