Site icon NewSuperBharat

ਹਸਪਤਾਲਾਂ ਵਿਚ ਆਕਸੀਜਨ ਅਤੇ ਬੈਡਾਂ ਦੀ ਕੋਈ ਕਮੀ ਨਹੀਂ- ਸੋਨੀ

ਕੋਰੋਨਾ ਦੀ ਮੌਜੂਦਾ ਸਥਿਤੀ ਉਤੇ ਜਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸ੍ਰੀ ਓ ਪੀ ਸੋਨੀ

*ਪੰਜਾਬ ਵਿਚ ਰੋਜ਼ਾਨਾ ਹੋ ਰਹੇ ਹਨ 30 ਹਜ਼ਾਰ ਵਿਅਕਤੀਆਂ ਦੇ ਕੋਰੋਨਾ ਟੈਸਟ

ਅੰਮ੍ਰਿਤਸਰ / 25 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਜਿਲੇ ਵਿਚ ਕੋਰੋਨਾ ਦੀ ਮੌਜੂਦਾ ਸਥਿਤੀ ਉਤੇ ਜਿਲਾ ਪ੍ਰਸ਼ਾਸਨ ਨਾਲ ਮੀਟਿੰਗ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਮੌਜੂਦਾ ਪ੍ਰਬੰਧਾਂ ਉਤੇ ਤਸੱਲੀ ਪ੍ਰਗਟਾਉਂਦੇ ਆਉਣ ਵਾਲੇ ਦਿਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਡੇਂਗੂ ਦੀ ਰੋਕਥਾਮ ਲਈ ਪੁਖ਼ਤਾ ਪ੍ਰਬੰਧ ਵੀ ਕਰਨ ਦੀ ਹਦਾਇਤ ਕੀਤੀ। ਸ੍ਰੀ ਸੋਨੀ ਨੇ ਦੱਸਿਆ ਕਿ ਸਾਰੇ ਪੰਜਾਬ ਵਿਚ 30 ਹਜ਼ਾਰ ਦੇ ਕਰੀਬ ਵਿਅਕਤੀਆਂ ਦੇ ਰੋਜ਼ਾਨਾ ਕੋਵਿਡ-19 ਸਬੰਧੀ ਟੈਸਟ ਕੀਤੇ ਜਾ ਰਹੇ ਹਨ, ਜਿਸ ਵਿਚੋਂ ਇਕੱਲੇ ਅੰਮ੍ਰਿਤਸਰ ਵਿਚ 3500 ਦੇ ਨੇੜੇ ਟੈਸਟ ਹੋ ਰਹੇ ਹਨ। ਉਨਾਂ ਕੋਵਿਡ-19 ਦੇ ਟੈਸਟ ਅਤੇ ਇਲਾਜ ਕਰ ਰਹੇ ਡਾਕਟਰਾਂ ਅਤੇ ਹੋਰ ਅਮਲੇ ਦੀ ਪਿਠ ਥਾਪੜਦੇ ਕਿਹਾ ਕਿ ਇੰਨਾਂ ਦੀ ਬਦੌਲਤ ਹੀ ਅਸੀਂ ਕੋਰੋਨਾ ਉਤੇ ਫਤਹਿ ਪਾਉਣ ਵੱਲ ਵੱਧ ਰਹੇ ਹਾਂ। ਉਨਾਂ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਕਰਮਚਾਰੀਆਂ ਦੇ ਕੋਰੋਨਾ ਟੈਸਟ ਕਰਵਾਉਣ ਦੀ ਕੀਤੀ ਪਹਿਲ ਦੀ ਸਰਾਹਨਾ ਕਰਦੇ ਉਹ ਸਥਾਨ ਜਿੱਥੇ ਲੋਕਾਂ ਦਾ ਜ਼ਿਆਦਾ ਵਾਹ-ਵਾਸਤਾ ਪੈਂਦਾ ਹੈ, ਦੇ ਸਟਾਫ ਦੇ ਵੀ ਟੈਸਟ ਕਰਨ ਲਈ ਕਿਹਾ।  ਸ੍ਰੀ ਸੋਨੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਰੋਨਾ ਵਾਰਡ ਵਿਚ ਬੈਡਾਂ ਦੀ ਗਿਣਤੀ ਵਧਾ ਦਿੱਤੀ ਹੈ, ਪਰ ਸੰਤਸ਼ੁਟੀ ਵਾਲੀ ਗੱਲ ਹੈ ਕੇਸ ਘਟਣ ਕਾਰਨ ਬੈਡਾਂ ਦੀ ਲੋੜ ਘਟ ਹੋਈ ਹੈ। ਉਨਾਂ ਕਿਹਾ ਕਿ ਇਸ ਵੇਲੇ ਹਸਪਤਾਲ ਵਿਚ ਆਕਸੀਜਨ ਅਤੇ ਬੈਡਾਂ ਦੀ ਕੋਈ ਕਮੀ ਨਹੀਂ ਹੈ। ਸ੍ਰੀ ਸੋਨੀ ਨੇ ਬਦਲ ਰਹੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਡੇਂਗੂ ਦੀ ਰੋਕਥਾਮ ਕਰਨ ਲਈ ਵੀ ਜ਼ਰੂਰੀ ਕਦਮ ਚੁੱਕਣ ਦੀ ਹਦਾਇਤ ਵੀ ਕੀਤੀ।

     ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਹਿਲਾਂ ਜੋ ਟੈਸਟ 2000 ਤੋਂ ਵੀ ਘੱਟ ਹੋ ਰਹੇ ਸਨ, ਉਹ ਹੁਣ ਵੱਧ ਕੇ 3500 ਦੇ ਨੇੜੇ ਹੋ ਚੁੱਕੇ ਹਨ, ਪਰ ਰੋਜ਼ਾਨਾ ਪਾਜ਼ੀਟਵ ਕੇਸਾਂ ਦੀ ਗਿਣਤੀ ਜੋ ਕਿ 400 ਤੋਂ ਟੱਪ ਚੁੱਕੀ ਸੀ, ਵੀ ਬੀਤੇ ਦੋ ਦਿਨਾਂ ਤੋਂ ਘਟੀ ਹੈ, ਜੋ ਕਿ ਚੰਗਾ ਸੰਕੇਤ ਹੈ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਟੈਸਟਾਂ ਦੀ ਗਿਣਤੀ 5000 ਰੋਜ਼ਾਨਾ ਕੀਤੀ ਜਾਵੇ। ਸ. ਖਹਿਰਾ ਨੇ ਟੈਸਟਾਂ ਲਈ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਜੇਕਰ ਲੋਕਾਂ ਦਾ ਇਸੇ ਤਰਾਂ ਸਾਥ ਮਿਲਦਾ ਰਿਹਾ ਤਾਂ ਅਸੀਂ ਛੇਤੀ ਹੀ ਜਿਲੇ ਵਿਚੋਂ ਕੋਰੋਨਾ ਨੂੰ ਖਤਮ ਕਰ ਦਿਆਂਗੇ। ਉਨਾਂ ਦੱਸਿਆ ਕਿ ਰਿਕਵਰੀ ਰੇਟ ਵਿਚ ਵੀ ਅੱਗੇ ਨਾਲੋਂ ਸੁਧਾਰ ਹੋਇਆ ਹੈ।

        ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਪ੍ਰਿੰਸੀਪਲ ਸ੍ਰੀ ਰਾਜੀਵ ਦੇਵਗਨ, ਡਾ. ਅਮਰਜੀਤ ਸਿੰਘ, ਡਾ. ਮਦਨ ਮੋਹਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Exit mobile version